ਲੁਧਿਆਣਾ (ਹਿਤੇਸ਼) : ਸਾਬਕਾ ਮੰਤਰੀ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ’ਚ ਜਾਣ ਦੀ ਚਰਚਾ ਤੋਂ ਬਾਅਦ ਕਾਂਗਰਸ ਦੇ ਨਾਲ ਅਕਾਲੀ-ਭਾਜਪਾ 'ਚ ਵੀ ਹਫੜਾ-ਦਫੜੀ ਮਚ ਗਈ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪਿਛਲੇ ਸਾਲ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਵਾਪਸ ਲਏ ਜਾਣ ਦੇ ਵਿਰੋਧ 'ਚ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਗਾਇਬ ਹੀ ਚੱਲ ਰਹੇ ਹਨ। ਹਾਲਾਂਕਿ ਉਨ੍ਹਾਂ ਵੱਲੋਂ ਯੂ-ਟਿਊਬ ਚੈਨਲ ਰਾਹੀਂ ਆਪਣੀ ਗੱਲ ਜਨਤਾ ਦੇ ਪਲੇਟਫਾਰਮ ’ਤੇ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਦੌਰਾਨ ਲੋੜਵੰਦਾਂ ਦੀ ਮਦਦ ਲਈ ਵੀ ਸਾਹਮਣੇ ਆਏ ਹਨ। ਇਸੇ ਦੌਰਾਨ ਸਿੱਧੂ ਦੇ ‘ਆਪ’ 'ਚ ਜਾਣ ਦੀ ਚਰਚਾ ਨੇ ਜ਼ੋਰ ਫੜ੍ਹ ਲਿਆ ਅਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਉਨ੍ਹਾਂ ਦਾ ਸਵਾਗਤ ਕਰ ਕੇ ਸਿਆਸੀ ਗਲਿਆਰਿਆਂ 'ਚ ਹਲਚਲ ਪੈਦਾ ਕਰ ਦਿੱਤੀ ਗਈ ਹੈ।
ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਹਨ ਕਿ ਜੇਕਰ ਸਿੱਧੂ ‘ਆਪ’ ਦਾ ਚਿਹਰਾ ਬਣਦੇ ਹਨ ਤਾਂ ਉਸ ਨੂੰ ਪੰਜਾਬ 'ਚ ਫਾਇਦਾ ਹੋਵੇਗਾ, ਜਿਸ ਨੂੰ ਲੈ ਕੇ ਕਾਂਗਰਸ ਹਾਈਕਮਾਨ ਕੋਲ ਫੀਡਬੈਕ ਪੁੱਜ ਗਿਆ ਹੈ ਕਿ ਸਿੱਧੂ ਦੇ ‘ਆਪ’ 'ਚ ਜਾਣ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ। ਉਧਰ, ਸਿੱਧੂ ਦੇ ਅਗਲੇ ਸਿਆਸੀ ਕਦਮ ਸਬੰਧੀ ਅਕਾਲੀ-ਭਾਜਪਾ 'ਚ ਵੀ ਹਫੜਾ-ਦਫੜੀ ਮਚ ਗਈ ਹੈ ਕਿਉਂਕਿ ‘ਆਪ’ ਸ਼ੁਰੂ ਤੋਂ ਦੋਸ਼ ਲਗਾ ਰਹੀ ਹੈ ਕਿ ਉਸ ਨੂੰ ਪੰਜਾਬ ਦੀ ਸੱਤਾ ਤੋਂ ਦੂਰ ਰੱਖਣ ਲਈ ਅਕਾਲੀ-ਭਾਜਪਾ ਵੱਲੋਂ ਕਾਂਗਰਸ ਦੀ ਮਦਦ ਕੀਤੀ ਗਈ ਸੀ। ਹੁਣ ਵੀ ਅਕਾਲੀ-ਭਾਜਪਾ ਦੇ ਰਣਨੀਤੀਕਾਰ ‘ਆਪ’ ਦੀ ਪੰਜਾਬ 'ਚ ਐਂਟਰੀ ਰੋਕਣ ਲਈ ਸਿੱਧੂ ਦੀਆਂ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖ ਰਹੇ ਹਨ, ਜਿਸ ਦਾ ਕਾਰਨ ਇਹ ਹੈ ਕਿ ਸਿੱਧੂ ਦੇ ‘ਆਪ’ 'ਚ ਜਾਣ ਨਾਲ ਪੰਜਾਬ ਦੀ ਸੱਤਾ 'ਚ ਵਾਪਸੀ ਦੇ ਅਕਾਲੀ-ਭਾਜਪਾ ਦੇ ਸੁਪਨੇ ਨੂੰ ਗ੍ਰਹਿਣ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਤੇਜ਼ੀ ਨਾਲ ਫੈਲ ਰਿਹੈ 'ਕੋਰੋਨਾ', ਹੁਣ ਇਸ ਸੈਕਟਰ 'ਚ ਦਿੱਤੀ ਦਸਤਕ
ਆਸ਼ਾ ਕੁਮਾਰੀ ਨਾਲ ਮੀਟਿੰਗ ’ਚ ਹੋਵੇਗਾ ਵਿਚਾਰ-ਵਟਾਂਦਰਾ
ਕਾਂਗਰਸ ਵੱਲੋਂ ਸਪੀਕ ਅਪ ਇੰਡੀਆ ਦੀ ਐੱਨ. ਆਰ. ਆਈ. ਮੁਹਿੰਮ ਦੀ ਸ਼ੁਰੂਆਤ 'ਚ ਸ਼ਾਮਲ ਹੋਣ ਦੀ ਸੂਚਨਾ ਜਾਰੀ ਕਰ ਕੇ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਸਿੱਧੂ ਵੱਲੋਂ ਪਾਰਟੀ ਨੂੰ ਨਹੀਂ ਛੱਡਿਆ ਜਾ ਰਿਹਾ। ਇਸੇ ਤਰ੍ਹਾਂ ਕੈਬਨਿਟ 'ਚ ਫੇਰਬਦਲ ਦੇ ਮੁੱਦੇ ’ਤੇ ਵੀਰਵਾਰ ਨੂੰ ਆਸ਼ਾ ਕੁਮਾਰੀ ਨਾਲ ਚੰਡੀਗੜ੍ਹ 'ਚ ਹੋਣ ਵਾਲੀ ਪੰਜਾਬ ਦੇ ਆਗੂਆਂ ਦੀ ਬੈਠਕ ਦੌਰਾਨ ਵੀ ਸਿੱਧੂ ਬਾਰੇ ਵਿਚਾਰ-ਚਰਚਾ ਹੋਣ ਦੀ ਸੂਚਨਾ ਹੈ ਕਿਉਂਕਿ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਲਈ ਸੁਨੀਲ ਜਾਖੜ ਅਹੁਦਾ ਛੱਡਣ ਦੀ ਪੇਸ਼ਕਸ਼ ਕਰ ਚੁੱਕੇ ਹਨ ਅਤੇ ਸਿੱਧੂ ਨੂੰ ਕਾਂਗਰਸ ਦਾ ਰਾਸ਼ਟਰੀ ਜਨਰਲ ਸਕੱਤਰ ਬਣਾਉਣ ਦੀਆਂ ਗੱਲਾਂ ਸੁਣਨ ਨੂੰ ਮਿਲ ਚੁੱਕੀਆਂ ਹਨ।
ਢੀਂਡਸਾ ਅਤੇ ਬ੍ਰਹਮਪੁਰਾ ਵੱਲੋਂ ਵੀ ਕੀਤੀ ਗਈ ਹੈ ਪੇਸ਼ਕਸ਼
ਆਮ ਆਦਮੀ ਪਾਰਟੀ ਤੋਂ ਇਲਾਵਾ ਪਰਮਿੰਦਰ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਵੀ ਸਿੱਧੂ ਨੂੰ ਆਪਣੇ ਗਰੁੱਪ ਦਾ ਲੀਡਰ ਬਣਨ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਅਕਾਲੀ ਦਲ ਦੀ ਪਰੇਸ਼ਾਨੀ 'ਚ ਇਜ਼ਾਫਾ ਹੋਣਾ ਸੁਭਾਵਕ ਹੈ।
ਕੀ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਵਾਪਸ ਦੇਣ ’ਤੇ ਰਾਜ਼ੀ ਹੋਣਗੇ ਕੈਪਟਨ
ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਦੀ ਸ਼ਰਤ ’ਤੇ ਕਾਂਗਰਸ 'ਚ ਸ਼ਾਮਲ ਹੋਣ ਦੇ ਚਰਚੇ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਸੁਪਨਾ ਸੱਚ ਨਹੀਂ ਹੋਣ ਦਿੱਤਾ। ਹਾਲਾਂਕਿ ਸਿੱਧੂ ਨੂੰ ਸਭ ਤੋਂ ਵੱਡਾ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਮਿਲ ਗਿਆ ਪਰ ਉਸ ਦੇ ਕੰਮ-ਕਾਜ ਸਬੰਧੀ ਹਰ ਰੋਜ਼ ਦੋਵਾਂ 'ਚ ਮਤਭੇਦ ਉਜਾਗਰ ਹੁੰਦੇ ਰਹੇ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਕੈਪਟਨ ਨੇ ਬਿਹਤਰ ਪ੍ਰਦਰਸ਼ਨ ਨਾ ਹੋਣ ਦੀ ਗੱਲ ਕਹਿ ਕੇ ਸਿੱਧੂ ਨੂੰ ਬਿਜਲੀ ਮਹਿਕਮਾ ਦੇ ਦਿੱਤਾ ਪਰ ਸਿੱਧੂ ਆਪਣਾ ਮਹਿਕਮਾ ਹੀ ਵਾਪਸ ਲੈਣ ਦੀ ਜ਼ਿੱਦ ’ਤੇ ਅੜ੍ਹੇ ਰਹੇ ਅਤੇ ਕੈਬਨਿਟ ਤੋਂ ਕਿਨਾਰਾ ਕਰ ਲਿਆ। ਹੁਣ ਹਾਈਕਮਾਨ ਦੇ ਦਬਾਅ 'ਚ ਕੈਪਟਨ ਨੇ ਇਹ ਕਹਿ ਦਿੱਤਾ ਹੈ ਕਿ ਸਿੱਧੂ ਕਾਂਗਰਸ 'ਚ ਹੀ ਹੈ ਅਤੇ ਉਨ੍ਹਾਂ ਨਾਲ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਸਿੱਧੂ ਨੂੰ ‘ਆਪ’ 'ਚ ਜਾਣ ਤੋਂ ਰੋਕਣ ਲਈ ਕੈਪਟਨ ਉਨ੍ਹਾਂ ਨੂੰ ਵਾਪਸ ਕੈਬਨਿਟ 'ਚ ਲੈਣ ’ਤੇ ਸਹਿਮਤ ਹੋ ਗਏ ਹਨ ਪਰ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਵਾਪਸ ਦੇਣ ਬਾਰੇ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਉੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸ਼ਹੀਦ ਮਨਦੀਪ, ਅੱਜ ਜੱਦੀ ਪਿੰਡ ਪੁੱਜੇਗੀ ਮ੍ਰਿਤਕ ਦੇਹ
NEXT STORY