ਜਲੰਧਰ(ਖੁਰਾਣਾ)— ਕਾਂਗਰਸ ਨੂੰ ਸੱਤਾ ਸੰਭਾਲਿਆਂ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਤੇ ਕੁਝ ਸਮੇਂ ਬਾਅਦ ਹੀ ਸੂਬੇ ਵਿਚ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਅਜੇ ਤਕ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਵਿਕਾਸ ਕਾਰਜਾਂ ਨੂੰ ਸ਼ੁਰੂ ਨਹੀ ਕਰਵਾ ਸਕੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 2016 ਵਿਚ ਸੂਬੇ ਦੇ ਤਮਾਮ ਵੱਡੇ ਸ਼ਹਿਰਾਂ ਨੂੰ ਵਿਕਾਸ ਲਈ ਗਰਾਂਟਾਂ ਦੇ ਗੱਫੇ ਜਾਰੀ ਕੀਤੇ ਸਨ। ਜਿਨ੍ਹਾਂ ਦੇ ਆਧਾਰ 'ਤੇ ਜਲੰਧਰ ਵਿਚ ਵੀ 600 ਦੇ ਕਰੀਬ ਸੜਕਾਂ ਬਣਨ ਦੀ ਉਮੀਦ ਜਾਗੀ ਸੀ। ਅਚਾਨਕ ਏਨੇ ਵੱਡੇ ਪੈਮਾਨੇ 'ਤੇ ਵਿਕਾਸ ਕਾਰਜ ਸ਼ੁਰੂ ਹੋਣ ਕਾਰਨ ਠੇਕੇਦਾਰ ਅਤੇ ਅਧਿਕਾਰੀ ਜ਼ਿਆਦਾਤਰ ਕੰਮ ਸ਼ੁਰੂ ਨਹੀਂ ਕਰਵਾ ਸਕੇ। ਕਾਂਗਰਸ ਨੇ ਪੰਜਾਬ ਦੀ ਸੱਤਾ ਸੰਭਾਦਿਆਂ ਹੀ ਅਕਾਲੀ-ਭਾਜਪਾ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ 'ਤੇ ਬਰੇਕ ਲਾ ਦਿੱਤੀ ਅਤੇ ਇਨ੍ਹਾਂ ਨੂੰ ਰੀਵਿਊ ਕਰਨ ਦਾ ਐਲਾਨ ਕੀਤਾ ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਸ਼ਹਿਰ ਦੇ ਵਿਕਾਸ ਕਾਰਜ ਲਟਕੇ ਹੋਏ ਹਨ। ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਰਸਮੀ ਗੱਲਬਾਤ ਵਿਚ ਦੱਸਿਆ ਕਿ ਲੁਧਿਆਣਾ ਨਗਰ ਨਿਗਮ ਨੂੰ 135 ਕਰੋੜ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਜਦੋਂ ਕਿ ਅੰਮ੍ਰਿਤਸਰ ਵਿਚ ਵਿਕਾਸ ਕਰਵਾਉਣ ਲਈ ਪ੍ਰਕਿਰਿਆ ਚਾਲੂ ਹੈ ਅਤੇ ਮੀਟਿੰਗਾਂ ਹੋ ਚੁੱਕੀਆਂ ਹਨ। ਸਿੱਧੂ ਨੇ ਦੱਸਿਆ ਕਿ ਗੁਰਦਾਸਪੁਰ ਉਪ ਚੋਣ ਲਈ ਕੋਡ ਆਫ ਕੰਡਕਟ ਲੱਗ ਜਾਣ ਕਾਰਨ ਜਲੰਧਰ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਫੰਡ ਜਾਰੀ ਨਹੀਂ ਹੋ ਸਕੇ।
ਮੰਤਰੀ ਨਵਜੋਤ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਨੂੰ ਛੱਡ ਕੇ ਬਾਕੀ ਸ਼ਹਿਰਾਂ ਵਿਚ ਵਾਰਡਬੰਦੀ ਦਾ ਕੰਮ ਲਗਭਗ ਪੂਰਾ ਕਰ ਲਿਆ ਗਿਆ ਹੈ। ਜਲਦੀ ਹੀ ਇਸਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦਸੰਬਰ ਮਹੀਨੇ ਵਿਚ ਨਿਗਮ ਚੋਣਾਂ ਕਰਵਾਉਣ ਦਾ ਐਲਾਨ ਕਰ ਚੁੱਕੀ ਹੈ।
ਫੰਡ ਲੇਟ ਜਾਰੀ ਹੋਏ ਤਾਂ ਚੋਣਾਂ 'ਤੇ ਪਏਗਾ ਅਸਰ
ਨਵਜੋਤ ਸਿੱਧੂ ਨੇ ਜਲੰਧਰ ਨੂੰ 15 ਦਿਨਾਂ ਬਾਅਦ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ। ਜਿਸ ਨਾਲ ਸ਼ਹਿਰ ਦੇ ਕਾਂਗਰਸੀਆਂ ਵਿਚ ਨਿਰਾਸ਼ਾ ਦਾ ਮਾਹੌਲ ਹੈ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਫੰਡ ਅਕਤੂਬਰ ਮਹੀਨੇ ਵਿਚ ਰਿਲੀਜ਼ ਹੁੰਦੇ ਹਨ ਤਾਂ ਉਨ੍ਹਾਂ ਦੇ ਟੈਂਡਰ ਨਵੰਬਰ ਮਹੀਨੇ ਵਿਚ ਲੱਗਣਗੇ ਤੇ ਕੰਮ ਸ਼ੁਰੂ ਹੁੰਦਿਆਂ- ਹੁੰਦਿਆਂ ਨਵੰਬਰ ਅਖੀਰ ਜਾਂ ਦਸੰਬਰ ਆ ਸਕਦਾ ਹੈ। ਜਿਨ੍ਹਾਂ ਦਿਨਾਂ ਵਿਚ ਭਰਪੂਰ ਠੰਡ ਹੋਵੇਗੀ। ਇੰਨੇ ਘੱਟ ਸਮੇਂ ਵਿਚ 100 ਕਰੋੜ ਦੇ ਵਿਕਾਸ ਕਾਰਜ ਕਰਵਾਉਣਾ ਬੇਹੱਦ ਮੁਸ਼ਕਿਲ ਹੋਵੇਗਾ। ਇਸ ਲਈ ਜੇਕਰ ਵਿਕਾਸ ਕਾਰਜਾਂ ਦੀ ਉਡੀਕ ਕਰ ਕੇ ਚੋਣਾਂ ਕਰਵਾਉਣੀਆਂ ਹਨ ਤਾਂ ਪੰਜਾਬ ਵਿਚ ਨਿਗਮ ਚੋਣਾਂ ਫਰਵਰੀ ਜਾਂ ਮਾਰਚ ਤਕ ਲਟਕ ਸਕਦੀਆਂ ਹਨ।
ਰੰਜਿਸ਼ ਦੇ ਚੱਲਦੇ ਵਿਅਕਤੀ ਦਾ ਕਤਲ, 6 ਖਿਲਾਫ ਮਾਮਲਾ ਦਰਜ
NEXT STORY