ਲੁਧਿਆਣਾ (ਵਿੱਕੀ)- ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਹੋਣ ਵਾਲੀਆਂ ਗੜਬੜੀਆਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਆਪਣੇ ਪੂਰੇ ਸਿਸਟਮ ਵਿੱਚ ਵੱਡੇ ਪੱਧਰ ’ਤੇ ਸੁਧਾਰ ਸ਼ੁਰੂ ਕਰ ਦਿੱਤੇ ਹਨ। ਪ੍ਰਸ਼ਨ ਪੱਤਰ ਤਿਆਰ ਕਰਨ ਤੋਂ ਲੈ ਕੇ ਉੱਤਰ ਪੁਸਤਕਾਂ ਦੀ ਜਾਂਚ ਤੱਕ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਏਜੰਸੀ ਨੇ 5000 ਤੋਂ ਵੱਧ ਮਾਹਿਰਾਂ ਦੀ ਇੱਕ ਵਿਸ਼ੇਸ਼ ਟੀਮ ਤਿਆਰ ਕੀਤੀ ਹੈ।
ਮਈ ਵਿੱਚ ਨੀਟ-ਯੂ.ਜੀ. 2026 ਪੇਪਰ ਲੀਕ ਮਾਮਲੇ ਅਤੇ ਉਸ ਤੋਂ ਬਾਅਦ ਹੋਏ ਸਖ਼ਤ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਨੀਟ-ਯੂ.ਜੀ. ਪੇਪਰ ਲੀਕ ਮਾਮਲੇ ਤੋਂ ਬਾਅਦ ਏਜੰਸੀ ਲਗਾਤਾਰ ਸਖ਼ਤ ਫੈਸਲੇ ਲੈ ਰਹੀ ਹੈ। ਇਸ ਤਹਿਤ ਲਗਭਗ 600 ਵਿਸ਼ਾ ਮਾਹਿਰਾਂ ਨੂੰ ਪੈਨਲ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐੱਨ.ਟੀ.ਏ. ਨੇ ਆਪਣਾ ਮੁੱਖ ਦਫ਼ਤਰ ਵੀ ਦੱਖਣ-ਪੂਰਬੀ ਦਿੱਲੀ ਦੇ ਓਖਲਾ ਤੋਂ ਹਟਾ ਕੇ ਮਿੰਟੋ ਰੋਡ ਸਥਿਤ ਗੌਰਮਿੰਟ ਆਫ਼ ਇੰਡੀਆ ਪ੍ਰੈੱਸ ਦੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਹੈ।
ਨਵੇਂ ਪੈਨਲ ਵਿਚ ਸ਼ਾਮਲ ਕੀਤੇ ਗਏ ਵੱਖ-ਵੱਖ ਖੇਤਰਾਂ ਦੇ ਮਾਹਿਰ :
ਪ੍ਰਸ਼ਨ ਪੱਤਰਾਂ ਨੂੰ ਸੁਰੱਖਿਅਤ ਢੰਗ ਨਾਲ ਤਿਆਰ ਕਰਨ, ਉਨ੍ਹਾਂ ਦੀ ਜਾਂਚ ਕਰਨ ਤੇ ਪ੍ਰੀਖਿਆ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਏਜੰਸੀ ਨੇ ਲਗਭਗ 5,000 ਸਿੱਖਿਆ ਸ਼ਾਸਤਰੀਆਂ, ਵਿਗਿਆਨੀਆਂ, ਖੋਜਕਰਤਾਵਾਂ, ਅਧਿਆਪਕਾਂ, ਅਨੁਵਾਦਕਾਂ ਅਤੇ ਹੋਰ ਪੇਸ਼ੇਵਰਾਂ ਨੂੰ ਆਪਣੇ ਪੈਨਲ ਵਿੱਚ ਸ਼ਾਮਲ ਕੀਤਾ ਹੈ। ਇਹ ਟੀਮ ਪ੍ਰਸ਼ਨ ਪੱਤਰ ਤਿਆਰ ਕਰਨ, ਅਨੁਵਾਦ, ਜਾਂਚ-ਪੜਤਾਲ, ਮਾਡਰੇਸ਼ਨ, ਉੱਤਰ ਕੁੰਜੀ ਦੀ ਤਸਦੀਕ, ਸਿਲੇਬਸ ਮੈਪਿੰਗ, ਖੋਜ ਤੇ ਸਾਈਕੋਮੈਟ੍ਰਿਕ ਵੈਲੀਡੇਸ਼ਨ ਵਰਗੇ ਅਤਿ-ਗੁਪਤ ਕੰਮਾਂ ਦੀ ਜ਼ਿੰਮੇਵਾਰੀ ਸੰਭਾਲੇਗੀ।
4 ਪੱਧਰਾਂ ’ਤੇ ਹੋਵੇਗੀ ਸਖ਼ਤ ਜਾਂਚ :
ਚੋਣ ਪ੍ਰਕਿਰਿਆ ਵਿੱਚ ਤਸਦੀਕ ਦੇ 4 ਸਖ਼ਤ ਪੱਧਰ ਤੈਅ ਕੀਤੇ ਗਏ ਹਨ। ਸਭ ਤੋਂ ਪਹਿਲਾਂ ਬਿਨੈਕਾਰਾਂ ਦੀ ਵਿੱਦਿਅਕ ਯੋਗਤਾ, ਪਾਤਰਤਾ ਤੇ ਪੇਸ਼ੇਵਰ ਤਜਰਬੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਵਿਸ਼ਾ ਕਮੇਟੀ ਉਨ੍ਹਾਂ ਦੇ ਅਕਾਦਮਿਕ ਪੱਧਰ, ਖੋਜ ਰਿਕਾਰਡ ਤੇ ਪ੍ਰਸ਼ਨ ਪੱਤਰ ਤਿਆਰ ਕਰਨ ਦੇ ਤਜਰਬੇ ਦਾ ਮੁਲਾਂਕਣ ਕਰਦੀ ਹੈ। ਏਜੰਸੀ ਬਿਨੈਕਾਰਾਂ ਦੀ ਪਿਛੋਕੜ ਦੀ ਵੀ ਜਾਂਚ ਕਰਵਾਉਂਦੀ ਹੈ।
ਵਿਸ਼ਾਲ ਪ੍ਰਸ਼ਨ ਬੈਂਕ ਨਾਲ ਪੇਪਰ ਲੀਕ ਹੋਣ ਦੀ ਸੰਭਾਵਨਾ ਹੋਵੇਗੀ ਖ਼ਤਮ :
ਏਜੰਸੀ ਇੱਕ ਬਹੁਤ ਵੱਡਾ 'ਪ੍ਰਸ਼ਨ ਬੈਂਕ' ਤਿਆਰ ਕਰ ਰਹੀ ਹੈ, ਜਿਸ ਵਿਚੋਂ ਪ੍ਰੀਖਿਆ ਦੇ ਸਵਾਲ ਚੁਣੇ ਜਾਣਗੇ। ਇਸ ਦਾ ਮੁੱਖ ਮਕਸਦ ਇਹ ਹੈ ਕਿ ਸਵਾਲ ਤਿਆਰ ਕਰਨ, ਅਨੁਵਾਦ ਕਰਨ ਜਾਂ ਸਮੀਖਿਆ ਕਰਨ ਵਾਲੇ ਕਿਸੇ ਵੀ ਮਾਹਿਰ ਨੂੰ ਇਸ ਗੱਲ ਦੀ ਭਿਣਕ ਨਾ ਲੱਗੇ ਕਿ ਕਿਹੜੇ ਸਵਾਲ ਪ੍ਰੀਖਿਆ ਵਿੱਚ ਆਉਣਗੇ ਜਾਂ ਉਹ ਕਿਸ ਪ੍ਰੀਖਿਆ ਲਈ ਤਿਆਰ ਕੀਤੇ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ ਪ੍ਰਸ਼ਨ ਬੈਂਕ ਇੰਨਾ ਵਿਸ਼ਾਲ ਹੋਵੇਗਾ ਕਿ ਕੋਈ ਵੀ ਵਿਅਕਤੀ ਸਵਾਲਾਂ ਨੂੰ ਯਾਦ ਰੱਖ ਕੇ ਦੁਬਾਰਾ ਨਹੀਂ ਲਿਖ ਸਕੇਗਾ। ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਪ੍ਰਸ਼ਨ ਪੱਤਰਾਂ ਨੂੰ ਅੰਤਿਮ ਰੂਪ ਦੇਣ ਦੀ ਆਧੁਨਿਕ ਪ੍ਰਣਾਲੀ ’ਤੇ ਵੀ ਕੰਮ ਚੱਲ ਰਿਹਾ ਹੈ।
ਬੂਟਾ ਮੰਡੀ ਦੇ ਮਨੀਸ਼ ਕਲੇਅਰ ਨੇ ਨੇਪਾਲ 'ਚ ਰਚਿਆ ਇਤਿਹਾਸ, ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤੇ 3 Gold
NEXT STORY