ਚੰਡੀਗੜ੍ਹ (ਲਲਨ) - ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੇ ਦੇਸ਼ ਭਰ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਬਾਵਜੂਦ ਇਸਦੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਅਜੇ ਤਕ ਸੁਰੱਖਿਆ ਵਿਵਸਥਾ ਦੇ ਨਾਂ 'ਤੇ ਕੋਈ ਖਾਸ ਇੰਤਜ਼ਾਮ ਨਹੀਂ ਹਨ। ਇਥੋਂ ਤਕ ਕਿ ਰੇਲਵੇ ਸਟੇਸ਼ਨ ਦੇ ਪੰਚਕੂਲਾ ਤੇ ਚੰਡੀਗੜ੍ਹ ਵਾਲੇ ਪਾਸੇ ਲੱਗੇ ਮੈਟਲ ਡਿਟੈਕਟਰ ਵੀ ਕਈ ਮਹੀਨਿਆਂ ਤੋਂ ਖਰਾਬ ਪਏ ਹਨ। ਇਹੋ ਨਹੀਂ ਰੇਲਵੇ ਵਲੋਂ ਲਾਏ ਗਏ ਸੀ. ਸੀ. ਟੀ. ਵੀ. ਕੈਮਰੇ ਵੀ ਕਾਫੀ ਪੁਰਾਣੇ ਹੋ ਗਏ ਹਨ, ਜਿਸ ਕਾਰਨ ਦੂਰ ਦੇ ਵਿਅਕਤੀ ਨੂੰ ਇਹ ਕੈਪਚਰ ਨਹੀਂ ਕਰ ਸਕਦੇ।
ਹਾਲਾਂਕਿ ਸ਼ਤਾਬਦੀ ਵਰਗੀਆਂ ਟਰੇਨਾਂ ਆਉਣ ਸਮੇਂ ਤਾਂ ਜੀ. ਆਰ. ਪੀ. ਤੇ ਆਰ. ਪੀ. ਐੈੱਫ. ਦੇ ਅਧਿਕਾਰੀ ਸਰਗਰਮ ਹੋ ਜਾਂਦੇ ਹਨ ਪਰ ਇਸਦੇ ਬਾਅਦ ਸਾਰਾ ਦਿਨ ਪੂਰੇ ਸਟੇਸ਼ਨ 'ਤੇ ਕੋਈ ਸੁਰੱਖਿਆ ਕਰਮਚਾਰੀ ਦਿਖਾਈ ਨਹੀਂ ਦਿੰਦਾ ਹੈ। ਸਟੇਸ਼ਨ ਖੇਤਰ ਦੇ ਬਾਹਰ ਬਣੇ ਬੀਟ ਬਾਕਸ 'ਚ ਤਾਂ ਇੰਨੀ ਧੂੜ ਜੰਮੀ ਹੋਈ ਹੈ ਕਿ ਉਸ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਸਾਲਾਂ ਤੋਂ ਹੀ ਇਹ ਬੰਦ ਪਿਆ ਹੋਇਆ ਹੈ।
ਮੈਟਲ ਡਿਟੈਕਟਰ ਅਜੇ ਤਕ ਖਰਾਬ
ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਰੱਖਿਆ ਵੀ ਰੱਬ ਆਸਰੇ ਹੀ ਹੈ ਕਿਉਂਕਿ ਰੇਲਵੇ ਸਟੇਸ਼ਨ 'ਤੇ ਲੱਗੇ 3 ਮੈਟਲ ਡਿਟੈਕਟਰ 3 ਮਹੀਨਿਆਂ ਤੋਂ ਖਰਾਬ ਪਏ ਹਨ ਪਰ ਅਧਿਕਾਰੀਆਂ ਵਲੋਂ ਸਿਰਫ ਭਰੋਸਾ ਹੀ ਦਿੱਤਾ ਜਾ ਰਿਹਾ ਹੈ ਕਿ ਅੱਜਕਲ 'ਚ ਇਹ ਠੀਕ ਹੋ ਜਾਣਗੇ ਪਰ ਆਲਮ ਇਹ ਹੈ ਕਿ ਹਾਈ ਅਲਰਟ ਦੇ ਬਾਅਦ ਵੀ ਐਂਟਰੀ ਗੇਟ 'ਤੇ ਮੈਟਲ ਡਿਟੈਕਟਰ ਨਹੀਂ ਲੱਗਾ ਹੋਇਆ ਹੈ। ਇਸੇ ਕਾਰਨ ਯਾਤਰੀ ਬੇਰੋਕ-ਟੋਕ ਰੇਲਵੇ ਖੇਤਰ 'ਚ ਦਾਖਲ ਹੋ ਜਾਂਦੇ ਹਨ, ਜਦੋਂਕਿ ਰੇਲਵੇ ਨੇ ਸੁਰੱਖਿਆ ਦੇ ਮੱਦੇਨਜ਼ਰ ਖਾਸ ਤੌਰ 'ਤੇ ਪਲੇਟਫਾਰਮ ਟਿਕਟ ਤਕ ਲਾਈ ਹੋਈ ਹੈ। ਇਸਦੇ ਨਾਲ ਹੀ ਜੀ. ਆਰ. ਪੀ. ਦੇ ਬੈਠਣ ਲਈ ਐਂਟਰੀ ਗੇਟ 'ਤੇ ਕੁਰਸੀਆਂ ਤੇ ਮੇਜ਼ ਰੱਖਿਆ ਗਿਆ ਹੈ ਪਰ ਇਹ ਹਮੇਸ਼ਾ ਖਾਲੀ ਪਏ ਰਹਿੰਦੇ ਹਨ।
ਖਰਾਬ ਪਏ ਸੀ. ਸੀ. ਟੀ. ਵੀ. ਕੈਮਰੇ
ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੇ ਲਿਹਾਜ ਨਾਲ 2007 ਤੋਂ ਰੇਲਵੇ ਨੇ 35 ਸੀ. ਸੀ. ਟੀ. ਵੀ. ਕੈਮਰੇ ਲਾਏ ਸਨ। ਇਨ੍ਹਾਂ 'ਚੋਂ 6 ਕੈਮਰੇ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਖਰਾਬ ਪਏ ਹਨ ਜੋ ਅਜੇ ਤਕ ਠੀਕ ਨਹੀਂ ਹੋ ਸਕੇ। ਇਹ ਕੈਮਰੇ ਕਾਫੀ ਪੁਰਾਣੀ ਟੈਕਨਾਲੋਜੀ ਦੇ ਹਨ, ਇਸ ਲਈ ਇਨ੍ਹਾਂ ਦੀ ਫੁਟੇਜ ਇੰਨੀ ਕਮਜ਼ੋਰ ਰਿਕਾਰਡ ਹੁੰਦੀ ਹੈ ਕਿ ਉਸ ਨਾਲ ਕਿਸੇ ਦੇ ਚਿਹਰੇ ਤਕ ਦੀ ਪਛਾਣ ਨਹੀਂ ਹੁੰਦੀ। ਅਜਿਹੇ 'ਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਵਾਨ ਕਿਸ ਤਰ੍ਹਾਂ ਰੇਲਵੇ ਦੀ ਸੁਰੱਖਿਆ ਕਰਨਗੇ।
ਚਾਰੇ ਪਾਸਿਓਂ ਖੁੱਲ੍ਹਾ ਪਿਆ ਹੈ ਰੇਲਵੇ ਖੇਤਰ
ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਦੋਵੇਂ ਪਾਸੇ ਕਈ ਐਂਟਰੀ ਗੇਟ ਹਨ, ਜੋ ਕਿ ਸੁਰੱਖਿਆ ਦੇ ਲਿਹਾਜ ਨਾਲ ਇਕ ਵੱਡਾ ਖਤਰਾ ਹੈ। ਅਜਿਹੇ 'ਚ ਪੁਲਸ ਜਵਾਨਾਂ ਦੀ ਲਾਪ੍ਰਵਾਹੀ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਇਹੋ ਨਹੀਂ ਰੇਲਵੇ ਸਟੇਸ਼ਨ ਦੀ ਪਾਰਕਿੰਗ 'ਚ ਵੀ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ ਹੋਏ। ਇਹੋ ਨਹੀਂ ਪਾਰਸਲ ਵਿਭਾਗ ਦੇ ਸਾਹਮਣੇ ਪਾਰਕਿੰਗ ਦਾ ਟੈਂਡਰ ਵੀ ਖਤਮ ਹੋ ਗਿਆ ਹੈ। ਅਜਿਹੇ 'ਚ ਕੋਈ ਵੀ ਅਣਪਛਾਤਾ ਵਿਅਕਤੀ ਕੋਈ ਵੀ ਹਰਕਤ ਕਰ ਸਕਦਾ ਹੈ।
ਪੰਜਾਬ ਦੇ ਸੋਹਣੇ ਪਿੰਡਾਂ 'ਚੋਂ ਇਕ ਪਿੰਡ ਹੈ ਸੱਕਾਂਵਾਲੀ
NEXT STORY