ਜਲੰਧਰ (ਧਵਨ) : ਪੰਜਾਬ ’ਚ ਚੋਣ ਗਰਮੀ ਆਉਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ’ਚ ਸ਼ਾਮਲ ਕੀਤਾ ਤਾਂ ਦੂਜੇ ਪਾਸੇ ਅਕਾਲੀ ਦਲ ਨੇ ਬਸਪਾ ਨਾਲ ਸਮਝੌਤਾ ਕਰ ਲਿਆ ਹੈ। ਕਾਂਗਰਸ ਵੀ ਆਪਣੇ ਸੰਕਟ ਦੇ ਨਿਪਟਾਰੇ ਵੱਲ ਵਧ ਰਹੀ ਹੈ। ਕਾਂਗਰਸ ’ਚ ਹੁਣ ਇਹ ਚਰਚਾ ਚੱਲ ਪਈ ਹੈ ਕਿ ਪਾਰਟੀ ਨੂੰ ਵੀ ਆਉਂਦੀਆਂ ਵਿਧਾਨ ਸਭਾ ਚੋਣਾਂ ਜੋ ਕਿ ਅਗਲੇ ਸਾਲ ਮਾਰਚ ਮਹੀਨੇ ’ਚ ਹੋਣੀਆਂ ਹਨ, ’ਚ ਕਈ ਸੀਟਾਂ ’ਤੇ ਨਵੇਂ ਚਿਹਰਿਆਂ ਨੂੰ ਉਤਾਰਨਾ ਪਵੇਗਾ। ਉਧਰ ਕਾਂਗਰਸੀਆਂ ਦਾ ਮੰਨਣਾ ਹੈ ਕਿ ਕਾਂਗਰਸ ਹਾਈਕਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਆਉਣ ਵਾਲੇ ਕੁਝ ਮਹੀਨਿਆਂ ’ਚ ਪੰਜਾਬ ਨੂੰ ਲੈ ਕੇ ਆਪਣੇ-ਆਪਣੇ ਪੱਧਰ ’ਤੇ ਸਰਵੇ ਕਰਵਾਉਣਗੇ। ਇਸ ’ਚ ਪੁੱਛਿਆ ਜਾਵੇਗਾ ਕਿ ਕਿਹੜੀ ਸੀਟ ’ਤੇ ਕਿਹੜਾ ਉਮੀਦਵਾਰ ਮਜ਼ਬੂਤ ਸਾਬਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ :'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ
ਕੈਪਟਨ ਵਿਰੋਧੀਆਂ ਦੀਆਂ ਚਿੰਤਾਵਾਂ ਵਧੀਆਂ
ਕਾਂਗਰਸ ਨੂੰ ਇਹ ਪਤਾ ਹੈ ਕਿ ਜੇ ਉਸ ਨੇ 2022 ’ਚ ਸੂਬੇ ’ਚ ਮੁੜ ਆਪਣੀ ਸਰਕਾਰ ਬਣਾਉਣੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਵਿਧਾਇਕਾਂ ਦੀ ਜਗ੍ਹਾ ਨਵੇਂ ਚਿਹਰੇ ਲਿਆਉਣੇ ਪੈਣਗੇ, ਜਿਨ੍ਹਾਂ ਵਿਰੁੱਧ ਜਨਤਾ ’ਚ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਨੂੰ ਲੈ ਕੇ ਹੁਣ ਕਾਂਗਰਸ ਹਾਈਕਮਾਨ ਵੀ ਕਾਫ਼ੀ ਸੁਚੇਤ ਹੋ ਗਈ ਹੈ। ਇੰਨਾ ਤੈਅ ਹੈ ਕਿ ਅਗਲੀਆਂ ਚੋਣਾਂ ’ਚ ਟਿਕਟ ਲੈਣ ’ਚ ਉਹ ਹੀ ਵਿਧਾਇਕ ਸਫ਼ਲ ਹੋਣਗੇ, ਜਿਨ੍ਹਾਂ ਨੂੰ ਕੈਪਟਨ ਦਾ ਸਮਰਥਨ ਹਾਸਲ ਹੋਵੇਗਾ। ਇਸ ਲਈ ਹੋਰ ਧੜਿਆਂ ਨਾਲ ਸਬੰਧ ਰੱਖਦੇ ਵਿਧਾਇਕਾਂ ’ਚ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਤੇ ਮੁੱਖ ਮੰਤਰੀ ਨੇ 2017 ’ਚ ਵੀ ਆਪਣੇ-ਆਪਣੇ ਪੱਧਰ ’ਤੇ ਸਰਵੇ ਕਰਵਾਏ ਸਨ। ਬਾਅਦ ’ਚ ਕੇਂਦਰੀ ਪੱਧਰ ’ਤੇ ਦੋਵੇਂ ਸਰਵੇ ਆਪਸ ’ਚ ਮਿਲਾਏ ਗਏ ਤੇ ਫਿਰ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਨੂੰ ਆਖਰੀ ਰੂਪ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : 1984 ਦੇ ਘਟਨਾਕ੍ਰਮ 'ਤੇ ਬਣੀ ਵੈੱਬ ਸੀਰੀਜ਼ ‘ਗ੍ਰਹਿਣ’ 'ਤੇ ਐੱਸ. ਜੀ. ਪੀ. ਸੀ. ਨੇ ਚੁੱਕੇ ਸਵਾਲ, ਕਿਹਾ ਲੱਗੇ ਰੋਕ
ਕਾਂਗਰਸ ’ਚ ਇਹ ਚਰਚਾ ਵੀ ਚੱਲ ਪਈ ਹੈ ਕਿ ਸੂਬੇ ’ਚ ਲਗਭਗ ਅੱਧਾ ਦਰਜਨ ਸੀਟਾਂ ਅਜਿਹੀਆਂ ਹਨ, ਜਿੱਥੇ ਪਾਰਟੀ ਹਾਈਕਮਾਨ ਨੂੰ ਆਪਣੇ ਉਮੀਦਵਾਰ ਬਦਲਣੇ ਪੈ ਸਕਦੇ ਹਨ। ਅਜੇ ਕਿਉਂਕਿ ਵਿਧਾਨ ਸਭਾ ਚੋਣਾਂ ’ਚ 7-8 ਮਹੀਨਿਆਂ ਦਾ ਸਮਾਂ ਬਾਕੀ ਹੈ, ਇਸ ਲਈ ਇਨ੍ਹਾਂ ਮਹੀਨਿਆਂ ’ਚ ਜਿਹੜੇ ਵਿਧਾਇਕ ਆਪਣੀ ਹਾਲਤ ਨੂੰ ਸੁਧਾਰਨ ’ਚ ਸਫਲ ਹੋਣਗੇ ਤੇ ਜਨਤਾ ’ਚ ਆਪਣੀ ਸਰਗਰਮੀ ਵਧਾਉਣਗੇ, ਉਨ੍ਹਾਂ ਦੀ ਟਿਕਟ ਬਚ ਜਾਵੇਗੀ।
ਇਹ ਵੀ ਪੜ੍ਹੋ : ਦਿੱਲੀ: ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾਉਣ 'ਤੇ ਸਿੱਖ ਸੰਗਤਾਂ 'ਚ ਰੋਸ, ਸਿਰਸਾ ਨੇ ਮਾਡਲ ਤੁੜਵਾਇਆ
ਕਾਂਗਰਸ ਸੰਕਟ ਹੱਲ ਹੁੰਦੇ ਹੀ ਟਿਕਟਾਂ ਨੂੰ ਲੈ ਕੇ ਸ਼ੁਰੂ ਹੋਵੇਗੀ ਖੇਡ
ਕਾਂਗਰਸ ’ਚ ਚੱਲ ਰਹੇ ਅੰਦਰੂਨੀ ਕਲੇਸ਼ ਦਾ ਅਗਲੇ ਕੁਝ ਦਿਨਾਂ ’ਚ ਨਿਪਟਾਰਾ ਹੁੰਦੇ ਹੀ ਟਿਕਟਾਂ ਨੂੰ ਲੈ ਕੇ ਖੇਡ ਸ਼ੁਰੂ ਹੋ ਜਾਵੇਗੀ। ਫਿਲਹਾਲ ਸਾਰਿਆਂ ਦਾ ਧਿਆਨ ਕਾਂਗਰਸ ਲੀਡਰਸ਼ਿਪ ਵੱਲੋਂ ਲਏ ਜਾਣ ਵਾਲੇ ਫ਼ੈਸਲੇ ਵੱਲ ਲੱਗਿਆ ਹੋਇਆ ਹੈ। ਉਸ ਤੋਂ ਬਾਅਦ ਪਾਰਟੀ ਇਹ ਦੇਖੇਗੀ ਕਿ ਸੂਬੇ ’ਚ ਸਿਆਸੀ ਸਮੀਕਰਣਾਂ ਨੂੰ ਦੇਖਦੇ ਹੋਏ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਮੁੜ ਟਿਕਟ ਦੇਣੀ ਠੀਕ ਰਹੇਗੀ।
ਨੋਟ : ਕਾਂਗਰਸ ਵਿੱਚ ਬਣ ਰਹੀ ਧੜੇਬੰਦੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਐੱਸ.ਆਈ.ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਮੁਕੰਮਲ
NEXT STORY