ਨਵਾਂਸ਼ਹਿਰ (ਬ੍ਰਹਮਪੁਰੀ)- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤਰੀ ਟਰਾਂਸਪੋਰਟ ਅਫ਼ਸਰ ਇੰਦਰਪਾਲ ਵੱਲੋਂ ਵੱਖ-ਵੱਖ ਵਿਭਾਗਾਂ ਅਤੇ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਵੱਖ-ਵੱਖ ਵਿਭਾਗਾਂ ਅਤੇ ਕਾਰਜਕਾਰੀ ਏਜੰਸੀਆਂ ਨੂੰ ਸਖ਼ਤ ਅਤੇ ਸਮਾਂਬੱਧ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਸੰਭਾਵੀ ਹਾਦਸਿਆਂ ਦੀ ਰੋਕਥਾਮ ਲਈ ਪੂਰੀ ਮੁਸਤੈਦੀ ਨਾਲ ਕੰਮ ਕਰਨ ਅਤੇ ਉੱਚ-ਜੋਖਮ ਵਾਲੇ ਹਿੱਸਿਆਂ, ਡਿਵਾਈਡਰਾਂ, ਨਹਿਰਾਂ ਦੇ ਨਾਲ ਲੱਗਦੀਆਂ ਸੜਕਾਂ ਅਤੇ ਤਿੱਖੇ ਮੋੜਾਂ ’ਤੇ ਐਮਰਜੈਂਸੀ ਆਧਾਰ ’ਤੇ ਕੈਟਸ ਆਈਜ਼, ਰਿਫਲੈਕਟਰ ਅਤੇ ਬਲਿੰਕਰ ਲਗਾਉਣ ਨੂੰ ਯਕੀਨੀ ਬਣਾਉਣ।
ਖੇਤਰੀ ਟਰਾਂਸਪੋਰਟ ਅਫਸਰ ਇੰਦਰਪਾਲ ਨੇ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਸੜਕਾਂ ’ਤੇ ਚਿੱਟੀ ਪੱਟੀ ਲਗਾਉਣ, ਸਾਈਨ ਬੋਰਡ ਜਿੱਥੇ ਖਰਾਬ ਹਨ, ਉਨ੍ਹਾਂ ਠੀਕ ਕਰਨ ਅਤੇ ਜਿੱਥੇ ਸਾਈਨ ਬੋਰਡ ਨਹੀਂ ਲੱਗੇ ਹਨ, ਉਨ੍ਹਾਂ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸੜਕਾਂ ’ਤੇ ਜਿਥੇ ਲਾਈਟਾਂ ਖਰਾਬ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੁਰੰਮਤ ਕਰਵਾ ਕੇ ਠੀਕ ਕਰਵਾਉਣ ਤਾਂ ਜੋ ਸੜਕ ’ਤੇ ਚੱਲਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।
ਉਨ੍ਹਾਂ ਦੱਸਿਆ ਕਿ 31 ਜਨਵਰੀ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਕਾਲਜਾਂ, ਯੂਨੀਵਰਸਿਟੀ, ਟਰੱਕ ਯੂਨੀਅਨ, ਟੈਕਸੀ ਸਟੈਂਡ ਵਿਖੇ ਜਾ ਕੇ ਚਾਲਕਾਂ, ਨੌਜਵਾਨਾਂ ਅਤੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ ਅਥਾਰਟੀ, ਮੰਡੀ ਬੋਰਡ, ਨਗਰ ਕੌਂਸਲਾਂ ਆਦਿ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਭਾਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ, 16 ਜਨਵਰੀ ਨੂੰ ਡੀਸੀ ਦਫ਼ਤਰਾਂ ਅੱਗੇ ਹੋਣਗੇ ਪ੍ਰਦਰਸ਼ਨ
NEXT STORY