ਨਵਾਂਸ਼ਹਿਰ (ਤ੍ਰਿਪਾਠੀ)- ਕੁਝ ਦਿਨ ਪਹਿਲਾਂ 16 ਸਾਲਾ ਨਾਬਾਲਗ ਲੜਕੀ ਦਾ ਗਲਾ ਘੁੱਟ ਕੇ ਕਤਲ ਕਰਨ ਉਪਰੰਤ ਲਾਸ਼ ਨੂੰ ਅਟੈਚੀ ’ਚ ਪਾ ਕੇ ਜੰਗਲ ’ਚ ਸਾੜਨ ਦੇ ਸਨਸਨੀਖੇਜ਼ ਮਾਮਲੇ ’ਚ ਅੱਜ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੇ ਦੋਸਤ ਅਤੇ ਇਕ ਨਾਬਾਲਗ ਲੜਕੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਿਟੀ ਨਵਾਂਸ਼ਹਿਰ ਵਿਖੇ ਪੁੱਜੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਉਂਦਿਆਂ ਖ਼ੁਦਕੁਸ਼ੀ ਲਈ ਪੁਲਸ ਨੂੰ ਕਥਿਤ ਤੌਰ ’ਤੇ ਜ਼ਿੰਮੇਵਾਰ ਦੱਸਿਆ ਹੈ।
ਮ੍ਰਿਤਕ ਦੇ ਚਾਚਾ ਰਿੱਕੀ ਨੇ ਦੱਸਿਆ ਕਿ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੇ ਲੜਕੇ ਨੂੰ ਪਿਛਲੇ 4-5 ਦਿਨਾਂ ਤੋਂ ਥਾਣੇ ਬੁਲਾ ਕੇ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੂੰ ਸਵੇਰੇ ਥਾਣੇ ਬੁਲਾਇਆ ਜਾਂਦਾ ਸੀ ਅਤੇ ਸ਼ਾਮ ਨੂੰ ਛੱਡਿਆ ਜਾਂਦਾ ਸੀ, ਜਿਸ ਕਾਰਨ ਉਹ ਕਾਫ਼ੀ ਡਰ ਗਿਆ ਸੀ। ਅੱਜ ਵੀ ਉਸ ਨੂੰ ਪੁਲਸ ਨੇ ਬੁਲਾਇਆ ਸੀ, ਜਿਸ ਕਾਰਨ ਥਾਣੇ ਆਉਣ ਤੋਂ ਪਹਿਲਾਂ ਕਰੀਬ 11 ਵਜੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਹਾਲਤ ਵਿਗੜਨ ’ਤੇ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ ਥਾਣਾ ਮੁਖੀ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੋਬਾਈਲ ਲੋਕੇਸ਼ਨ ਕਤਲ ਹੋਈ ਲੜਕੀ ਦੇ ਘਰ ਨੇੜੇ ਦੀ ਆ ਰਹੀ ਸੀ, ਜਿਸ ਕਾਰਨ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਲੜਕੇ ਨਾਲ ਕੋਈ ਸਖ਼ਤੀ ਨਹੀਂ ਕੀਤੀ ਗਈ। ਉਸ ਦੇ ਫ਼ੋਨ ’ਚੋਂ ਲੜਕੀ ਦੀਆਂ ਫ਼ੋਟੋਆਂ ਤੇ ਚੈਟ ਮਿਲੇ ਹਨ, ਜਿਸ ਤੋਂ ਸਾਫ਼ ਹੈ ਕਿ ਉਨ੍ਹਾਂ ਦੀ ਦੋਸਤੀ ਸੀ ਅਤੇ ਉਹ ਲੜਕੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ। ਡੀ. ਐੱਸ. ਪੀ. ਪੰਕਜ ਸ਼ਰਮਾ ਨੇ ਦੱਸਿਆ ਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ, ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! 'ਅਕਾਲੀ ਦਲ ਵਾਰਿਸ ਪੰਜਾਬ ਦੇ' 'ਚ ਸ਼ਾਮਲ ਹੋਏ ਮਨਪ੍ਰੀਤ ਇਯਾਲੀ
NEXT STORY