ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਜ਼ਿਲੇ 'ਚ ਕੁੱਲ 267 ਠੇਕਿਆਂ ਦੀ ਨੀਲਾਮੀ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਦੀ ਅਗਵਾਈ 'ਚ ਹੋਈ। 267 ਠੇਕਿਆਂ 'ਚ 164 ਦੇਸੀ ਅਤੇ 103 ਅੰਗਰੇਜ਼ੀ ਸ਼ਰਾਬ ਦੇ ਠੇਕੇ ਹਨ। ਸਰਕਾਰ ਨੇ ਇਨ੍ਹਾਂ ਠੇਕਿਆਂ ਦਾ ਕੁੱਲ ਰਿਜ਼ਰਵ ਰੇਟ 83 ਕਰੋੜ 84 ਲੱਖ 61,837 ਰੁਪਏ ਰੱਖਿਆ ਸੀ, ਜਿਨ੍ਹਾਂ ਨੂੰ ਲੈਣ ਲਈ ਕੁੱਲ 453 ਅਰਜ਼ੀਆਂ ਆਈਆਂ, ਜਿਸ ਵਿਚ 387 ਆਨਲਾਈਨ ਅਰਜ਼ੀਆਂ ਸਨ। ਜ਼ਿਲੇ ਦੇ ਕੁੱਲ 17 ਸਰਕਲ ਬਣਾਏ ਗਏ ਸਨ, ਜਿਸ ਵਿਚ ਸ਼ਹਿਰ ਦੇ 5, ਪਿੰਡਾਂ ਦੇ 2, ਤਪਾ ਸਰਕਲ ਦੇ 4, ਮਹਿਲ ਕਲਾਂ ਸਰਕਲ ਦੇ 3, ਧਨੌਲਾ ਦੇ 3 ਸਰਕਲ ਬਣਾਏ ਗਏ ਸਨ। ਸਾਰੇ ਦੇ ਸਾਰੇ ਠੇਕੇ ਨੀਲਾਮ ਹੋ ਗਏ।
2 ਵੱਡੇ ਗਰੁੱਪਾਂ ਨੂੰ ਨਿਕਲੇ ਜ਼ਿਆਦਾਤਰ ਸ਼ਰਾਬ ਦੇ ਠੇਕੇ
ਜ਼ਿਲੇ ਦੇ ਜ਼ਿਆਦਾਤਰ ਠੇਕਿਆਂ ਲਈ ਬੋਲੀ ਵੱਡੇ-ਵੱਡੇ ਗਰੁੱਪਾਂ ਵੱਲੋਂ ਦਿੱਤੀ ਗਈ ਸੀ। ਖਾਸ ਕਰਕੇ ਡੋਡਾ ਗਰੁੱਪ ਅਤੇ ਦੀਪ ਮਲਹੋਤਰਾ ਗਰੁੱਪ ਵੱਲੋਂ ਜ਼ਿਲੇ ਦੇ ਠੇਕਿਆਂ ਦੀ ਬੋਲੀ ਲਾਈ ਗਈ ਸੀ। ਪਹਿਲਾਂ ਜ਼ਿਲੇ ਦੇ ਪੂਰੇ ਦੇ ਪੂਰੇ ਸ਼ਰਾਬ ਦੇ ਠੇਕੇ ਡੋਡਾ ਗਰੁੱਪ ਕੋਲ ਸਨ, ਜਿਸ ਦਾ ਰਿਜ਼ਰਵ ਰੇਟ 76 ਕਰੋੜ 38 ਲੱਖ ਦੇ ਕਰੀਬ ਸੀ। ਇਸ ਵਾਰ ਕਰੀਬ ਸਾਢੇ ਸੱਤ ਕਰੋੜ ਰੁਪਏ ਦਾ ਰੈਵੇਨਿਊ ਸਰਕਾਰ ਨੂੰ ਜ਼ਿਲੇ 'ਚੋਂ ਵੱਧ ਪ੍ਰਾਪਤ ਹੋਇਆ। ਇਸ ਵਾਰ ਦੇਸੀ ਸ਼ਰਾਬ ਦਾ ਕੋਟਾ 15 ਲੱਖ 46 ਹਜ਼ਾਰ 966 ਪੀ.ਸੀ., ਅੰਗਰੇਜ਼ੀ ਸ਼ਰਾਬ ਦਾ ਕੋਟਾ 2 ਲੱਖ 78 ਹਜ਼ਾਰ ਪੀ.ਸੀ. ਅਤੇ ਬੀਅਰ ਦਾ ਕੋਟਾ 4 ਲੱਖ 18 ਹਜ਼ਾਰ 596 ਡੀ. ਸੀ. ਰੱਖਿਆ ਗਿਆ। ਜਦੋਂਕਿ ਪਿਛਲਾ ਕੋਟਾ ਦੇਸੀ ਸ਼ਰਾਬ ਦਾ 21 ਲੱਖ 48 ਹਜ਼ਾਰ 569 ਪੀ.ਸੀ., ਅੰਗਰੇਜ਼ੀ ਸ਼ਰਾਬ ਦਾ 4 ਲੱਖ 88 ਹਜ਼ਾਰ 316 ਪੀ.ਸੀ. ਅਤੇ ਬੀਅਰ ਦਾ ਕੋਟਾ 5 ਲੱਖ 24 ਹਜ਼ਾਰ 592 ਡੀ.ਸੀ. ਰੱਖਿਆ ਗਿਆ ਸੀ। ਇਸ ਸਾਲ ਅੰਗਰੇਜ਼ੀ ਸ਼ਰਾਬ, ਦੇਸੀ ਸ਼ਰਾਬ ਅਤੇ ਬੀਅਰ ਦਾ ਕੋਟਾ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਰੱਖਿਆ ਗਿਆ ਹੈ।
ਪਹਿਲਾਂ ਸਰਕਾਰ ਵੱਲੋਂ ਪੂਰੇ ਗਰੁੱਪ ਨੂੰ ਜ਼ਿਲੇ ਦੇ ਠੇਕੇ ਅਲਾਟ ਕੀਤੇ ਗਏ ਸਨ ਪਰ ਇਸ ਵਾਰ ਛੋਟੇ-ਛੋਟੇ ਗਰੁੱਪਾਂ 'ਚ ਵੀ ਠੇਕੇ ਅਲਾਟ ਕੀਤੇ ਗਏ ਜਿਥੇ ਜ਼ਿਲੇ ਦੇ ਜ਼ਿਆਦਾਤਰ ਠੇਕੇ ਡੋਡਾ ਗਰੁੱਪ ਨੂੰ ਨਿਕਲੇ, ਉਥੇ ਸ਼ਹਿਰ ਦੇ ਜ਼ਿਆਦਾਤਰ ਠੇਕੇ ਦੀਪ ਮਲਹੋਤਰਾ ਗਰੁੱਪ ਨੂੰ ਨਿਕਲੇ। ਛੋਟੇ-ਛੋਟੇ ਗਰੁੱਪਾਂ ਦੇ ਹਿੱਸੇ ਸਿਰਫ 5-6 ਠੇਕੇ ਹੀ ਆਏ ਹਨ। ਜ਼ਿਲੇ 'ਚ ਕਿਸੇ ਵੀ ਔਰਤ ਦੇ ਨਾਂ 'ਤੇ ਸ਼ਰਾਬ ਦਾ ਠੇਕਾ ਅਲਾਟ ਨਹੀਂ ਹੋਇਆ। ਇਕ ਔਰਤ ਨੂੰ ਡਰਾਅ 'ਚ ਸ਼ਰਾਬ ਦਾ ਠੇਕਾ ਨਿਕਲਿਆ ਸੀ ਪਰ ਉਸ ਨੇ ਸ਼ਰਾਬ ਦੇ ਠੇਕੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ, ਐੱਸ. ਡੀ. ਐੱਮ. ਸੰਦੀਪ ਕੁਮਾਰ, ਐੱਸ. ਐੱਸ. ਪੀ. ਹਰਜੀਤ ਸਿੰਘ, ਡੀ. ਐੱਸ. ਪੀ. ਰਾਜੇਸ਼ ਛਿੱਬਰ, ਜ਼ਿਲਾ ਆਬਕਾਰੀ ਅਫਸਰ ਗਰਗ, ਠੇਕੇਦਾਰ ਜਾਵੇਦ ਖਾਨ, ਤੇਜਾ ਸਿੰਘ ਤੋਂ ਇਲਾਵਾ ਵੱਖ-ਵੱਖ ਗਰੁੱਪਾਂ ਦੇ ਠੇਕੇਦਾਰ ਸ਼ਾਮਲ ਸਨ।
ਸੰਗਰੂਰ ਵਿਚਲੇ ਸ਼ਰਾਬ ਦੇ ਠੇਕਿਆਂ ਤੋਂ 183 ਕਰੋੜ ਰੁਪਏ ਦੀ ਹੋਵੇਗੀ ਆਮਦਨ
ਸੰਗਰੂਰ, (ਬੇਦੀ)—ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੀ ਦੇਖ-ਰੇਖ ਹੇਠ ਜ਼ਿਲੇ ਦੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਸਾਲ 2018-19 ਲਈ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਅਨੁਸਾਰ ਜ਼ਿਲੇ ਲਈ 410 ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਆਮ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਪਾਰਦਰਸ਼ੀ ਢੰਗ ਨਾਲ ਕੱਢੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨੀਲਾਮੀ ਤੋਂ ਕੁੱਲ 183 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਵੇਗਾ। ਡਿਪਟੀ ਆਬਕਾਰੀ ਤੇ ਕਰ ਕਮਿਸ਼ਨਰ ਦਰਬਾਰਾ ਸਿੰਘ ਨੇ ਦੱਸਿਆ ਕਿ ਇਸ ਸਾਲ 410 ਠੇਕਿਆਂ ਦੀ ਨੀਲਾਮੀ ਲਈ 43 ਗਰੁੱਪ ਬਣਾਏ ਗਏ ਸਨ। ਇਨ੍ਹਾਂ ਠੇਕਿਆਂ ਦੀ ਨੀਲਾਮੀ ਲਈ ਕੁੱਲ 290 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਤੋਂ ਨਾ ਮੋੜਨਯੋਗ ਫੀਸ ਰਾਹੀਂ 52 ਲੱਖ ਰੁਪਏ ਦੀ ਆਮਦਨੀ ਹੋਈ ਹੈ। ਅੱਜ ਸਕਿਓਰਿਟੀ ਵਜੋਂ ਸਬੰਧਤ ਠੇਕੇਦਾਰਾਂ ਵੱਲੋਂ ਪੰਜ ਕਰੋੜ 79 ਲੱਖ ਤੋਂ ਵਧ ਰਾਸ਼ੀ ਜਮ੍ਹਾ ਕਰਵਾਈ ਗਈ ਹੈ।
ਨਸ਼ੇ ਵਾਲੀਆਂ ਦਵਾਈਆਂ ਸਣੇ 2 ਦਬੋਚੇ
NEXT STORY