ਚੰਡੀਗੜ੍ਹ- ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪੁੱਜੇ ਨੌਜਵਾਨਾਂ ਦੇ ਹੱਕ ਖੜ੍ਹ ਗਏ ਹਨ।
ਧਾਲੀਵਾਲ ਨੇ ਕਿਹਾ ਕਿ ਅਮਰੀਕਾ ਤੋਂ ਭਾਰਤ ਭੇਜੇ ਗਏ ਸਾਡੇ ਨਾਗਰਿਕ ਅਪਰਾਧੀ ਨਹੀਂ ਸਗੋਂ ਅਪਰਾਧ ਦੇ ਸ਼ਿਕਾਰ ਹਨ। ਧੋਖ਼ੇਬਾਜ਼ ਇਮੀਗ੍ਰੇਸ਼ਨ ਏਜੰਟਾਂ ਨੇ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟ ਲਏ ਅਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜ ਦਿੱਤਾ। ਅੱਜ 24 ਘੰਟਿਆਂ ਦੇ ਅੰਦਰ ਮੈਂ ਇੱਕ ਅਜਿਹੇ ਧੋਖੇਬਾਜ਼ ਏਜੰਟ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਪੰਜਾਬ ਦੇ ਟਰੈਵਲ ਏਜੈਂਟਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਹ ਗੋਰਖ ਧੰਦਾ ਸਦਾ ਲਈ ਬੰਦ ਕਰਵਾਇਆ ਜਾਵੇਗਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬ ਵਾਸੀਆਂ ਦੇ ਕੇਸਾਂ ਦੀ ਵਿਥਿਆ ਸੁਣ ਕੇ ਮਨ ਬਹੁਤ ਭਾਵਕ ਹੋਇਆ ਹੈ ਕਿ ਕਿਸ ਤਰ੍ਹਾਂ ਠੱਗ ਟਰੈਵਲ ਏਜੰਟਾਂ ਨੇ ਇਨ੍ਹਾਂ ਭੋਲੇ ਭਾਲੇ ਲੋਕਾਂ ਦੀ ਲੁੱਟ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਧਾਰਨ ਪਰਿਵਾਰਾਂ ਕੋਲੋਂ 50-60 ਲੱਖ ਰੁਪਏ ਠੱਗੇ ਗਏ ਹਨ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਦਾਇਤ ਕੀਤੀ ਹੈ ਕਿ ਇਨ੍ਹਾਂ ਮਨੁੱਖੀ ਤਸਕਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਉਨ੍ਹਾਂ ਦੀਆਂ ਹਦਾਇਤਾਂ ਉਥੇ ਅਮਲ ਕਰਦੇ ਹੋਏ ਕੱਲ ਇੱਕ ਟਰੈਵਲ ਏਜੈਂਟ ਸਤਨਾਮ ਸਿੰਘ ਵਾਸੀ ਕੋਟਲੀ ਖਹਿਰਾ ਵਿਰੁੱਧ ਥਾਣਾ ਭਿੰਡੀ ਸੈਦਾਂ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਵਿਰੁੱਧ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਸ ਵੀ ਟਰੈਵਲ ਏਜੰਟ ਨੇ ਤੁਹਾਡੇ ਕੋਲੋਂ ਪੈਸੇ ਲਏ ਹਨ ਅਤੇ ਤੁਹਾਨੂੰ ਠੱਗਿਆ ਹੈ, ਉਸ ਦੇ ਖਿਲਾਫ ਪ੍ਰਵਾਸੀ ਭਾਰਤੀ ਮਾਮਲਿਆਂ ਕੋਲੇ ਸ਼ਿਕਾਇਤ ਦਰਜ ਕਰਾਓ ਤਾਂ ਜੋ ਅਸੀਂ ਉਸ ਵਿਰੋਧ ਠੋਸ ਕਾਰਵਾਈ ਯਕੀਨੀ ਬਣਾ ਸਕੀਏ।
ਧਾਲੀਵਾਲ ਨੇ ਦੱਸਿਆ ਕਿ ਮਨੁੱਖੀ ਤਸਕਰੀ ਦਾ ਇਹ ਨੈੱਟਵਰਕ ਬਹੁਤ ਵੱਡਾ ਹੈ ਜੋ ਕਿ ਦੇਸ਼ ਦੇ ਪਿੰਡਾਂ ਤੋਂ ਲੈ ਕੇ ਦੁਨੀਆਂ ਭਰ ਦੇ ਵੱਡੇ ਮਹਾਂ ਨਗਰਾਂ ਤੱਕ ਫੈਲਿਆ ਹੋਇਆ ਹੈ ਅਤੇ ਇਸ ਦੀਆਂ ਜੜਾਂ ਬਹੁਤ ਮਜਬੂਤ ਹਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹਇਆ ਕੀਤਾ ਹੈ ਕਿ ਪੰਜਾਬ ਵਿੱਚੋਂ ਉਸਦੀਆਂ ਜੜਾਂ ਦਾ ਖਾਤਮਾ ਕਰ ਦਿੱਤਾ ਜਾਵੇਗਾ ਜਿਸ ਦੀ ਅਸੀਂ ਸ਼ੁਰੂਆਤ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਠੱਗਣ ਵਾਲੇ ਅਤੇ ਗੁੰਮਰਾਹ ਕਰਨ ਵਾਲੇ ਇਨ੍ਹਾਂ ਮਨੁੱਖੀ ਤਸਕਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਨ੍ਹਾਂ ਦੇ ਦਫਤਰ ਸੀਲ ਕੀਤੇ ਜਾਣਗੇ।
ਡਿਪੋਰਟੇਸ਼ਨ ਮਗਰੋਂ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, DGP ਵੱਲੋਂ ਚਾਰ ਮੈਂਬਰੀ SIT ਦਾ ਗਠਨ
NEXT STORY