ਲੁਧਿਆਣਾ,(ਵਿੱਕੀ)- ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਜੇਕਰ ਜਲਦ ਮਾਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਨਹੀਂ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਝੋਨੇ ਲਈ ਬਾਰਦਾਨੇ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਨੂੰ ਝੋਨੇ ਦੀ ਸਾਰੀ ਫਸਲ ਭਰਨ ਲਈ ਕੁੱਲ 97000 ਗੱਠਾਂ ਦੀ ਜ਼ਰੂਰਤ ਹੈ, ਜਿਸ ਵਿਚੋਂ 70 ਪ੍ਰਤੀਸ਼ਤ ਗੱਠਾਂ ਮਿੱਲਰਾਂ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਦਕਿ 30 ਪ੍ਰਤੀਸ਼ਤ ਤਕਰੀਬਨ 28500 ਗੱਠਾਂ (1 ਗੱਠ ਵਿੱਚ 500 ਥੈਲਾ) ਦਾ ਪ੍ਰਬੰਧ ਰਾਜ ਦੀਆਂ ਖੁਰਾਕ ਏਜੰਸੀਆਂ ਦੁਆਰਾ ਕੀਤਾ ਜਾਣਾ ਹੈ। ਖੁਰਾਕ ਏਜੰਸੀਆਂ ਦੇ ਆਂਕੜਿਆਂ ਮੁਤਾਬਿਕ ਉਨ੍ਹਾਂ ਕੋਲ 22820 ਗੱਠਾਂ ਹਨ ਜਦੋਂ ਕਿ ਫਸਲ ਨੂੰ ਨਿਰਵਿਘਨ ਖਰੀਦਣ ਲਈ 5618 ਹੋਰ ਗੱਠਾਂ ਲੋੜੀਂਦੀਆ ਹਨ।
ਸੀਨੀਅਰ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਹ ਜੋੜ-ਤੋੜ ਕਰਕੇ ਬਾਰਦਾਨੇ ਦਾ ਪ੍ਰਬੰਧ ਕਰ ਰਹੇ ਹਨ ਪਰ ਜੇਕਰ ਮਾਲ ਗੱਡੀਆਂ ਦੀ ਆਵਾਜਾਈ ਜਲਦ ਸੁਰੂ ਨਾ ਹੋਈ ਤਾਂ ਉਨ੍ਹਾਂ ਨੂੰ ਬਾਰਦਾਨੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋੜ ਪੂਰੀ ਕਰਨ ਲਈ ਉਨ੍ਹਾਂ ਨੂੰ ਬਾਰਦਾਨੇ ਦੇ ਲਈ ਘੱਟੋ-ਘੱਟ 125 ਰੇਲ ਗੱਡੀ ਦੇ ਡੱਬਿਆਂ ਦੀ ਜ਼ਰੂਰਤ ਹੈ ਜੋ ਕਿ ਕਿਸੇ ਹੋਰ ਸਾਧਨਾਂ ਰਾਹੀਂ ਸੰਭਵ ਨਹੀਂ ਹੈ।
ਗੋਦਾਮਾਂ ਵਿਚ ਜਗ੍ਹਾ ਦੀ ਘਾਟ ਇਕ ਹੋਰ ਚਿੰਤਾ ਹੈ :
ਅਧਿਕਾਰੀਆਂ ਨੇ ਦੱਸਿਆ ਕਿ ਬਾਰਦਾਨੇ ਦੀ ਘਾਟ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਚੌਲ ਦੇ ਨਵੇਂ ਮਾਲ ਨੂੰ ਰੱਖ-ਰਖਾਅ ਲਈ ਗੁਦਾਮਾਂ ਵਿੱਚ ਜਗ੍ਹਾ ਦੀ ਵੀ ਘਾਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਰੇਲ ਗੱਡੀਆਂ ਦੇ ਰੁਕਣ ਕਰਕੇ ਚੌਲ ਅਤੇ ਕਣਕ ਦੀ ਦੂਜੇ ਰਾਜਾਂ ਵਿੱਚ ਸਪਲਾਈ ਨਹੀਂ ਹੋ ਪਾ ਰਹੀ।
ਜਾਣਕਾਰੀ ਅਨੁਸਾਰ ਜਿੱਥੇ ਰੋਜ਼ਾਨਾ 2 ਤੋਂ 5 ਵਿਸ਼ੇਸ਼ ਰੇਲ ਗੱਡੀਆਂ ਆਉਂਦੀਆਂ ਸਨ ਜੋ ਚੌਲ ਅਤੇ ਕਣਕ ਦੂਜੇ ਰਾਜਾਂ ਵਿਚ ਸਪਲਾਈ ਕਰਨ ਲਈ ਲਿਜਾਦੀਆਂ ਹਨ ਅਤੇ ਗੋਦਾਮਾਂ ਵਿਚ ਚੌਲ ਅਤੇ ਕਣਕ ਦੇ ਨਵੇਂ ਭੰਡਾਰ ਲਈ ਜਗ੍ਹਾ ਖਾਲੀ ਹੋ ਜਾਂਦੀ ਹੈ।
ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰੇਲ ਗੱਡੀਆਂ ਦੇ ਰੁਕਣ ਕਾਰਨ ਉਹ ਹਾਲੇ ਤੱਕ ਸਿਰਫ ਚੌਲਾਂ ਅਤੇ ਕਣਕ ਦੀਆਂ ਦੋ ਗੱਡੀਆਂ ਹੀ ਭੇਜ ਸਕੇ ਹਨ, ਜਦੋਂ ਰੇਲ ਗੱਡੀਆਂ ਇਕ ਦਿਨ ਲਈ ਚੱਲੀਆਂ ਸਨ।
ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 325 ਨਵੇਂ ਮਾਮਲੇ ਆਏ ਸਾਹਮਣੇ, 12 ਦੀ ਮੌਤ
NEXT STORY