ਜਲੰਧਰ (ਬਿਊਰੋ) : ਬੀਤੇ ਦਿਨੀਂ ਪੰਜਾਬੀ ਗਾਇਕਾ ਜੈਨੀ ਜੌਹਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ 'ਚ ਆਪਣਾ ਗੀਤ 'ਲੈਟਰ ਟੂ ਸੀ. ਐੱਮ' ਰਿਲੀਜ਼ ਕੀਤਾ ਸੀ। ਇਸ ਗੀਤ ਦੇ ਰਿਲੀਜ਼ ਹੁੰਦਿਆਂ ਹੀ ਇਸ ਦੀ ਚਰਚਾ ਚਾਰੇ ਪਾਸੇ ਹੋਣ ਲੱਗੀ। ਦਰਅਸਲ, ਜੈਨੀ ਜੌਹਲ ਨੇ ਇਸ ਗੀਤ ਰਾਹੀਂ ਸਿੱਧੂ ਦੇ ਇਨਸਾਫ਼ ਨੂੰ ਲੈ ਕੇ ਹੋ ਰਹੀ ਦੇਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਨਿਸ਼ਾਨੇ ਕੱਸੇ ਸਨ। ਇਹ ਗੀਤ ਸੁਣਦੇ ਹੀ ਸਿਆਸੀ ਗਲਿਆਰਿਆਂ 'ਚ ਇਸ ਗੀਤ ਦੀ ਚਰਚਾ ਹੋਣ ਲੱਗੀ, ਜਿਸ ਤੋਂ ਬਾਅਦ ਕੁਝ ਘੰਟਿਆਂ 'ਚ ਹੀ ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ।
ਕੇਂਦਰ ਸਰਕਾਰ ਨੂੰ ਲਿਆਂ ਲੰਮੇ ਹੱਥੀਂ
ਉਥੇ ਹੀ ਇਹ ਸਭ ਵੇਖਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਪਾਰਾ ਇਕ ਵਾਰ ਫ਼ਿਰ ਸੱਤਵੇਂ ਅਸਮਾਨ 'ਤੇ ਜਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਪੁੱਤਰ ਦੇ ਇਨਸਾਫ਼ ਲਈ ਕੋਈ ਆਵਾਜ਼ ਉਠਾ ਰਿਹਾ ਹੈ ਤਾਂ ਤੁਸੀਂ ਉਸ ਨੂੰ ਦਬਾਅ ਰਹੇ ਹੋ। ਉਨ੍ਹਾਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਾਡੇ ਘਰ ਦਾ ਇਹ ਮਾਹੌਲ ਸਰਕਾਰ ਦੀ ਨਾਕਾਮੀ ਕਾਰਨ ਬਣਿਆ ਹੈ। ਮੂਸੇਵਾਲਾ ਦੀ ਮੌਤ ਲਈ ਸਿਰਫ਼ ਪੰਜਾਬ ਸਰਕਾਰ ਹੀ ਨਹੀਂ ਸਗੋਂ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਿਆਂਪਾਲਿਕਾ ਪ੍ਰਤੀ ਵੀ ਗੁੱਸਾ ਹੈ, ਕਿਉਂਕਿ ਉਹ ਵੀ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਨ ਪਰ ਮੇਰੇ ਪੁੱਤਰ ਦੇ ਮਨੁੱਖੀ ਅਧਿਕਾਰਾਂ ਨੂੰ ਮਿੱਟੀ 'ਚ ਰੋਲ ਦਿੱਤਾ ਗਿਆ ਕਿਉਂਕਿ ਮੈਨੂੰ ਅੱਜ ਤੱਕ ਮੇਰੇ ਪੁੱਤਰ ਦੀ ਦਸਤਾਰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਮੈਂ ਪ੍ਰਿਤਪਾਲ ਸਿੰਘ ਨੂੰ ਰੱਬ ਮੰਨਦਾ ਸੀ ਕਿ ਇਸ ਨੇ ਮੇਰੇ ਲੜਕੇ ਦੇ ਕਤਲ ਨੂੰ ਟਰੇਸ ਕਰ ਲਿਆ ਹੈ, ਪਰ ਮੈਨੂੰ ਨਹੀਂ ਸੀ ਪਤਾ ਸੀ ਕਿ ਸਾਡੇ ਅਧਿਕਾਰੀ ਗੈਂਗਸਟਰਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਤਸਵੀਰਾਂ ਖਿਚਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਹੱਕ 'ਚ ਬੋਲਣ ਵਾਲਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਚਰਨ ਕੌਰ ਨੇ ਸ਼ਰੇਆਮ ਆਖੀਆਂ ਇਹ ਗੱਲਾਂ
ਉਥੇ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਾਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਲਈ ਸਾਨੂੰ ਸਿਰ ਝੁਕਾ ਕੇ ਚੱਲਣਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕਾ ਜੈਨੀ ਜੌਹਲ ਨੇ ਆਪਣੇ ਗੀਤ 'ਚ ਸੱਚ ਬੋਲਿਆ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਅੱਜ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਸ ਲੜਕੀ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਸ ਲਈ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ, ਕਿਉਂਕਿ ਸਾਡੇ 'ਚ ਸੱਚ ਬੋਲਣ ਦੀ ਹਿੰਮਤ ਨਹੀਂ ਹੈ। ਸਰਕਾਰ ਨੇ ਸਾਡੇ ਤੋਂ 20 ਦਿਨ ਦਾ ਸਮਾਂ ਮੰਗਿਆ ਸੀ ਪਰ 5 ਮਹੀਨੇ ਹੋ ਗਏ ਹਨ, ਅੱਜ ਤੱਕ ਇਨਸਾਫ਼ ਨਹੀਂ ਮਿਲਿਆ।
ਪਿਛਲੇ ਇਕ ਮਹੀਨੇ ਤੋਂ ਕਾਫ਼ੀ ਖਰਾਬ ਸਨ ਬਲਕੌਰ ਸਿੰਘ
ਦੱਸਣਯੋਗ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਪਿਛਲੇ ਇਕ ਮਹੀਨੇ ਤੋਂ ਕਾਫ਼ੀ ਖਰਾਬ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਸੀ। ਸਿਹਤ ਠੀਕ ਹੋਣ ਮਗਰੋਂ ਅੱਜ ਐਤਵਾਰ ਨੂੰ ਉਨ੍ਹਾਂ ਨੇ ਆਪਣੇ ਘਰ ਪਹੁੰਚੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਖ਼ਰਾਬ ਸਿਹਤ ਕਾਰਨ ਗ਼ੈਰ-ਹਾਜ਼ਰ ਸਨ ਤੇ ਪਰਮਾਤਮਾ ਦੀ ਕਿਰਪਾ ਨਾਲ ਹੁਣ ਮੁੜ ਤੋਂ ਸੰਘਰਸ਼ ਸ਼ੁਰੂ ਕਰ ਰਹੇ ਹਨ।
ਪੰਜਾਬ ਦੇ ਬਰਾਮਦਕਾਰਾਂ ਦੀ ਵਧੀ ਮੁਸ਼ਕਲ, ਕੇਂਦਰ ਨੇ ਨਿਰਯਾਤ ਕੀਤੇ ਸਾਮਾਨ 'ਤੇ GST ਛੋਟ ਲਈ ਵਾਪਸ
NEXT STORY