ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਨਾ ਹੋਣ ਕਾਰਨ ਬੁੱਧਵਾਰ ਨੂੰ ਵੱਡੇ ਪੱਧਰ ’ਤੇ ਵਿਰੋਧ ਦਿਖਾਈ ਦਿੱਤਾ। ਇਹ ਰੋਸ ਪ੍ਰਦਰਸ਼ਨ 25ਵੇਂ ਦਿਨ ’ਚ ਦਾਖ਼ਲ ਹੋ ਗਿਆ। ਪੀ. ਯੂ. ਵਿਦਿਆਰਥੀ ਮੋਰਚਾ ਵੱਲੋਂ ਬੰਦ ਦੇ ਸੱਦੇ ਤੋਂ ਬਾਅਦ ਕੈਂਪਸ ’ਚ ਤਣਾਅ ਦਾ ਮਾਹੌਲ ਰਿਹਾ। ਹਾਲਾਂਕਿ ਯੂਨੀਵਰਸਿਟੀ ਦੇ ਸਾਰੇ ਗੇਟ ਖੁੱਲ੍ਹੇ ਰਹੇ ਤੇ ਸੁਰੱਖਿਆ ਲਈ ਹਰ ਗੇਟ ’ਤੇ ਪੁਲਸ ਮੁਸਤੈਦ ਰਹੀ ਪਰ ਕੈਂਪਸ ਦੀਆਂ ਸੜਕਾਂ ’ਤੇ ਸੰਨਾਟਾ ਦਿਖਾਈ ਦਿੱਤੀ। ਵੀ. ਸੀ. ਦਫ਼ਤਰ ਸਾਹਮਣੇ ਵਿਦਿਆਰਥੀਆਂ ਤੇ ਸਮਰਥਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਸੈਨੇਟ ਚੋਣਾਂ ਫੌਰੀ ਤੌਰ ’ਤੇ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਨਾਲ ਹੀ ਪੀ. ਯੂ. ਨੂੰ ਪੰਜਾਬ ਦਾ ਹਿੱਸਾ ਬਣਾਈ ਰੱਖਣ ਲਈ ਵੀ ਨਾਅਰੇਬਾਜ਼ੀ ਕੀਤੀ ਗਈ। ਅੰਦੋਲਨ ਦੇ ਅਗਲੇ ਪੜਾਅ ਦੇ ਹਿੱਸੇ ਵਜੋਂ ਮੋਰਚੇ ਨੇ ਐਲਾਨ ਕੀਤਾ ਕਿ 3 ਦਸੰਬਰ ਨੂੰ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਭਾਜਪਾ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ।
ਕਈ ਜੱਥੇਬੰਦੀਆਂ ਦਾ ਸਮਰਥਨ ਪਰ ਗਿਣਤੀ ਘੱਟ ’ਚ ਪਹੁੰਚੇ
ਕਿਸਾਨ ਯੂਨੀਅਨਾਂ ਦੇ ਕੁੱਝ ਮੈਂਬਰ ਵੀ ਮੌਜੂਦ ਸਨ। ਵੱਡੇ ਪੱਧਰ ’ਤੇ ਕਿਸਾਨ ਸੈਕਟਰ-43 ਦੇ ਦੁਸਹਿਰਾ ਗਰਾਊਂਡ ’ਚ ‘ਪੰਜਾਬ ਬਚਾਓ’ ਮੁਹਿੰਮ ਹੇਠ ਇਕੱਠੇ ਹੋਏ ਸਨ, ਜਿਸ ਕਾਰਨ ਕਈ ਮੈਂਬਰ ਕੈਂਪਸ ਨਹੀਂ ਪਹੁੰਚ ਸਕੇ। ਦੋਆਬਾ ਕਿਸਾਨ ਕਮੇਟੀ, ਕੌਮੀ ਕਿਸਾਨ ਯੂਨੀਅਨ, ਅਕਾਲੀ ਦਲ (ਵਾਰਸ ਪੰਜਾਬ ਦੇ), ਬੰਦੀ ਸਿੰਘ ਮੋਰਚਾ, ਕਿਸਾਨ ਸੰਘਰਸ਼ ਕਮੇਟੀ, ਭਾ.ਕਿ.ਯੂ. (ਸਿੱਧੂਪੁਰ), ਨਰੇਗਾ ਮਜ਼ਦੂਰ ਜਥੇਬੰਦੀਆਂ ਸਣੇ ਕਈ ਸੰਗਠਨਾਂ ਨੇ ਰੋਸ ਨੂੰ ਸਮਰਥਨ ਦਿੱਤਾ।
ਵੀ. ਸੀ. ਦਫ਼ਤਰ ਦੇ ਬਾਹਰ ਦਿਨ ਭਰ ਹੋਈ ਨਾਅਰੇਬਾਜ਼ੀ
ਵੀ. ਸੀ. ਦਫ਼ਤਰ ਬਾਹਰ ਲੱਗੇ ਸਪੀਕਰਾਂ ਰਾਹੀਂ ਮੁੱਖ ਤੌਰ ’ਤੇ ਮੰਗ ਚੁੱਕੀ ਗਈ ਕਿ ਪਿਛਲੇ ਸਵਾ ਸਾਲ ਤੋਂ ਰੁਕੀ ਸੈਨੇਟ ਚੋਣਾਂ ਨੂੰ ਜਲਦੀ ਕਰਵਾਇਆ ਜਾਵੇ। ਵਿਦਿਆਰਥੀਆਂ ਨੇ ਦਲੀਲ ਦਿੱਤੀ ਕਿ ਯੂਨੀਵਰਸਿਟੀ ਦਾ ਇਸ ਤਰ੍ਹਾਂ ਬਿਨਾਂ ਸੈਨੇਟ ਬਾਡੀ ਕੰਮ ਕਰਨਾ ਅਕਾਦਮਿਕ ਸਿਹਤ ਲਈ ਘਾਤਕ ਹੈ। ਕੈਂਪਸ ’ਚ ਦਿਨ ਭਰ ਚੰਡੀਗੜ੍ਹ ਪੰਜਾਬ ਦਾ ਹੈ ਤੇ ਸੈਨੇਟ ਚੋਣਾਂ ਹੁਣੇ ਕਰੋ... ਵਰਗੇ ਨਾਅਰੇ ਗੂੰਜਦੇ ਰਹੇ।
ਲਾਇਬ੍ਰੇਰੀ, ਸਟੂਡੈਂਟ ਸੈਂਟਰ ਤੇ ਕੈਂਪਸ ਮਾਰਕੀਟ ਰਹੀ ਬੰਦ
ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਚੋਣਾਂ ਦੇ ਐਲਾਨ ਬਾਰੇ ਵਾਅਦਾ ਪੂਰਾ ਨਾ ਕਰਨ ਤੋਂ ਬਾਅਦ ਵਿਦਿਆਰਥੀ ਮੋਰਚੇ ਨੇ ਕੈਂਪਸ ਪੂਰੀ ਤਰ੍ਹਾਂ ਬੰਦ ਕਰਨ ਦੀ ਅਪੀਲ ਕੀਤੀ ਸੀ। ਵਿਦਿਆਰਥੀ ਭਾਈਚਾਰੇ ਦੀ ਮਜ਼ਬੂਤ ਹਿਮਾਇਤ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ। ਨਾਲ ਹੀ ਯੂਨੀਵਰਸਿਟੀ ਲਾਇਬ੍ਰੇਰੀ, ਸਟੂਡੈਂਟ ਸੈਂਟਰ ਤੇ ਮਾਰਕੀਟ ਵੀ ਬੰਦ ਕੀਤੀ ਗਈ। ਹਾਲਾਂਕਿ ਕੈਂਪਸ ’ਚ ਲੰਗਰ ਸੇਵਾ ਜਾਰੀ ਰਹੀ।
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਸੂਬਾ ਵਾਸੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਸਹੂਲਤ
NEXT STORY