ਬਨੂੜ (ਗੁਰਪਾਲ) : ਰਿਫਾਇੰਡ ਤੇਲ, ਬਨਸਪਤੀ ਘਿਓ ਤੇ ਸਰ੍ਹੋਂ ਦੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਜਿੱਥੇ ਘਰੇਲੂ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ, ਉੱਥੇ ਹੀ ਦੁਕਾਨਾਂ ਦਾ ਹਿਸਾਬ-ਕਿਤਾਬ ਵੀ ਗੜਬੜਾ ਗਿਆ ਹੈ। ਪਿਛਲੇ ਇਕ ਮਹੀਨੇ 'ਚ ਸਰ੍ਹੋਂ ਦਾ ਤੇਲ 40 ਫ਼ੀਸਦੀ ਅਤੇ ਰਿਫਾਇੰਡ 'ਚ 30 ਤੋਂ 35 ਫੀਸਦੀ ਤੇਜ਼ੀ ਆਈ ਹੈ ਅਤੇ 125 ਤੋਂ 145 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਨਸਪਤੀ ਘਿਓ ਵਿਕ ਰਿਹਾ ਹੈ। ਤਿਓਹਾਰਾਂ ਦੇ ਦਿਨਾਂ 'ਚ ਸਰ੍ਹੋਂ ਦੇ ਤੇਲ ਦੀ ਖਪਤ ਵੱਧ ਜਾਂਦੀ ਹੈ।
ਪਸ਼ੂ ਚਾਰੇ ਲਈ ਵਰਤੀ ਜਾਂਦੀ ਖਲ ਦੀ ਬੋਰੀ 1100 ਤੋਂ 1500 ਰੁਪਏ ਦੀ ਹੋ ਗਈ ਹੈ। ਦਾਲਾਂ ਦੀਆਂ ਕੀਮਤਾਂ 'ਚ 15 ਤੋਂ 20 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ ਆ ਗਈ ਹੈ। ਆਲੂ 50 ਰੁਪਏ, ਪਿਆਜ਼ 60 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਸਾਰੀਆਂ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਕਾਰਨ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੀ ਰਸੋਈ 'ਚੋਂ ਹਰੀਆਂ ਸਬਜ਼ੀਆਂ ਗਾਇਬ ਹੋ ਗਈਆਂ ਹਨ। ਮਜ਼ਦੂਰੀ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ 300 ਰੁਪਏ ਦੀ ਦਿਹਾੜੀ ਨਾਲ ਘਰ ਨਹੀਂ ਚੱਲ ਰਿਹਾ ਕਿਉਂਕਿ ਦਿਹਾੜੀ ਦੇ ਪੈਸਿਆਂ ਨਾਲ ਘਰੇਲੂ ਸਾਮਾਨ ਵੀ ਨਹੀਂ ਆਉਂਦਾ।
ਮਹਿੰਗਾਈ ਦਾ ਸਭ ਤੋਂ ਵੱਧ ਅਸਰ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ 'ਤੇ ਪੈ ਰਿਹਾ ਹੈ। ਕਿਸਾਨ ਆਗੂ ਜਤਿੰਦਰ ਰੋਮੀ ਅਬਰਾਵਾਂ, ਜਸਵੰਤ ਸਿੰਘ ਹੁਲਕਾ ਤੇ ਨੰਬਰਦਾਰ ਪ੍ਰੇਮ ਕੁਮਾਰ ਮਾਣਕਪੁਰ ਨੇ ਕੇਂਦਰ ਸਰਕਾਰ ਤੋਂ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਦੀ ਮੰਗ ਕੀਤੀ ਤਾਂ ਜੋ ਗਰੀਬ ਤੇ ਮੱਧ ਵਰਗ ਦੇ ਲੋਕ ਆਪਣੇ ਪਰਿਵਾਰ ਦਾ ਢਿੱਡ ਸੌਖੇ ਤਰੀਕੇ ਨਾਲ ਭਰ ਸਕਣ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੋਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਵੀ ਮੰਗ ਕੀਤੀ।
ਕਿਸਾਨਾਂ ਨੇ ਮਨੋਰੰਜਨ ਕਾਲੀਆ ਦਾ ਘਿਰਾਓ ਕਰਕੇ ਕੀਤਾ ਘਰ ਅੰਦਰ ਬੰਦ, ਗੱਡੀ ਵੀ ਲਈ ਕਬਜ਼ੇ 'ਚ
NEXT STORY