ਮੋਹਾਲੀ, (ਨਿਆਮੀਆਂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਅੱਜ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮੋਹਾਲੀ ਵਿਚ ਜ਼ੋਰਦਾਰ ਰੋਸ ਧਰਨਾ ਦਿੱਤਾ ਅਤੇ ਚੰਡੀਗੜ੍ਹ ਵੱਲ ਮਾਰਚ ਕੀਤਾ । ਪੰਜਾਬ ਪੁਲਸ ਨੇ ਕਿਸਾਨਾਂ ਦੇ ਧਰਨੇ ਵਿਚ ਕਿਸੇ ਤਰ੍ਹਾਂ ਦੀ ਕੋਈ ਅੜਚਣ ਨਹੀਂ ਪਾਈ ਅਤੇ ਅਮਨ-ਸ਼ਾਂਤੀ ਨਾਲ ਉਨ੍ਹਾਂ ਨੂੰ ਚੰਡੀਗੜ੍ਹ ਵੱਲ ਜਾਣ ਦਿੱਤਾ ਪਰ ਬਾਅਦ ਵਿਚ ਚੰਡੀਗੜ੍ਹ ਪੁਲਸ ਨੇ ਕਿਸਾਨਾਂ ਨੂੰ ਮੋਹਾਲੀ-ਚੰਡੀਗੜ੍ਹ ਸੀਮਾ 'ਤੇ ਬੈਰੀਕੇਡ ਲਗਾ ਕੇ ਰੋਕ ਲਿਆ । ਕਿਸਾਨ ਆਪਣੇ ਨਾਲ ਗੰਨੇ ਦੀ ਭਰੀਆਂ ਲੈ ਕੇ ਆਏ ਸਨ, ਜਿਨ੍ਹਾਂ ਨੂੰ ਉਨ੍ਹਾਂ ਰੋਸ ਵਜੋਂ ਅਰਥੀ ਦੇ ਤੌਰ 'ਤੇ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਸੀ ।
ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਡੀ ਗਿਣਤੀ ਵਿਚ ਕਿਸਾਨ ਸਭ ਤੋਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਚ ਇਕੱਠੇ ਹੋਏ । ਇਥੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਉਨ੍ਹਾਂ ਦੀ ਅਗਵਾਈ ਕਰ ਰਹੇ ਸਨ । ਕਿਸਾਨ ਆਪਣੇ ਟਰੈਕਟਰ-ਟਰਾਲੀਆਂ 'ਤੇ ਸਵਾਰ ਹੋ ਕੇ ਫੇਜ਼-8 ਵਿਚ ਪੁੱਜੇ । ਕਿਸਾਨਾਂ ਨੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਧਰਨਾ ਲਗਾਉਣ ਲਈ ਗੁਰੂ ਸਾਹਿਬ ਤੋਂ ਆਸ਼ੀਰਵਾਦ ਹਾਸਿਲ ਕੀਤਾ ।
ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਵੀ ਉਥੇ ਪਹੁੰਚ ਗਏ । ਪਿਛਲੇ ਧਰਨੇ ਦੌਰਾਨ ਜਲ ਤੋਪ ਦਾ ਇਕ ਜ਼ਬਰਦਸਤ ਫੁਹਾਰਾ ਲੱਖੋਵਾਲ ਦੀ ਛਾਤੀ 'ਤੇ ਲੱਗਿਆ ਸੀ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਅੱਖ ਨੂੰ ਵੀ ਨੁਕਸਾਨ ਪਹੁੰਚਿਆ ਸੀ । ਇਸ ਲਈ ਉਹ ਅੰਦਰੂਨੀ ਸੱਟਾਂ ਅਤੇ ਅੱਖ ਦਾ ਇਲਾਜ ਕਰਵਾਉਣ ਲਈ ਕੈਨੇਡਾ ਗਏ ਹੋਏ ਸਨ, ਜਿਥੋਂ ਸਿੱਧੇ ਉਹ ਅੱਜ ਧਰਨੇ ਵਿਚ ਪੁੱਜੇ।
ਸਾਰੇ ਕਿਸਾਨ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਲਗਭਗ ਢਾਈ ਵਜੇ ਰਵਾਨਾ ਹੋਏ । ਵੱਡੀ ਗਿਣਤੀ ਵਿਚ ਪੁਲਸ ਬਲ ਉਨ੍ਹਾਂ ਨਾਲ ਚੱਲ ਰਿਹਾ ਸੀ, ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸਾਨਾਂ ਦੀ ਪੁਲਸ ਬਲ ਨਾਲ ਜਾਂ ਤਾਂ ਬਹਿਸ ਹੋਵੇਗੀ ਜਾਂ ਸਥਿਤੀ ਗੰਭੀਰ ਬਣੇਗੀ ਪਰ ਕਿਸਾਨਾਂ ਨੇ ਜ਼ਾਬਤੇ ਵਿਚ ਰਹਿੰਦੇ ਹੋਏ ਆਪਣੇ ਧਰਨੇ ਦਾ ਰੂਪ ਸ਼ਾਂਤਮਈ ਰੱਖਿਆ । ਕਿਸਾਨਾਂ ਦੇ ਅੱਗੇ-ਅੱਗੇ ਵੱਡੀ ਗਿਣਤੀ ਵਿਚ ਪੁਲਸ ਬਲ ਚੱਲ ਰਿਹਾ ਸੀ । ਡੋਲਫਿਨ ਚੌਕ (ਵਾਈ. ਪੀ. ਐੱਸ.) ਕੋਲ ਪੰਜਾਬ ਪੁਲਸ ਦੇ ਜਵਾਨ ਡੀ. ਐੱਸ. ਪੀ. ਰਮਨਦੀਪ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਖੜ੍ਹੇ ਸਨ, ਜਿਵੇਂ ਹੀ ਕਿਸਾਨ ਉਨ੍ਹਾਂ ਦੇ ਨਜ਼ਦੀਕ ਆਏ ਤਾਂ ਪੁਲਸ ਕਿਸਾਨਾਂ ਦੇ ਅੱਗੇ-ਅੱਗੇ ਚੰਡੀਗੜ੍ਹ ਵੱਲ ਚੱਲ ਪਈ । ਜਿਵੇਂ ਹੀ ਕਿਸਾਨ ਚੰਡੀਗੜ੍ਹ ਦੀ ਸੀਮਾ ਕੋਲ ਪੁੱਜੇ ਤਾਂ ਉਥੇ ਚੰਡੀਗੜ੍ਹ ਪੁਲਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ । ਕਿਸਾਨਾਂ ਨੂੰ ਆਪਣੇ ਵੱਲ ਵਧਦੇ ਵੇਖ ਚੰਡੀਗੜ੍ਹ ਪੁਲਸ ਨੇ ਜਲ ਤੋਪ ਅਤੇ ਦੰਗਾ ਰੋਕੂ ਵਾਹਨ ਬੈਰੀਕੇਡਾਂ ਦੇ ਹੋਰ ਨੇੜੇ ਕਰਨੇ ਸ਼ੁਰੂ ਕਰ ਦਿੱਤੇ । ਕਿਸਾਨਾਂ ਨੇ ਲਾਊਡ ਸਪੀਕਰ ਨਾਲ ਚੰਡੀਗੜ੍ਹ ਪੁਲਸ ਨੂੰ ਸੂਚਨਾ ਦਿੱਤੀ ਕਿ ਉਹ ਇਥੇ ਕਿਸੇ ਨਾਲ ਟਕਰਾਓ ਕਰਨ ਲਈ ਨਹੀਂ ਆਏ, ਸਗੋਂ ਆਪਣੇ ਹੱਕ ਮੰਗਣ ਲਈ ਆਏ ਹੈ।
ਕਿਸਾਨਾਂ ਨੇ ਆਪਣੇ ਟਰੈਕਟਰ-ਟਰਾਲੀਆਂ ਸੜਕ 'ਤੇ ਹੀ ਖੜ੍ਹੇ ਕਰ ਦਿੱਤੇ ਅਤੇ ਤਪ ਰਹੀ ਸੜਕ ਤੇ ਕੜਕੜਾਉਂਦੀ ਧੁੱਪ 'ਚ ਹੇਠਾਂ ਬੈਠ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ । ਪੈ ਰਹੀ ਗਰਮੀ ਅਤੇ ਧਰਨੇ 'ਤੇ ਬੈਠੇ ਬਜ਼ੁਰਗ ਕਿਸਾਨਾਂ ਨੂੰ ਵੇਖ ਕੇ ਮੋਹਾਲੀ ਪੁਲਸ ਨੇ ਤੁਰੰਤ ਉਨ੍ਹਾਂ ਲਈ ਪਾਣੀ ਦਾ ਪ੍ਰਬੰਧ ਕੀਤਾ । ਕਿਸਾਨ ਆਪਣੇ ਨਾਲ ਵੱਡੀ ਮਾਤਰਾ ਵਿਚ ਦੁੱਧ ਅਤੇ ਹੋਰ ਖਾਣ-ਪੀਣ ਦਾ ਸਾਮਾਨ ਲੈ ਕੇ ਆਏ ਹੋਏ ਸਨ, ਉਨ੍ਹਾਂ ਨੇ ਨਾਲ ਹੀ ਆਪਣਾ ਲੰਗਰ ਚਾਲੂ ਕਰ ਦਿੱਤਾ ।
ਆਪਣੀਆਂ ਮੰਗਾਂ ਬਾਰੇ ਦੱਸਦੇ ਹੋਏ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਲਗਭਗ 100 ਕਰੋੜ ਰੁਪਏ ਦਾ ਗੰਨੇ ਦਾ ਬਕਾਇਆ ਰਾਜ ਸਰਕਾਰ ਵੱਲ ਖੜ੍ਹਾ ਹੈ । ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ ਕਿ ਗੰਨੇ ਦਾ ਬਕਾਇਆ ਜਾਰੀ ਕੀਤਾ ਜਾਵੇ ਪਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਤੋਂ ਸਰਕਾਰ ਕਿਸਾਨਾਂ ਨੂੰ ਮਨ੍ਹਾ ਕਰ ਰਹੀ ਹੈ, ਇਸ ਲਈ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ, ਤਾਂ ਕਿ ਉਹ ਇਸ ਪਰਾਲੀ ਨੂੰ ਠਿਕਾਣੇ ਲਗਾ ਸਕਣ ਜਾਂ ਸਰਕਾਰ ਖੇਤਾਂ ਵਿਚੋਂ ਪਰਾਲੀ ਇਕੱਠੀ ਕਰਕੇ ਉਸ ਤੋਂ ਚਾਹੇ ਬਿਜਲੀ ਪੈਦਾ ਕਰੇ, ਚਾਹੇ ਖਾਦ ਬਣਾਏ । ਇਸ ਦੇ ਬਦਲੇ ਵਿਚ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਕਿਸਾਨਾਂ ਦੀ ਫਸਲ ਹਮੇਸ਼ਾ ਖ਼ਰਾਬ ਹੁੰਦੀ ਹੈ, ਇਸ ਲਈ ਪਸ਼ੂਆਂ 'ਤੇ ਕਾਬੂ ਪਾਇਆ ਜਾਵੇ, ਗਊ ਸੈੱਸ ਦੇ ਨਾਮ 'ਤੇ ਲੋਕਾਂ ਤੋਂ ਕਰੋੜਾਂ ਰੁਪਏ ਵਸੂਲੇ ਜਾਂਦੇ ਹਨ ਪਰ ਆਵਾਰਾ ਘੁੰਮ ਰਹੇ ਪਸ਼ੂਆਂ 'ਤੇ ਸਰਕਾਰ ਨਕੇਲ ਨਹੀਂ ਪਾਉਂਦੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਸੰਪੂਰਨ ਕਰਜ਼ਾ ਮੁਆਫ ਕਰੇ ਅਤੇ ਇਸ ਸਬੰਧ ਵਿਚ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਆਲੂ ਅਤੇ ਨਰਮੇ ਦੀ ਫਸਲ ਦਾ ਕਿਸਾਨਾਂ ਨੂੰ ਉੱਚਿਤ ਮੁੱਲ ਦਿੱਤਾ ਜਾਵੇ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਨ੍ਹਾਂ ਦਾ ਧਰਨਾ ਅਨਿਸ਼ਚਿਤ ਸਮੇਂ ਲਈ ਜਾਰੀ ਰਹੇਗਾ ।
ਪੁਲਸ ਨੇ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਵਿਚ 11 ਕਿਸਾਨਾਂ ਨੂੰ ਮੁੱਖ ਮੰਤਰੀ ਦੇ ਘਰ ਜਾ ਕੇ ਮੁੱਖ ਸਲਾਹਾਕਾਰ ਸੁਰੇਸ਼ ਕੁਮਾਰ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਕਿਸਾਨਾਂ ਨੇ ਮੰਨ ਲਿਆ । ਸੁਰੇਸ਼ ਕੁਮਾਰ ਨਾਲ ਕਿਸਾਨਾਂ ਦੀ ਗੱਲ ਸਿਰੇ ਨਹੀਂ ਚੜ੍ਹੀ ਕਿਉਂਕਿ ਸਰਕਾਰ 5 ਕਿਸ਼ਤਾਂ ਵਿਚ ਗੰਨੇ ਦਾ ਬਕਾਇਆ ਅਦਾ ਕਰਨਾ ਚਾਹੁੰਦੀ ਸੀ । ਕਿਸਾਨ ਪਹਿਲੀ ਕਿਸ਼ਤ ਦੇ ਤੌਰ 'ਤੇ 20 ਕਰੋੜ ਰੁਪਏ ਲੈਣ ਨੂੰ ਬਿਲਕੁਲ ਵੀ ਤਿਆਰ ਨਹੀਂ ਹੋਏ । ਬਾਅਦ ਵਿਚ ਕਿਸਾਨਾਂ ਨੇ ਪੱਕਾ ਧਰਨਾ ਲਗਾਉਣ ਦਾ ਫੈਸਲਾ ਕਰ ਲਿਆ ਅਤੇ ਉਨ੍ਹਾਂ ਨਾਲ ਲਿਆਂਦੇ ਗਏ 8 ਲਾਂਗਰੀਆਂ ਨੇ ਕਿਸਾਨਾਂ ਲਈ ਰਾਤ ਦਾ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੰਪੂਰਨ ਭਾਰਤੀ ਪ੍ਰਧਾਨ ਨਿਰੇਸ਼ ਟਿਕੈਤ, ਭਾਕਿਊ ਹਰਿਆਣੇ ਦੇ ਪ੍ਰਧਾਨ ਰਤਨ ਸਿੰਘ ਮਾਨ, ਭਾਕਿਊ ਦੇ ਉਪ ਪ੍ਰਧਾਨ ਮਾਸਟਰ ਸ਼ਮਸ਼ੇਰ ਸਿੰਘ ਘੜੂੰਆਂ, ਅਵਤਾਰ ਸਿੰਘ ਮੇਹਲੋਂ, ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਜ਼ਿਲਾ ਮੋਹਾਲੀ ਦੇ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਮੇਜਰ ਸਿੰਘ ਪੋਪਨਾ, ਪ੍ਰਗਟ ਸਿੰਘ ਮੁੰਡੀ, ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਹਰਮੇਲ ਸਿੰਘ ਭਟੇੜੀ, ਗੁਰਮੀਤ ਸਿੰਘ ਖੂਨੀ ਮਾਜਰਾ, ਕੁਲਦੀਪ ਸਿੰਘ ਕੁਰੜੀ, ਹਰੀ ਸਿੰਘ ਚਡਿਆਲਾ, ਨਛੱਤਰ ਸਿੰਘ ਬੈਦਵਾਣ, ਮਨਪ੍ਰੀਤ ਸਿੰਘ ਅਮਲਾਲਾ, ਕਰਮ ਸਿੰਘ ਕਾਰਕੌਰ, ਗੁਰਮੁੱਖ ਸਿੰਘ ਲਵਲੀ ਅਤੇ ਹੋਰ ਕਿਸਾਨ ਵੱਡੀ ਗਿਣਤੀ ਵਿਚ ਮੌਜੂਦ ਸਨ ।
ਕਿਸਾਨ ਖੁਦਕੁਸ਼ੀਆਂ ਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਦਾ ਵਿਰੋਧੀ ਧਿਰ 'ਤੇ ਹਮਲਾ
NEXT STORY