ਹੁਸ਼ਿਆਰਪੁਰ, (ਅਮਰਿੰਦਰ)- ਹੁਸ਼ਿਆਰਪੁਰ ਦੇ ਕਸਬਾ ਬੁੱਲ੍ਹੋਵਾਲ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ 'ਚ ਹੋਏ ਬਹੁ-ਚਰਚਿਤ ਗੋਲਡ ਲੋਨ ਘਪਲਾ ਮਾਮਲੇ 'ਚ ਦੋਸ਼ੀ ਫਾਇਨਾਂਸਰ ਸੁਖਵਿੰਦਰਪਾਲ ਸਿੰਘ ਸੰਨੀ ਨੂੰ ਬੁੱਲ੍ਹੋਵਾਲ ਪੁਲਸ ਨੇ ਅਦਾਲਤ 'ਚ ਪੇਸ਼ ਕਰ ਕੇ ਹੋਰ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਪੁੱਛਗਿੱਛ ਲਈ ਦੋਸ਼ੀ ਸੰਨੀ ਦਾ 1 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ। ਵਰਣਨਯੋਗ ਹੈ ਕਿ ਇਸ ਮਾਮਲੇ ਦਾ ਦੂਜਾ ਦੋਸ਼ੀ ਜਿਊਲਰ ਜਤਿੰਦਰ ਸਿੰਘ ਲਵਲੀ ਅਜੇ ਵੀ ਫ਼ਰਾਰ ਚੱਲ ਰਿਹਾ ਹੈ।
ਆਰ.ਟੀ.ਆਈ. ਐਕਟੀਵਿਸਟ ਰਾਜੀਵ ਵਸ਼ਿਸ਼ਟ ਨੇ ਦੋਸ਼ ਲਾਇਆ ਕਿ ਦੋਸ਼ੀ ਫਾਇਨਾਂਸਰ ਸੰਨੀ ਦੇ ਪਰਿਵਾਰ ਦੇ ਨਾਂ 'ਤੇ 8 ਗੋਲਡ ਲੋਨਾਂ ਦਾ ਕਰੀਬ 25.56 ਲੱਖ ਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਬੈਂਕ ਪ੍ਰਬੰਧਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ, ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਫਾਇਨਾਂਸਰ ਸੰਨੀ ਦੇ ਪਰਿਵਾਰ ਨੇ 8 ਗੋਲਡ ਲੋਨ ਇਸ ਬੈਂਕ ਤੋਂ ਲਏ ਹਨ। ਇਕੱਲੇ ਸੰਨੀ ਦੇ ਨਾਂ 'ਤੇ 3 ਗੋਲਡ ਲੋਨ ਹਨ। ਰਿਕਾਰਡ ਅਨੁਸਾਰ ਉਸ ਦੇ ਨਾਂ 'ਤੇ 8 ਲੱਖ 57 ਹਜ਼ਾਰ 358 ਰੁਪਏ ਦਾ ਕਰਜ਼ਾ ਹੈ, ਜਦਕਿ ਉਸ ਦੇ ਸੋਨੇ ਦੀ ਬਾਜ਼ਾਰੀ ਕੀਮਤ ਸਿਰਫ 2 ਲੱਖ 62 ਹਜ਼ਾਰ ਰੁਪਏ ਹੈ। ਇਸ ਤੋਂ ਇਲਾਵਾ ਉਸ ਦੀ ਪਤਨੀ ਰਾਜਵਿੰਦਰ ਕੌਰ ਦੇ ਨਾਂ 'ਤੇ 2 ਗੋਲਡ ਲੋਨਾਂ ਦਾ 7 ਲੱਖ 68 ਹਜ਼ਾਰ 454 ਰੁਪਏ ਦਾ ਕਰਜ਼ਾ ਹੈ ਪਰ ਉਸ ਦੇ ਸੋਨੇ ਦੀ ਬਾਜ਼ਾਰੀ ਕੀਮਤ ਸਿਰਫ 1 ਲੱਖ 82 ਹਜ਼ਾਰ ਰੁਪਏ ਹੈ। ਸੰਨੀ ਦੇ ਪਿਤਾ ਕਸ਼ਮੀਰ ਸਿੰਘ ਵੱਲ 1 ਗੋਲਡ ਲੋਨ ਅਧੀਨ 3 ਲੱਖ 98 ਹਜ਼ਾਰ 403 ਰੁਪਏ ਦੀ ਕਰਜ਼ਾ ਰਾਸ਼ੀ ਖੜ੍ਹੀ ਹੈ, ਜਦਕਿ ਉਸ ਦੇ ਸੋਨੇ ਦੀ ਕੀਮਤ ਸਿਰਫ 58 ਹਜ਼ਾਰ ਹੈ।
ਇਸੇ ਤਰ੍ਹਾਂ ਸੰਨੀ ਦੀ ਮਾਂ ਵਿਮਲਾ ਵੱਲ 2 ਗੋਲਡ ਲੋਨਾਂ ਦੀ 5 ਲੱਖ 32 ਹਜ਼ਾਰ 36 ਰੁਪਏ ਦੀ ਕਰਜ਼ ਰਾਸ਼ੀ ਖੜ੍ਹੀ ਹੈ, ਜਦਕਿ ਉਸ ਦੇ ਸੋਨੇ ਦੀ ਕੀਮਤ ਸਿਰਫ 1 ਲੱਖ 64 ਹਜ਼ਾਰ ਰੁਪਏ ਬਣਦੀ ਹੈ। ਵਸ਼ਿਸ਼ਟ ਨੇ ਦੋਸ਼ ਲਾਇਆ ਕਿ ਬੈਂਕ ਪ੍ਰਬੰਧਨ ਨਾਲ ਮਿਲ ਕੇ ਦੋਸ਼ੀ ਫਾਇਨਾਂਸਰ ਸੰਨੀ ਨੇ ਆਪਣੇ ਪਰਿਵਾਰ ਦੇ ਨਾਂ 'ਤੇ 8 ਗੋਲਡ ਲੋਨ ਲਏ, ਜਿਨ੍ਹਾਂ ਦੀ ਕੁੱਲ ਕਰਜ਼ਾ ਰਾਸ਼ੀ 25 ਲੱਖ 56 ਹਜ਼ਾਰ 251 ਰੁਪਏ ਬਣਦੀ ਹੈ, ਜਦਕਿ ਬੈਂਕ 'ਚ ਰੱਖੇ ਸੋਨੇ ਦੀ ਕੀਮਤ ਇਸ ਸਮੇਂ ਸਿਰਫ 6 ਲੱਖ 66 ਹਜ਼ਾਰ ਰੁਪਏ ਹੈ। ਇਸ ਤਰ੍ਹਾਂ ਫਾਇਨਾਂਸਰ ਦੇ ਪਰਿਵਾਰ ਨੇ ਬੈਂਕ ਨੂੰ 18 ਲੱਖ 90 ਹਜ਼ਾਰ 251 ਦਾ ਨੁਕਸਾਨ ਪਹੁੰਚਾਇਆ ਹੈ।
ਨਾਜਾਇਜ਼ ਮਾਈਨਿੰਗ 'ਤੇ ਪੁਲਸ ਦਾ ਛਾਪਾ, ਕਰੋੜਾਂ ਦੀ ਮਸ਼ੀਨਰੀ ਜ਼ਬਤ
NEXT STORY