ਬਠਿੰਡਾ (ਸੁਖਵਿੰਦਰ)-ਸੀ. ਆਈ. ਏ. ਸਟਾਫ਼ ਦਾ ਮੁਲਾਜ਼ਮ ਦੱਸ ਕੇ ਇਕ ਬਜ਼ੁਰਗ ਦਾ ਮੋਬਾਇਲ ਅਤੇ ਨਕਦੀ ਲਿਜਾਣ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਫੋਟੋ ਵਟਸਐਪ 'ਤੇ ਪਾਈ ਗਈ ਸੀ, ਜਿਸ ਤੋਂ ਲੋਕਾਂ ਨੇ ਪਛਾਣ ਕਰ ਕੇ ਉਸ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ 4 ਅਕਤੂਬਰ ਨੂੰ ਜੁਗਰਾਜ ਸਿੰਘ ਵਾਸੀ ਪਾਵਰ ਹਾਊਸ ਰੋਡ ਸਬਜ਼ੀ ਖਰੀਦ ਕੇ ਆਪਣੇ ਘਰ ਜਾ ਰਿਹਾ ਸੀ। ਜਲੇਬੀ ਚੌਕ ਨਜ਼ਦੀਕ ਖੜ੍ਹੇ ਇਕ ਐਕਟਿਵਾ ਸਵਾਰ ਵਿਅਕਤੀ ਨੇ ਆਪਣੇ ਆਪ ਨੂੰ ਸੀ. ਆਈ. ਏ. ਸਟਾਫ਼ ਦਾ ਮੁਲਾਜ਼ਮ ਦੱਸ ਕੇ ਬਜ਼ੁਰਗ 'ਤੇ ਰੋਅਬ ਝਾੜਨਾ ਸ਼ੁਰੂ ਕਰ ਦਿੱਤਾ ਅਤੇ ਬਜ਼ੁਰਗ 'ਤੇ ਪੋਸਤ ਸਪਲਾਈ ਕਰਨ ਦਾ ਦੋਸ਼ ਲਾਉਂਦਿਆਂ ਉਸ ਦੇ ਥੈਲੇ ਤੇ ਘਰ ਦੀ ਤਲਾਸ਼ੀ ਲੈਣ ਲਈ ਕਿਹਾ। ਇਸ ਤੋਂ ਬਾਅਦ ਬਜ਼ੁਰਗ ਘਬਰਾਅ ਗਿਆ ਅਤੇ ਉਸ ਦੀ ਐਕਟਿਵਾ 'ਤੇ ਉਸ ਨਾਲ ਆਪਣੇ ਘਰ ਚਲਾ ਗਿਆ। ਘਰ ਪਹੁੰਚ ਕੇ ਪੀੜਤ ਆਪਣਾ ਥੈਲਾ ਤੇ ਪਰਸ ਵੀ ਬਾਹਰ ਛੱਡ ਕੇ ਘਰ ਅੰਦਰ ਚਲਾ ਗਿਆ ਪਰ ਜਿਵੇਂ ਹੀ ਉਹ ਘਰ ਅੰਦਰ ਦਾਖਲ ਹੋਇਆ ਤਾਂ ਮੁਲਜ਼ਮ ਉਸ ਦਾ ਪਰਸ ਲੈ ਕੇ ਫਰਾਰ ਹੋ ਗਿਆ। ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਪਰਸ ਵਿਚ 2500 ਰੁਪਏ ਨਕਦ ਅਤੇ ਇਕ ਮੋਬਾਇਲ ਮੌਜੂਦ ਸੀ। ਇਸ ਤੋਂ ਬਾਅਦ ਹੀ ਉਸ ਨੂੰ ਠੱਗੀ ਹੋਣ ਦਾ ਪਤਾ ਲੱਗਿਆ। ਤੁਰੰਤ ਉਸ ਵੱਲੋਂ ਉਕਤ ਮਾਮਲੇ ਦੀ ਸੂਚਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਅਤੇ ਬਾਅਦ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਦੀ ਫੋਟੋ ਕੱਢ ਕੇ ਵਟਸਐਪ 'ਤੇ ਅਪਲੋਡ ਕੀਤੀ ਗਈ। ਮੰਗਲਵਾਰ ਨੂੰ ਜਦੋਂ ਉਕਤ ਵਿਅਕਤੀ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਦਵਾਈ ਲੈ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਨੂੰ ਪਛਾਣ ਲਿਆ। ਇਸ ਤੋਂ ਬਾਅਦ ਲੋਕਾਂ ਨੇ ਉਕਤ ਵਿਅਕਤੀ ਨੂੰ ਫੜ ਕੇ ਹਸਪਤਾਲ ਚੌਕੀ ਹਵਾਲੇ ਕਰ ਦਿੱਤਾ ਪਰ ਮਾਮਲਾ ਕਚਹਿਰੀ ਚੌਕ ਵਿਚ ਹੋਣ ਕਾਰਨ ਮੁਲਜ਼ਮ ਨੂੰ ਕਚਹਿਰੀ ਥਾਣੇ ਵੱਲ ਭੇਜ ਦਿੱਤਾ ਗਿਆ।
ਮੁਲਜ਼ਮ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਹੀ ਅਜਿਹਾ ਕਦਮ ਉਠਾਇਆ ਸੀ। ਇਸ ਸਬੰਧੀ ਕਚਹਿਰੀ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੁਖਜਿੰਦਰ ਸਿੰਘ ਨੇ ਕਿਹਾ ਕਿ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਵੱਲੋਂ ਦਾਣਾ ਮੰਡੀ ਫਤਿਆਬਾਦ ਦਾ ਦੌਰਾ
NEXT STORY