ਲੁਧਿਆਣਾ (ਵਿੱਕੀ) : ਕੈਪਟਨ ਸਰਕਾਰ ਦੇ 1 ਸਾਲ ਦੇ ਸ਼ਾਸਨ ਕਾਲ 'ਚ ਦੂਜੇ ਸਿੱਖਿਆ ਮੰਤਰੀ ਬਣਾਏ ਗਏ ਓਮ ਪ੍ਰਕਾਸ਼ ਸੋਨੀ ਬੇਸ਼ੱਕ ਸੀਨੀਅਰ ਕਾਂਗਰਸੀ ਵਿਧਾਇਕ ਹੋਣ ਕਾਰਨ ਤਜ਼ਰਬੇਕਾਰ ਕਹੇ ਜਾਂਦੇ ਹਨ ਪਰ ਰਾਜ ਦੀ ਤਰੱਕੀ ਦਾ ਆਧਾਰ ਮਤਲਬ ਸਿੱਖਿਆ ਵਿਭਾਗ ਦਾ ਸੰਚਾਲਨ ਸੁਚਾਰੂ ਢੰਗ ਨਾਲ ਕਰਨਾ ਉਨ੍ਹਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਇਸ ਗੱਲ 'ਚ ਕੋਈ ਦੁਚਿੱਤੀ ਨਹੀਂ ਕਿ ਅਰੁਣਾ ਚੌਧਰੀ ਨੇ ਆਪਣੇ 1 ਸਾਲ ਦੇ ਕਾਰਜਕਾਲ ਦੌਰਾਨ ਕਈ ਯੋਜਨਾਵਾਂ ਅਮਲ 'ਚ ਲਿਆਉਂਦੇ ਹੋਏ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਿਭਾਗੀ ਕਾਰਜਾਂ 'ਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਹਨ ਪਰ ਹੁਣ ਵੀ ਕਈ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦਾ ਸਮਾਂ ਆਇਆ ਤਾਂ ਕੈਪਟਨ ਨੇ ਉਨ੍ਹਾਂ ਦਾ ਵਿਭਾਗ ਬਦਲ ਕੇ ਨਵੇਂ ਕੈਬਨਿਟ ਮੰਤਰੀ ਓ. ਪੀ. ਸੋਨੀ ਨੂੰ ਸੌਂਪ ਦਿੱਤਾ। ਹੁਣ ਚੌਧਰੀ ਵੱਲੋਂ ਚਲਾਈਆਂ ਗਈਆਂ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਚਾਲੂ ਰੱਖਣਾ ਵੀ ਸੌਖਾ ਨਹੀਂ ਹੋਵੇਗਾ।
ਫੰਡ ਦੀ ਘਾਟ 'ਚ ਰੁਕ ਜਾਂਦੀਆਂ ਹਨ ਕੇਂਦਰੀ ਸਕੀਮਾਂ
ਇਥੇ ਹੀ ਬਸ ਨਹੀਂ ਸਿੱਖਿਆ ਨਾਲ ਸਬੰਧਤ ਕਈ ਕੇਂਦਰੀ ਸਕੀਮਾਂ 'ਚ ਕੇਂਦਰ ਸਰਕਾਰ ਦੇ ਫੰਡ ਦੇਰੀ ਨਾਲ ਆਉਣ ਕਾਰਨ ਪੰਜਾਬ ਸਰਕਾਰ ਵੀ ਆਪਣਾ ਫੰਡ ਨਹੀਂ ਦੇ ਪਾਉਂਦੀ। ਇਸ ਦੌਰਾਨ ਸਕੂਲਾਂ 'ਚ ਉਕਤ ਸਕੀਮਾਂ ਰੁਕ ਜਾਂਦੀਆਂ ਹਨ। ਉਦਾਹਰਨ ਦੇ ਤੌਰ 'ਤੇ ਮਿਡ-ਡੇ-ਮੀਲ ਦੇ ਫੰਡ ਕਈ ਵਾਰ ਦੇਰੀ ਨਾਲ ਆਉਣ ਦੇ ਕਾਰਨ ਸਕੂਲਾਂ 'ਚ ਉਧਾਰੀ ਚੜ੍ਹਨ ਨਾਲ ਅਧਿਆਪਕਾਂ ਨੂੰ ਮਿਡ-ਡੇ-ਮੀਲ ਰੋਕਣੀ ਪੈਂਦੀ ਹੈ ਤੇ ਬੱਚਿਆਂ ਨੂੰ ਖਾਲੀ ਪੇਟ ਘਰਾਂ ਨੂੰ ਮੁੜਨਾ ਪੈਂਦਾ ਹੈ। ਇਸ ਦੌਰਾਨ ਸੋਨੀ ਨੂੰ ਲੱਖਾਂ ਵਿਦਿਆਰਥੀਆਂ ਨਾਲ ਜੁੜੀਆਂ ਸਕੀਮਾਂ ਨੂੰ ਬਿਨਾਂ ਰੁਕਾਵਟ ਸਰਕਾਰੀ ਸਕੂਲਾਂ 'ਚ ਚੱਲਦੇ ਰਹਿਣ ਲਈ ਕੋਈ ਉਪਾਅ ਲੱਭਣੇ ਹੋਣਗੇ ਤਾਂ ਕਿ ਅਧਿਆਪਕਾਂ ਦੀ ਜੇਬ 'ਤੇ ਬੋਝ ਵੀ ਨਾ ਪਵੇ ਤੇ ਬੱਚਿਆਂ ਨੂੰ ਮਿਡ-ਡੇ-ਮੀਲ ਵੀ ਨਿਰੰਤਰ ਮਿਲਦਾ ਰਹੇ।
ਨਵੇਂ ਸਿੱਖਿਆ ਮੰਤਰੀ ਤੋਂ ਕਈ ਉਮੀਦਾਂ : ਰੁਦਰਾ
ਨਿੱਜੀ ਸਕੂਲਾਂ ਨੂੰ ਵੀ ਨਵੇਂ ਸਿੱਖਿਆ ਮੰਤਰੀ ਤੋਂ ਕਈ ਉਮੀਦਾਂ ਹਨ। ਐਸੋ. ਆਫ ਪ੍ਰਾਈਵੇਟ ਅਨਏਡਿਡ ਸਕੂਲਜ਼ ਆਫ ਪੰਜਾਬ ਸੀ. ਬੀ. ਐੱਸ. ਈ. ਦੇ ਪ੍ਰਧਾਨ ਰਾਜੇਸ਼ ਰੁਦਰਾ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਸਕੂਲਾਂ ਨਾਲ ਜੁੜੀਆਂ ਮੰਗਾਂ ਵੱਖ-ਵੱਖ ਸਿੱਖਿਆ ਮੰਤਰੀਆਂ ਦੇ ਜ਼ਰੀਏ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਤਾਂ ਕੀਤਾ ਪਰ ਉਮੀਦ ਜਿੰਨੀ ਸਫਲਤਾ ਨਹੀਂ ਮਿਲ ਸਕੀ। ਰੁਦਰਾ ਨੇ ਕਿਹਾ ਕਿ ਹੁਣ ਨਵੇਂ ਸਿੱਖਿਆ ਮੰਤਰੀ ਓ. ਪੀ. ਸੋਨੀ ਨਾਲ ਮਿਲ ਕੇ ਐਸੋ. ਨਿੱਜੀ ਸਕੂਲਾਂ ਨੂੰ ਸਰਕਾਰ ਵੱਲੋਂ ਆਉਣ ਵਾਲੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਵਾਉਣ ਦੇ ਲਈ ਕੋਈ ਸਥਾਈ ਫਾਰਮੂਲੇ ਲਾਗੂ ਕਰਵਾਏਗੀ।
ਅਧਿਆਪਕਾਂ ਦੀਆਂ ਕਈ ਮੰਗਾਂ ਅਜੇ ਵੀ ਅੱਧ-ਵਿਚਾਲੇ
ਪਹਿਲਾਂ ਲੁਧਿਆਣਾ ਤੇ ਫਿਰ ਪਟਿਆਲਾ 'ਚ ਆਪਣੀਆਂ ਮੰਗਾਂ ਲਈ ਇਕੱਠੇ ਹੋਣ ਵਾਲੇ ਸਾਂਝਾ ਅਧਿਆਪਕ ਮੋਰਚਾ ਦੇ ਹਜ਼ਾਰਾਂ ਅਧਿਆਪਕਾਂ ਦੀਆਂ ਮੰਗਾਂ ਵੀ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਦਾ ਹੱਲ ਕਰਵਾਉਣਾ ਓਮ ਪ੍ਰਕਾਸ਼ ਸੋਨੀ ਦੇ ਲਈ ਕੋਈ ਸੌਖਾ ਰਸਤਾ ਨਹੀਂ ਹੈ। ਅਧਿਆਪਕ ਨੇਤਾਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਹਾਲ ਹੀ 'ਚ ਲਾਗੂ ਕੀਤੀ ਗਈ 7 ਸਾਲ ਦੀ ਸਟੇਅ ਵਾਲੇ ਅਧਿਆਪਕਾਂ ਦੀ ਬਦਲੀ ਠੇਕੇ 'ਤੇ ਤਾਇਨਾਤ ਅਧਿਆਪਕਾਂ ਨੂੰ ਰੈਗੂਲਰ ਕਰਨਾ, 9 ਤੋਂ 8 ਪੀਰੀਅਡ ਕਰ ਕੇ ਸਰਕਾਰੀ ਸਕੂਲਾਂ 'ਚ ਪੋਸਟਾਂ ਨੂੰ ਖਾਲੀ ਕਰਨਾ, 800 ਸਕੂਲਾਂ ਨੂੰ ਬੰਦ ਕਰਨਾ, ਰੈਸ਼ਨੇਲਾਈਜ਼ੇਸ਼ਨ ਸਬੰਧੀ ਆਦਿ ਮੰਗਾਂ ਹਨ, ਜੋ ਮੋਰਚਾ ਦੇ ਅਧਿਆਪਕ ਪਿਛਲੇ ਕਾਫੀ ਸਮੇਂ ਤੋਂ ਚੁੱਕ ਰਹੇ ਹਨ ਪਰ ਉਨ੍ਹਾਂ ਨੂੰ ਹੁਣ ਤੱਕ ਸਰਕਾਰ ਦੇ ਲਾਲੀਪੌਪ ਤੋਂ ਸਿਵਾ ਕੁਝ ਨਹੀਂ ਮਿਲਿਆ।
5 ਮਹੀਨਿਆਂ ਤੋਂ ਅਧਿਆਪਕਾਂ ਨੂੰ ਨਹੀਂ ਮਿਲੀ ਤਨਖਾਹ
ਹੁਣ ਅੱਗੇ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ 'ਚ ਤਾਇਨਾਤ ਐੱਸ. ਐੱਸ. ਏ. ਰਮਸਾ ਅਧਿਆਪਕਾਂ ਦੀ ਤਨਖਾਹ ਪੈਂਡਿੰਗ ਹੋਣ ਦਾ ਮਾਮਲਾ ਬੇਹੱਦ ਗੰਭੀਰ ਹੈ। ਐੱਸ. ਐੱਸ. ਏ. ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਨੇ ਦੱਸਿਆ ਕਿ ਸਕੂਲਾਂ 'ਚ ਪੜ੍ਹਾ ਰਹੇ ਲਗਭਗ 10 ਹਜ਼ਾਰ ਐੱਸ. ਐੱਸ. ਏ. ਅਧਿਆਪਕ ਪਿਛਲੇ 5 ਤੇ ਰਮਸਾ ਅਧਿਆਪਕ ਪਿਛਲੇ 3 ਮਹੀਨਿਆਂ ਤੋਂ ਤਨਖਾਹ ਆਉਣ ਦੀ ਉਡੀਕ 'ਚ ਹਨ। ਸਰਕਾਰ ਦੀ ਇਸ ਅਣਦੇਖੀ ਕਾਰਨ ਅਧਿਆਪਕਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪਏ ਹਨ। ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਯੂਨੀਅਨ ਦੇ ਅਧਿਆਪਕ ਹੁਣ 25 ਅਪ੍ਰੈਲ ਨੂੰ ਡੀ. ਜੀ. ਐੱਸ. ਈ. ਕੋਲ ਜਾ ਰਹੇ ਹਨ। ਮੁੱਦਕੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੈਲਰੀ ਇੰਨੀ ਦੇਰੀ ਨਾਲ ਦੇਣੀ ਹੈ ਤਾਂ ਅਧਿਆਪਕਾਂ ਦੇ ਘਰਾਂ 'ਚ ਰਾਸ਼ਨ ਦਾ ਪ੍ਰਬੰਧ ਕਿਵੇਂ ਹੋਵੇਗਾ? ਸਿੱਖਿਆ ਵਿਭਾਗ 'ਚ ਅਧਿਆਪਕਾਂ ਦੀ ਸੈਲਰੀ ਨਾਲ ਜੁੜੇ ਮਾਮਲੇ ਹਰ ਮਹੀਨੇ ਆਉਂਦੇ ਹਨ। ਹੁਣ ਇਨ੍ਹਾਂ ਮਾਮਲਿਆਂ ਨੂੰ ਕਿਵੇਂ ਦਰੁੱਸਤ ਕੀਤਾ ਜਾਵੇ। ਇਸ ਦੇ ਲਈ ਵੀ ਨਵੇਂ ਸਿੱਖਿਆ ਮੰਤਰੀ ਨੂੰ ਫਾਰਮੂਲਾ ਲੱਭਣਾ ਹੋਵੇਗਾ।
ਇਨ੍ਹਾਂ 'ਤੇ ਵੀ ਦੇਣਾ ਹੋਵੇਗਾ ਧਿਆਨ
ਕਈ ਸਕੂਲਾਂ 'ਚ ਇੰਗਲਿਸ਼ ਮੀਡੀਅਮ ਕਲਾਸਾਂ ਸ਼ੁਰੂ ਕਰਨ ਵਾਲੀ ਕੈਪਟਨ ਸਰਕਾਰ ਦੇ ਸ਼ਾਸਨ ਕਾਲ ਦੇ ਪਹਿਲੇ ਪੜਾਅ 'ਚ ਕਈ ਸਕੂਲ ਇਸ ਤਰ੍ਹਾਂ ਦੇ ਹਨ, ਜਿਥੇ ਹੁਣ ਤੱਕ ਮੀਡੀਅਮ ਦੀਆਂ ਕਿਤਾਬਾਂ ਵੀ ਪੂਰੀ ਤਰ੍ਹਾਂ ਨਹੀਂ ਪਹੁੰਚਣ ਦੀ ਚਰਚਾ ਹੈ। ਇਸ ਦੇ ਇਲਾਵਾ ਅਧਿਆਪਕਾਂ ਦੀ ਨਵੀਂ ਤਬਾਦਲਾ ਨੀਤੀ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਲਾਗੂ ਕਰਨਾ ਨਵੇਂ ਸਿੱਖਿਆ ਮੰਤਰੀ ਦੇ ਲਈ ਮੁਸ਼ਕਲ ਕਦਮ ਹੋਵੇਗਾ। ਉਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਆਨਲਾਈਨ ਅਟੈਂਡੈਂਸ ਸਿਸਟਮ ਸ਼ੁਰੂ ਕਰਨ ਦੇ ਬਾਅਦ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਕਿ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਮਸ਼ੀਨਾਂ 'ਚ ਤਕਨੀਕੀ ਅੜਚਨਾਂ ਦੇ ਕਾਰਨ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਸੁਚਾਰੂ ਨਹੀਂ ਹੋ ਸਕੀ। ਇਕ ਸਾਬਕਾ ਪਿੰ੍ਰਸੀਪਲ ਅਨੂਪ ਪਾਸੀ ਦੀ ਮੰਨੀਏ ਤਾਂ ਨਵੇਂ ਸਿੱਖਿਆ ਮੰਤਰੀ ਨੂੰ ਪਹਿਲਾਂ ਕੁਝ ਸਮੇਂ ਲਈ ਖੁਦ ਹੀ ਵਿਭਾਗ, ਅਧਿਆਪਕਾਂ, ਵਿਦਿਆਰਥੀਆਂ ਤੇ ਸਕੂਲਾਂ ਨਾਲ ਜੁੜੇ ਹਰੇਕ ਕੰਮ ਦੀ ਗੰਭੀਰਤਾ ਨਾਲ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਮੁਤਾਬਕ ਵਿਭਾਗ ਦੇ ਕਾਰਜ ਨੂੰ ਸੁਚਾਰੂ ਢੰਗ ਨਾਲ ਚਲਾ ਕੇ ਇਕ ਮਿਸਾਲ ਬਣ ਸਕਣ।
ਸ਼੍ਰੀ ਵਿਜੇ ਚੋਪੜਾ ਤੇ ਮਨਜੀਤ ਟੀਟੂ ਨੇ ਮਾਂ ਛਿਨਮਸਤਿਕਾ ਧਾਮ ਲਈ 25 ਬੱਸਾਂ ਕੀਤੀਆਂ ਰਵਾਨਾ
NEXT STORY