ਮਾਨਸਾ (ਸੰਦੀਪ ਮਿੱਤਲ) : ਮਾਨਸਾ ਦੇ ਸੀਨੀਅਰ ਪੁਲਸ ਕਪਤਾਨ ਵੈਭਵ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਬ-ਡਵੀਜ਼ਨ ਮਾਨਸਾ ਪੁਲਸ ਵੱਲੋਂ ਜ਼ਿਲ੍ਹੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਾਤ ਸਮੇਂ ਗਸ਼ਤ ਅਤੇ ਚੈਕਿੰਗ ਵਧਾ ਦਿੱਤੀ ਗਈ ਹੈ। ਇਸ ਸਬੰਧੀ ਡੀ. ਐੱਸ. ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ ਵੱਲੋਂ ਸਬ-ਡਵੀਜ਼ਨ ਅਧੀਨ ਆਉਂਦੇ ਸਮੂਹ ਥਾਣਾ ਮੁਖੀਆਂ ਅਤੇ ਚੌਂਕੀ ਇੰਚਾਰਜਾਂ ਨੂੰ ਰਾਤ ਸਮੇਂ ਵਿਸ਼ੇਸ਼ ਚੌਕਸੀ ਵਰਤਣ, ਗਸ਼ਤ ਵਧਾਉਣ ਅਤੇ ਅਚਨਚੇਤ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਗਤੀਵਿਧੀਆਂ ਜਾਂ ਮਾੜੇ ਅਨਸਰਾਂ ਬਾਰੇ ਮਿਲਣ ਵਾਲੀ ਜਾਣਕਾਰੀ ਦੀ ਤੁਰੰਤ ਪੜਤਾਲ ਕਰ ਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇ।
ਡੀ. ਐੱਸ. ਪੀ. ਗਿੱਲ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਪੁਲਸ ਦੀ ਮੁੱਖ ਤਰਜ਼ੀਹ ਹੈ। ਇਸੇ ਤਹਿਤ ਰਾਤ ਦੇ ਸਮੇਂ ਪੁਲਸ ਪਾਰਟੀਆਂ ਵੱਲੋਂ ਵੱਖ-ਵੱਖ ਇਲਾਕਿਆਂ ’ਚ ਗਸ਼ਤ ਦੇ ਨਾਲ-ਨਾਲ ਅਚਨਚੇਤ ਨਾਕਾਬੰਦੀ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਰੋਕਿਆ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਨੂੰ ਗੁਪਤ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸੇ ਦੌਰਾਨ ਡੀ. ਐੱਸ.ਪੀ. ਹਰਜਿੰਦਰ ਸਿੰਘ ਗਿੱਲ ਵੱਲੋਂ ਠੂਠਿਆਂਵਾਲੀ ਚੌਕੀ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਚੌਂਕੀ ਇੰਚਾਰਜ ਮੱਖਣ ਸਿੰਘ ਅਤੇ ਪੁਲਸ ਪਾਰਟੀ ਦੀ ਡਿਊਟੀ ਦਾ ਜਾਇਜ਼ਾ ਲਿਆ। ਡੀ. ਐੱਸ. ਪੀ. ਨੇ ਪੁਲਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਰਾਤ ਸਮੇਂ ਗਸ਼ਤ ਅਤੇ ਚੈਕਿੰਗ ਦੌਰਾਨ ਪੂਰੀ ਚੌਕਸੀ ਵਰਤੀ ਜਾਵੇ ਅਤੇ ਸ਼ੱਕੀ ਵਿਅਕਤੀਆਂ ਤੇ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਵੇ।
ਇੱਟ ਨਾਲ ਮਰਸਡੀਜ਼ ਕਾਰ ਦਾ ਸ਼ੀਸ਼ਾ ਭੰਨ੍ਹ ਕੇ ਲੈਪਟਾਪ ਕੀਤਾ ਚੋਰੀ
NEXT STORY