ਜਲਾਲਾਬਾਦ, (ਸੇਤੀਆ)— ਪਿੰਡ ਲਮੋਚੜ੍ਹ ਖੁਰਦ ਵਿਚ ਪੰਚਾਇਤ ਵੱਲੋਂ ਕਰਵਾਏ ਗਏ ਵਿਕਾਸ ਦੇ ਕੰਮਾਂ ਦੀ ਮਾਣਯੋਗ ਹਾਈ ਕੋਰਟ ਵੱਲੋਂ ਦਿੱਤੇ ਗਏ ਜਾਂਚ ਦੇ ਹੁਕਮ ਤੋਂ ਬਾਅਦ ਸਰਪੰਚ ਦੀ ਅੱਖ ਖੁੱਲ੍ਹੀ ਹੈ ਅਤੇ ਸਰਪੰਚ ਨੇ ਰਾਤੋ-ਰਾਤ ਜੇ. ਸੀ. ਬੀ. ਮਸ਼ੀਨ ਲਾ ਕੇ ਛੱਪੜ ਨੂੰ ਜੋੜਣ ਵਾਲੀਆਂ ਰਹਿੰਦੀਆਂ ਪਾਈਪਾਂ ਨੂੰ ਪਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਸ਼ਿਕਾਇਤਕਰਤਾਵਾਂ ਨੂੰ ਜਦ ਸਰਪੰਚ ਦੀ ਇਸ ਕਾਰਵਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਘੁਬਾਇਆ ਚੌਕੀ ਸੂਚਿਤ ਕੀਤਾ।
ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਪੁੱਤਰ ਪਿਆਰ ਸਿੰਘ ਵਾਸੀ ਲਮੋਚੜ੍ਹ ਖੁਰਦ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਸੋਨਾ ਸਿੰਘ ਵੱਲੋਂ ਪਿਛਲੇ ਸਮੇਂ ਅਕਾਲੀ-ਭਾਜਪਾ ਸਰਕਾਰ ਵਿਚ ਵਿਕਾਸ ਦੇ ਕੰਮ ਕਰਵਾਏ ਗਏ ਸਨ, ਜਿਨ੍ਹਾਂ ਵਿਚ ਵੱਡੇ ਪੱਧਰ 'ਤੇ ਘਪਲਾ ਪਾਏ ਜਾਣ ਦਾ ਸ਼ੱਕ ਸੀ। ਇਸ ਤੋਂ ਬਾਅਦ ਸਾਡੇ ਵੱਲੋਂ ਆਰ. ਟੀ. ਆਈ. ਦੇ ਤਹਿਤ ਮੰਗੀ ਗਈ ਸੂਚਨਾ ਦੇ ਆਧਾਰ 'ਤੇ ਪਿੰਡ ਦੇ ਵਿਕਾਸ ਕਾਰਜਾਂ ਦੀ ਜਾਂਚ ਮੰਗੀ ਗਈ ਪਰ ਸੁਣਵਾਈ ਨਾ ਹੋਣ ਤੋਂ ਬਾਅਦ ਉਨ੍ਹਾਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਅਤੇ ਅਦਾਲਤ ਵੱਲੋਂ ਰਿੱਟ ਪਟੀਸ਼ਨ ਨੰਬਰ-653 ਦੇ ਆਧਾਰ 'ਤੇ ਡੀ. ਡੀ. ਪੀ. ਓ. ਫਾਜ਼ਿਲਕਾ ਨੂੰ 4 ਹਫਤਿਆਂ 'ਚ ਇਨਕੁਆਰੀ ਕਰ ਕੇ ਰਿਪੋਰਟ ਸੌਂਪਣ ਦੇ ਹੁਕਮ ਜਾਰੀ ਕੀਤੇ ਗਏ, ਜਦਕਿ 4 ਹਫਤਿਆਂ ਦਾ ਸਮਾਂ ਬੀਤ ਚੁੱਕਾ ਸੀ ਅਤੇ ਬੀਤੀ ਰਾਤ ਸਰਪੰਚ ਸੋਨਾ ਸਿੰਘ ਵੱਲੋਂ ਘਪਲੇ ਵਾਲੇ ਕੰਮਾਂ ਨੂੰ ਛੁਪਾਉਣ ਲਈ ਰਾਤੋ-ਰਾਤ ਜੇ. ਬੀ. ਸੀ. ਮਸ਼ੀਨ ਲਾ ਕੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਡੀ. ਡੀ. ਪੀ. ਓ. ਨਹੀਂ ਦੇ ਸਕੇ ਸਪੱਸ਼ਟ ਜਵਾਬ
ਇਸ ਸਬੰਧੀ ਜਦੋਂ ਡੀ. ਡੀ. ਪੀ. ਓ. ਅਰੁਣ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜੇ. ਈ. ਹਰਮੀਤ ਸਿੰਘ ਦੀ ਜਾਂਚ ਦੀ ਜ਼ਿੰਮੇਵਾਰੀ ਲਾਈ ਗਈ ਹੈ ਅਤੇ ਰਿਪੋਰਟ ਤੋਂ ਬਾਅਦ ਅਸੀਂ ਹਾਈ ਕੋਰਟ ਨੂੰ ਜਾਂਚ ਦੀ ਕਾਪੀ ਭੇਜ ਦੇਵਾਂਗੇ। ਜਦੋਂ ਉਨ੍ਹਾਂ ਨੂੰ ਮਾਣਯੋਗ ਹਾਈ ਕੋਰਟ ਵੱਲੋਂ 4 ਹਫਤਿਆਂ ਦੇ ਦਿੱਤੇ ਸਮੇਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਜਦੋਂ ਬੀਤੀ ਰਾਤ ਸਰਪੰਚ ਵੱਲੋਂ ਚਲਦੀ ਇਨਕੁਆਰੀ ਵਿਚ ਜੇ. ਸੀ. ਬੀ. ਮਸ਼ੀਨ ਰਾਹੀਂ ਪਾਈਪਾਂ ਪਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਕੰਮ ਤੋਂ ਆਪਣੇ-ਆਪ ਨੂੰ ਅਣਜਾਣ ਦੱਸਿਆ ਅਤੇ ਕਿਹਾ ਕਿ ਮੈਂ ਇਸ ਦੀ ਜਾਣਕਾਰੀ ਲੈਂਦਾ ਹਾਂ, ਜੇਕਰ ਇਸ ਤਰ੍ਹਾਂ ਦਾ ਕੰਮ ਹੋਇਆ ਹੈ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ।
1100 ਮੀਟਰ ਦੀ ਪਾਈਪ ਪਾ ਕੇ 1250 ਦਾ ਬਣਵਾਇਆ ਸੀ ਬਿੱਲ
ਸ਼ਿਕਾਇਤਕਰਤਾ ਨੇ ਦੱਸਿਆ ਪਿੰਡ ਵਿਚ ਛੱਪੜ ਤੋਂ ਦੂਸਰੇ ਛੱਪੜ ਤੱਕ 1250 ਮੀਟਰ ਪਾਈਪ ਕਰੀਬ 10 ਲੱਖ ਰੁਪਏ ਵਿਚ ਪਾਈ ਜਾਣੀ ਸੀ ਪਰ ਸਰਪੰਚ ਵੱਲੋਂ 1100 ਮੀਟਰ ਹੀ ਪਾਈਪ ਪਾਈ ਗਈ ਹੈ, ਜਦਕਿ ਬਿੱਲ 1250 ਮੀਟਰ ਦਾ ਪਾਸ ਕਰਵਾਇਆ ਗਿਆ ਹੈ ਅਤੇ 150 ਮੀਟਰ ਦਾ ਬਿੱਲ ਜਾਅਲੀ ਪਾਸ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਦਫਤਰ ਵਿਚ 2 ਵਾਰ ਫਰਨੀਚਰ ਦਾ ਬਿੱਲ 24 ਹਜ਼ਾਰ 200 ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਸ਼ਮਸ਼ਾਨਘਾਟ ਦਾ ਸ਼ੈੱਡ, ਜੋ ਕਿ ਨਵਾਂ ਪਾਇਆ ਗਿਆ ਸੀ ਅਤੇ ਜਿਸ ਤੋਂ ਬਾਅਦ ਉਸ ਦੀ ਰਿਪੇਅਰ ਦਾ ਖਰਚਾ ਪਾਇਆ ਗਿਆ ਹੈ।
ਸਰਪੰਚ ਕੋਲੋਂ ਮੰਗਿਆ ਰਿਕਾਰਡ : ਚੌਕੀ ਇੰਚਾਰਜ
ਇਸ ਸਬੰਧੀ ਜਦੋਂ ਚੌਕੀ ਇੰਚਾਰਜ ਸੰਤਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਵਿਕਾਸ ਕੰਮਾਂ ਦੀ ਇਨਕੁਆਰੀ ਕਰਵਾਈ ਜਾ ਰਹੀ ਹੈ ਅਤੇ ਸਰਪੰਚ ਇਨਕੁਆਰੀ ਦੇ ਦੌਰਾਨ ਆਪਣੇ ਘਪਲੇ ਲੁਕਾਉਣ ਲਈ ਰਾਤੋ-ਰਾਤ ਕੰਮ ਕਰਵਾ ਰਿਹਾ ਹੈ, ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚ ਕੇ ਜੇ. ਸੀ. ਬੀ. ਮਸ਼ੀਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਚੌਕੀ ਖੜ੍ਹੀ ਕਰ ਦਿੱਤੀ ਹੈ ਅਤੇ ਮੌਜੂਦਾ ਸਰਪੰਚ ਨੂੰ ਰਿਕਾਰਡ ਪੇਸ਼ ਕਰਨ ਦੀ ਮੰਗ ਕੀਤੀ ਹੈ।
ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਲਿਖ ਦਿਓ : ਸਰਪੰਚ ਸੋਨਾ ਸਿੰਘ
ਜਦੋਂ ਸਰਪੰਚ ਸੋਨਾ ਸਿੰਘ ਨੂੰ ਰਾਤੋ-ਰਾਤ ਪਾਈਪਾਂ ਪਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਹੋਣ ਤੋਂ ਬਾਅਦ ਗੰਦੇ ਪਾਣੀ ਦੀ ਨਿਕਾਸੀ ਲਈ ਇਕ ਛੱਪੜ ਤੋਂ ਦੂਜੇ ਛੱਪੜ ਤੱਕ ਪਾਈਪਾਂ ਪਾਈਆਂ ਜਾ ਰਹੀਆਂ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ 29 ਮਈ 2014 ਨੂੰ 1250 ਮੀਟਰ ਪਾਈਪ ਦੇ ਬਿੱਲ ਦੀ ਅਦਾਇਗੀ ਲੈ ਕੇ ਚੁੱਕੇ ਹੋ ਅਤੇ ਹੁਣ ਕਿਹੜੀ ਪਾਈਪ ਪਾਈ ਜਾ ਰਹੀ ਹੈ ਤਾਂ ਉਨ੍ਹਾਂ ਵੱਲੋਂ ਕੋਈ ਵੀ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਹੈ, ਉਸੇ ਤਰ੍ਹਾਂ ਹੀ ਲਿਖ ਦਿਓ।
ਕਾਰ ਰੋਕ ਕੇ ਨੌਜਵਾਨ ਦੀ ਕੀਤੀ ਕੁੱਟ-ਮਾਰ
NEXT STORY