ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ / ਪਵਨ ਤਨੇਜਾ)-ਇਸ ਵੇਲੇ ਪੂਰੇ ਸੂਬੇ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਭੱਖਿਆ ਹੋਇਆ ਹੈ ਤੇ ਧੂੰਏ ਅਤੇ ਧੁੰਦ ਦੇ ਕਾਰਨ ਮੌਸਮ ਬੇਹੱਦ ਖਰਾਬ ਹੈ ਤੇ ਇਸ ਖਰਾਬ ਮੌਸਮ ਦੇ ਕਾਰਨ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ। ਸਰਕਾਰ ਕਹਿ ਰਹੀ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਤ ਹੁੰਦਾ ਹੈ ਪਰ ਕਿਸਾਨਾਂ ਦੀ ਝੋਨੇ ਦੀ ਪਰਾਲੀ ਨੂੰ ਸਾੜਨਾ ਇਕ ਬਹੁਤ ਵੱਡੀ ਮਜਬੂਰੀ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਕੋਲ ਐਨੇ ਖੇਤੀ ਸੰਦ ਨਹੀਂ ਹਨ, ਜਿਸ ਨਾਲ ਉਹ ਝੋਨੇ ਦੀ ਪਰਾਲੀ ਦਾ ਬਿਨਾਂ ਸਾੜਨ ਤੋਂ ਕੋਈ ਪ੍ਰਬੰਧ ਕਰ ਸਕਣ ਅਤੇ ਨਾ ਹੀ ਉਹਨਾਂ ਨੂੰ ਝੋਨੇ ਦੀ ਪਰਾਲੀ ਦਾ ਕੋਈ ਸਹੀ ਮੁੱਲ ਮਿਲ ਰਿਹਾ ਹੈ। ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਪਿੰਡ ਗੁਲਾਬੇਵਾਲਾ ਦੇ ਨੇੜੇ ਮਾਲਵਾ ਪਾਵਰ ਪ੍ਰਾਈਵੇਟ ਲਿਮਟਿਡ ਪਲਾਂਟ ਲੱਗਿਆ ਹੋਇਆ ਹੈ, ਜੋ ਬਿਜਲੀ ਪੈਦਾ ਕਰ ਰਿਹਾ ਹੈ ਤੇ ਇੱਥੋਂ ਪੈਦਾ ਕੀਤੀ ਬਿਜਲੀ ਪਿੰਡ ਲੁਬਾਣਿਆਂਵਾਲੀ ਦੇ ਬਿਜਲੀ ਗਰਿੱਡ ਨੂੰ ਸਪਲਾਈ ਕੀਤੀ ਜਾਂਦੀ ਹੈ।
ਗੁਲਾਬੇਵਾਲਾ ਪਲਾਂਟ ਦੀ ਸਮਰੱਥਾ
ਮਾਲਵਾ ਪਾਵਰ ਪ੍ਰਾਈਵੇਟ ਲਿਮਟਿਡ ਗੁਲਾਬੇਵਾਲਾ ਜੋ 2004 ਵਿਚ ਸ਼ੁਰੂ ਹੋਇਆ ਸੀ, ਦੇ ਮੈਨੇਜਰ ਦਿਨੇਸ਼ ਭਾਰਦਵਾਜ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਪਲਾਂਟ ਦੀ ਪਰਾਲੀ ਖਰੀਦਣ ਦੀ ਸਮਰੱਥਾ ਸਾਢੇ ਪੰਜ ਲੱਖ ਕੁਇੰਟਲ ਹੈ ਤੇ ਇਸ ਸੀਜ਼ਨ 'ਚ ਅਸੀਂ ਸਾਰੀ ਪਰਾਲੀ ਖਰੀਦ ਲਈ ਹੈ ਤੇ ਹੋਰ ਪਰਾਲੀ ਨਹੀਂ ਖਰੀਦੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪਰਾਲੀ ਦੀਆਂ ਗੱਠਾਂ ਦੀ ਪਲਾਂਟ 'ਚ ਪਹੁੰਚ ਹੋਣ ਤੇ 127 ਰੁਪਏ ਪ੍ਰਤੀ ਕੁਇੰਟਲ ਪੈਸੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਤੋਂ ਇਲਾਵਾ ਦਰੱਖਤਾਂ ਦੇ ਪੱਤੇ, ਸਰ ਕੰਡਾ, ਝੋਨੇ ਦਾ ਝਾਰ ਅਤੇ ਨਰਮੇਂ ਦੀਆਂ ਛੱਟੀਆਂ ਆਦਿ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆਂ ਕਿ ਇਸ ਵਾਰ ਉਹ 6 ਤੋਂ 7 ਕਰੋੜ ਤੱਕ ਦੀ ਪਰਾਲੀ ਖਰੀਦ ਚੁੱਕੇ ਹਨ। ਉਕਤ ਪਲਾਂਟ ਵਿਚ ਪਰਾਲੀ ਨੂੰ ਰੱਖਣ ਲਈ 50 ਏਕੜ ਜ਼ਮੀਨ ਹੈ। ਹਰ ਸਾਲ ਕਿਸਾਨ ਝੋਨੇ ਦੀ ਪਰਾਲੀ ਵੇਚਣ ਲਈ ਪਹਿਲਾਂ ਹੀ ਬੂਕਿੰਗ ਕਰਵਾ ਜਾਂਦੇ ਹਨ ਤੇ ਬੂਕਿੰਗ ਕੀਤੀ ਹੋਈ ਪਰਾਲੀ ਨੂੰ ਉਨ੍ਹਾਂ ਨੂੰ ਖਰੀਦਣਾ ਹੀ ਪੈਦਾ ਹੈ।
ਕਿਸਾਨਾਂ ਦਾ ਪੱਖ
ਪਰਾਲੀ ਸਾੜਨ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਦਾ ਪੱਖ ਹੈ ਕਿ ਅਜੇ ਤੱਕ ਸਰਕਾਰ ਪੂਰੀ ਤਰਾਂ ਪ੍ਰਬੰਧ ਹੀ ਨਹੀਂ ਕਰ ਸਕੀ ਕਿਉਂਕਿ ਪਰਾਲੀ ਦੀਆਂ ਗੱਠਾਂ ਬਨਾਉਣ ਲਈ ਕਿਸਾਨਾਂ ਕੋਲ ਸਾਧਨ ਹੀ ਨਹੀਂ ਹਨ। ਕਿਸਾਨ ਹਰਨੇਕ ਸਿੰਘ ਭਾਗਸਰ, ਲੱਛਮਣ ਸਿੰਘ, ਗੁਰਪਿੰਦਰ ਸਿੰਘ, ਹਰਦੀਪ ਸਿੰਘ ਤੇ ਕਰਨਜੀਤ ਸਿੰਘ ਆਦਿ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨਾ ਕਿਸਾਨਾਂ ਦੀ ਬਹੁਤ ਵੱਡੀ ਮਜਬੂਰੀ ਹੈ। ਜੇਕਰ ਕਿਸਾਨ ਪਰਾਲੀ ਦੀਆਂ ਗੱਠਾਂ ਮਸ਼ੀਨਾਂ ਵਾਲਿਆਂ ਕੋਲੋਂ ਬਣਵਾਉਦੇ ਹਨ ਤਾਂ ਮਸ਼ੀਨਾਂ ਵਾਲੇ ਉਨ੍ਹਾਂ ਕੋਲੋਂ 1500 ਰੁਪਏ ਪ੍ਰਤੀ ਏਕੜ ਦਾ ਮੰਗਦੇ ਹਨ। ਜਦ ਕਿ ਢੋਆ-ਢੁਆਈ ਵਾਲੇ 45 ਰੁਪਏ ਪ੍ਰਤੀ ਕੁਇੰਟਲ ਵੱਖ ਲੈਂਦੇ ਹਨ ਤੇ ਲੇਬਰ ਵੱਖਰੀ ਹੈ। ਕਿਸਾਨਾਂ ਨੂੰ ਮਸ਼ੀਨਾਂ ਵਾਲਿਆਂ ਤੋਂ ਗੱਠਾਂ ਬਨਵਾ ਕੇ ਤਾਂ ਕੱਖ ਨਹੀਂ ਬਚਦਾ ਤੇ ਉਲਟਾ ਪੱਲਿਓ ਪੈਸੇ ਦੇਣੇ ਪੈਂਦੇ ਹਨ। ਜੇਕਰ ਕਿਸਾਨ ਪਰਾਲੀ ਨੂੰ ਖੇਤਾਂ ਦੇ 'ਚ ਹੀ ਵਹਾਉਂਦੇ ਹਨ ਤਾਂ 2 ਤੋਂ 3 ਹਜ਼ਾਰ ਰੁਪਏ ਖਰਚਾ ਪ੍ਰਤੀ ਏਕੜ ਆਉਦਾ ਹੈ।
ਖੇਤੀ ਸੰਦ ਹਨ ਮਹਿੰਗੇ
ਪਰਾਲੀ ਦੀਆਂ ਗੱਠਾਂ ਬਨਾਉਣ ਲਈ ਜੋ ਹੈਪੀ ਸੀਡਰ ਤੇ ਮਲਚਰ ਆਦਿ ਖੇਤੀ ਸੰਦ ਹਨ, ਉਹ ਬਹੁਤ ਮਹਿੰਗੇ ਹਨ ਤੇ ਹਰੇਕ ਕਿਸਾਨ ਖਰੀਦ ਨਹੀਂ ਸਕਦਾ ਕਿਉਂਕਿ ਇਨ੍ਹਾਂ ਦੀ ਕੀਮਤ ਡੇਢ ਲੱਖ ਤੋਂ ਢਾਈ ਲੱਖ ਤੱਕ ਹੈ। ਇਸ ਤੋਂ ਇਲਾਵਾ ਮਸ਼ੀਨ ਚਲਾਉਣ ਸਮੇਂ ਚਾਰ ਟਰੈਕਟਰਾਂ ਦੀ ਲੋੜ ਪੈਂਦੀ ਹੈ ਤੇ ਕੁਲ ਮਿਲਾ ਕੇ 15-20 ਲੱਖ ਰੁਪਏ ਦੀ ਮਸ਼ੀਨਰੀ ਦੀ ਲੋੜ ਹੈ। ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾ ਅਨੁਸਾਰ ਸਰਕਾਰ ਕਿਸਾਨਾਂ ਨੂੰ ਖੇਤੀ ਸੰਦ ਆਪ ਲੈ ਕੇ ਦੇਵੇ ਤਾਂ ਪਰਾਲੀ ਦਾ ਹੱਲ ਕੋਈ ਹੋ ਸਕਦਾ ਹੈ।
ਪੰਜਾਬ 'ਚ ਘੱਟੋਂ-ਘੱਟ 100 ਪਲਾਂਟ ਲਾਉਣ ਦੀ ਲੋੜ
ਇਸ ਸਮੇਂ ਪੰਜਾਬ 'ਚ ਸਿਰਫ਼ 7 ਬਾਇਓਮਾਸ ਬੈਸਡ ਪਾਵਰ ਪਲਾਂਟ ਚੱਲ ਰਹੇ ਹਨ, ਜੋ ਗੁਲਾਬੇਵਾਲਾ ਤੋਂ ਇਲਾਵਾ ਗੱਦਾਡੋਬ, ਚੰਨੂੰ, ਖੋਖਰ, ਘਨੌਰ, ਨਕੋਦਰ ਤੇ ਬੀਜੋ ਪਿੰਡ 'ਚ ਚੱਲ ਰਹੇ ਹਨ। ਜਦ ਕਿ ਪੰਜਾਬ 'ਚ ਘੱਟੋਂ-ਘੱਟ 100 ਅਜਿਹੇ ਪਲਾਂਟ ਲਗਾਉਣ ਦੀ ਲੋੜ ਹੈ ਤਾਂ ਕਿ ਜਿੱਥੇ ਪਰਾਲੀ ਦੀ ਸੰਭਾਲ ਹੋ ਸਕੇਗੀ , ਉੱਥੇ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਵੀ ਮਿਲਣਗੇ।
ਪਰਾਲੀ ਦੀਆ ਗੱਠਾਂ ਲਿਜਾਣ ਵਾਲੇ ਵੀ ਹਨ ਔਖੇ
ਉਕਤ ਪਲਾਂਟ 'ਚ ਜਿਹੜੇ ਟਰੈਕਟਰ ਟਰਾਲੀਆਂ ਵਾਲੇ ਪਰਾਲੀ ਦੀਆਂ ਗੱਠਾਂ ਲੱਦ ਕੇ ਲਿਜਾਂਦੇ ਹਨ, ਉਹ ਵੀ ਔਖੇ ਹਨ। ਆਤਮਾ ਸਿੰਘ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਕਿ ਜੇਕਰ ਉਹ ਟਰਾਲੀ 'ਚ ਘੱਟ ਗੱਠਾਂ ਪਾਉਦੇ ਹਨ ਤਾਂ ਉਨ੍ਹਾਂ ਨੂੰ ਬਚਦਾ ਕੁਝ ਨਹੀਂ ਅਤੇ ਜੇਕਰ ਵੱਧ ਪਾ ਕੇ ਲਿਜਾਂਦੇ ਹਨ ਤਾਂ ਟਰਾਲੀਆਂ ਓਵਰਲੋਡ ਹੋ ਜਾਂਦੀਆਂ ਹਨ ਤੇ ਕਈ ਵਾਰ ਰਸਤੇ 'ਚ ਹੀ ਪਲਟ ਜਾਂਦੀਆਂ ਹਨ। ਉਂਝ ਵੀ ਰਸਤੇ 'ਚ ਟਰੈਫਿਕ ਪੁਲਸ ਵਾਲੇ ਰੋਕ ਲੈਂਦੇ ਹਨ।
ਗੁਲਾਬੇਵਾਲਾ ਪਲਾਂਟ ਨੂੰ ਜਾਣ ਵਾਲਾ ਰਸਤਾ ਪਿਆ ਕੱਚਾ
ਭਾਵੇਂ ਗੁਲਾਬੇਵਾਲਾ ਪਲਾਂਟ ਨੂੰ ਬਣਿਆ 13 ਸਾਲ ਬੀਤ ਚੁੱਕੇ ਹਨ ਪਰ ਇਸ ਨੂੰ ਜਾਣ ਵਾਲਾ ਰਸਤਾ ਕੱਚਾ ਪਿਆ ਹੈ ਤੇ ਗੁਲਾਬੇਵਾਲਾ ਪਿੰਡ ਤੋਂ ਇਹ ਰਸਤਾ 2 ਕਿਲੋਮੀਟਰ ਪੈਂਦਾ ਹੈ। ਜਦ ਕਿ ਲੰਬੀ ਪਿੰਡ ਤੋਂ ਥੋੜਾ ਘੱਟ ਪੈਂਦਾ ਹੈ। ਭਰੀਆ ਹੋਈਆ ਟਰਾਲੀਆਂ ਇਸੇ ਰਸਤੇ ਤੋਂ ਹੀ ਲੰਘਦੀਆਂ ਹਨ। ਲੋਕਾਂ ਦੀ ਮੰਗ ਹੈ ਕਿ ਇਸ ਰਸਤੇ ਤੇ ਸੜਕਾਂ ਬਣਾਈਆ ਜਾਣ। ਘੱਟੋਂ ਘੱਟ ਇਥੇ 200 ਮੁਲਾਜ਼ਮ ਵੀ ਨਿੱਤ ਕੰਮ ਕਰਨ ਲਈ ਆਉਦੇ ਹਨ।
ਨੌਜਵਾਨ ਔਰਤ ਦੇ ਗਲੇ 'ਚੋਂ ਚੈਨੀ ਝਪਟ ਕੇ ਹੋਇਆ ਫਰਾਰ
NEXT STORY