ਮਾਛੀਵਾੜਾ ਸਾਹਿਬ, (ਟੱਕਰ) - ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡਾਂ ਵਿਚ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ 15 ਪਿੰਡਾਂ ਦੀਆਂ ਪੰਚਾਇਤਾਂ ਨੇ ਨਸ਼ਾ ਤਸਕਰਾਂ ਦੀ ਜਮਾਨਤ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਅੱਜ ਡੀ. ਐੱਸ. ਪੀ. ਪਲਵਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਵਲੋਂ ਕਈ ਪਿੰਡਾਂ ਵਿਚ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਮੀਟਿੰਗਾਂ ਕੀਤੀਆਂ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਅੱਜ 15 ਪਿੰਡ ਜਿਨ੍ਹਾਂ ਵਿਚ ਟਾਂਡਾ ਕੁਸ਼ਲ ਸਿੰਘ, ਈਸਾਪੁਰ, ਮਿੱਠੇਵਾਲ, ਦੌਲਤਪੁਰ ਮੰਡ, ਬੁੱਲੇਵਾਲ, ਫਤਹਿਗਡ਼੍ਹ ਬੇਟ, ਟੰਡੀ ਮੰਡ, ਚੱਕ ਲੋਹਟ, ਕਮਾਲਪੁਰ, ਹੇਡੋਂ ਬੇਟ, ਬੁਰਜ ਕੱਚਾ, ਝਾਡ਼ ਸਾਹਿਬ, ਗਡ਼੍ਹੀ ਤਰਖਾਣਾ, ਗਡ਼੍ਹੀ ਬੇਟ, ਰਹੀਮਾਬਾਦ ਖੁਰਦ ਦੀਆਂ ਪੰਚਾਇਤਾਂ ਨੇ ਮਤਾ ਪਾਸ ਕੀਤਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸੂਬੇ ’ਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਸਬੰਧੀ ਸਮੂਹ ਪੰਚਾਇਤ ਤੇ ਪਿੰਡ ਵਾਸੀ ਪੁਲਸ ਤੇ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ। ਪੰਚਾਇਤਾਂ ਵਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜੇਕਰ ਕੋਈ ਪਿੰਡ ਦਾ ਵਿਅਕਤੀ ਨਸ਼ਾ ਤਸਕਰੀ ਸਬੰਧੀ ਗ੍ਰਿਫ਼ਤਾਰ ਹੁੰਦਾ ਹੈ ਤਾਂ ਉਸ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਉਸਦੀ ਜਮਾਨਤ ਦਿੱਤੀ ਜਾਵੇਗੀ।
ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿਚ ਅੱਜ ਮੀਟਿੰਗਾਂ ਕੀਤੀਆਂ ਗਈਆਂ ਉੱਥੇ ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨੇ ਨਸ਼ਿਆਂ ਖਿਲਾਫ਼ ਸਹੁੰ ਚੁੱਕੀ ਕਿ ਉਹ ਨਾ ਤਾਂ ਨਸ਼ਾ ਕਰਨਗੇ ਅਤੇ ਨਾ ਹੀ ਕਿਸੇ ਨੂੰ ਪਿੰਡ ਵਿਚ ਨਸ਼ਾ ਕਰਨ ਦੇਣਗੇ। ਥਾਣਾ ਮੁਖੀ ਨੇ ਦੱਸਿਆ ਕਿ ਸਰਕਾਰ ਦੀ ਇਸ ਮੁਹਿੰਮ ਦਾ ਬਡ਼ਾ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅੱਗੇ ਆ ਰਹੇ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਛੀਵਾਡ਼ਾ ਬਲਾਕ ਦੀਆਂ 15 ਪੰਚਾਇਤਾਂ ਨਸ਼ਿਆਂ ਦੇ ਖਾਤਮੇ ਲਈ ਪਾਸ ਕੀਤੇ ਮਤੇ ਵਿੱਚ ਇਹ ਵੀ ਮਤ ਪਾਸ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰਾਂ ਦਾ ਸਹਿਯੋਗ ਦੇਵੇਗਾ ਤਾਂ ਉਸ ਦਾ ਪਿੰਡ ਵਿਚ ਪੂਰਨ ਤੌਰ ’ਤੇ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਮਾਛੀਵਾੜਾ ਬਲਾਕ ਦੀਆਂ ਹੋਰ ਪੰਚਾਇਤਾਂ ਵੀ ਨਸ਼ਿਆਂ ਖਿਲਾਫ਼ ਮਤੇ ਪਾਸ ਕਰ ਰਹੀਆਂ ਹਨ ਜੋ ਕਿ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ (ਦੋਵੇਂ ਕੌਂਸਲਰ), ਨੰਬਰਦਾਰ ਦਰਸ਼ਨ ਸਿੰਘ ਮਿੱਠੇਵਾਲ, ਬਲਜਿੰਦਰ ਸਿੰਘ ਰਿੰਕੂ ਵੀ ਮੌਜੂਦ ਸਨ।
ਬਰਨਾਲਾ 'ਚ ਵਾਪਰੀ ਵੱਡੀ ਘਟਨਾ, ਨਹਿਰ 'ਚ ਡੁੱਬਣ ਕਾਰਨ ਦੋ ਜਣਿਆਂ ਦੀ ਮੌਤ
NEXT STORY