ਜਲੰਧਰ : ਪੰਚਾਇਤਾਂ ਚੋਣਾਂ ਦੇ ਦੌਰ ਵਿਚ ਜਿਥੇ ਸੂਬੇ ਦੇ ਕਈ ਪਿੰਡਾਂ ਵਿਚ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਰਹੀਆਂ ਹਨ, ਉਥੇ ਹੀ ਜਲੰਧਰ ਦੇ ਬੇਗਮਪੁਰਾ ਪਿੰਡ ਵਿਚ ਪੰਚਾਂ ਦੀ ਚੋਣ ਤਾਂ ਸਰਬਸੰਮਤੀ ਨਾਲ ਹੋ ਗਈ ਪਰ ਸਰਪੰਚੀ ਨੂੰ ਲੈ ਕੇ ਪੇਚ ਫਸ ਗਿਆ ਹੈ। ਇਥੇ ਸਰਪੰਚੀ ਨੂੰ ਲੈ ਕੇ ਨੂੰਹ-ਸੱਸ ਹੀ ਆਹਮੋ-ਸਾਹਮਣੇ ਆ ਗਈਆਂ ਹਨ। ਇਕੋ ਘਰ ਦੇ ਦੋ ਮੈਂਬਰ ਸਰਪੰਚੀ 'ਤੇ ਦਾਅਵੇਦਾਰੀ ਜਤਾ ਰਹੇ ਹਨ। ਨੂੰਹ ਕਮਲਜੀਤ ਕੌਰ ਪੜ੍ਹੀ ਲਿਖੀ ਅਤੇ ਅਗਾਂਹਵਧੂ ਸੋਚ ਦੇ ਦਮ 'ਤੇ ਚੋਣ ਲੜ ਰਹੀ ਹੈ ਜਦਕਿ ਉਸ ਦੀ ਸੱਸ ਪੰਦਰਾਂ ਸਾਲਾਂ ਤੋਂ ਪੰਚੀ ਦੇ ਤਜ਼ਰਬੇ ਨੂੰ ਮੁੱਖ ਰੱਖ ਕੇ ਚੋਣ ਲੜ ਰਹੀ ਹੈ ਹਾਲਾਂਕਿ ਦੋਵਾਂ ਦੇ ਮੁੱਦੇ ਇਕੋ ਜਿਹੇ ਹੀ ਹਨ।
ਦੂਜੇ ਪਾਸੇ ਨੂੰਹ ਸੱਸ ਦੀ ਸਰਪੰਚੀ ਦੀ ਲੜਾਈ ਨੇ ਪਿੰਡ ਵਾਸੀਆਂ ਨੂੰ ਵੀ ਦੋ ਧੜਿਆਂ ਵਿਚ ਵੰਡ ਦਿੱਤਾ ਹੈ। 60 ਘਰਾਂ ਵਾਲੇ ਇਸ ਪਿੰਡ ਦੀਆਂ ਕੁੱਲ 160 ਵੋਟਾਂ ਹਨ ਪਰ ਇਨ੍ਹਾਂ ਵਿਚੋਂ 130 ਵੋਟਾਂ ਹੀ ਪੋਲ ਹੋਣੀਆਂ ਹਨ। ਪਿੰਡ ਦੇ ਵੋਟਰ ਨੂੰਹ-ਸੱਸ ਨੂੰ ਲੈ ਕੇ ਸ਼ਸ਼ੋਪੰਜ ਵਿਚ ਹਨ ਕਿ ਉਹ ਕਿਸ ਨੂੰ ਵੋਟ ਪਾਉਣ। ਕਮਲਜੀਤ ਕੌਰ ਦਾ ਕਹਿਣਾ ਸੀ ਕਿ ਨਵੀਂ ਪੀੜ੍ਹੀ ਦੀ ਨਵੀਂ ਸੋਚ ਹੈ। ਪਹਿਲਾਂ ਗੱਲਾਂ ਹੋਰ ਹੁੰਦੀਆਂ ਸਨ ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਉਧਰ ਕਲਮਜੀਤ ਦੀ ਸੱਸ ਬਿਮਲਾ ਰਾਣੀ ਦਾ ਕਹਿਣਾ ਸੀ ਕਿ ਉਹ 15 ਸਾਲ ਪੰਚ ਰਹੀ ਹੈ ਤੇ ਉਸ ਨੂੰ ਕੰਮ ਕਰਨ ਦਾ ਖਾਸਾ ਤਜ਼ਰਬਾ ਹੈ। ਉਸ ਨੇ ਬੜੇ ਭਰੋਸੇ ਨਾਲ ਕਿਹਾ ਕਿ ਪੜ੍ਹੇ ਲਿਖੇ ਦਾ ਫਰਕ ਤਾਂ ਜ਼ਰੂਰ ਹੁੰਦਾ ਹੈ ਪਰ ਇਹ ਜ਼ਰਰੀ ਨਹੀਂ ਹੈ ਕਿ ਪੜ੍ਹਿਆ ਲਿਖਾ ਹੀ ਸਾਰੇ ਕੰਮ ਕਰਵਾ ਸਕੇ। ਭਾਵੇਂ ਦੋਵਾਂ ਧਿਰਾਂ ਵਲੋਂ ਆਪੋ-ਆਪਣੇ ਦਾਅਵੇ ਕੀਤੇ ਜਾ ਰਹੇ ਹਨ ਪਰ ਲੋਕ ਕਿਸ ਦੇ ਨਾਂ 'ਤੇ ਸਹਿਮਤੀ ਪ੍ਰਗਟਾਉਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਮਿਲੀ
NEXT STORY