ਜਲੰਧਰ (ਵਰੁਣ)— ਸਵੇਰ ਤੋਂ ਲੈ ਕੇ ਦੁਪਹਿਰ ਤੱਕ 2 ਵਾਰ ਟਰਾਇਲ ਲੈਣ ਤੋਂ ਬਾਅਦ ਪੀ. ਏ. ਪੀ. ਗੇਟ 4 ਦੇ ਸਾਹਮਣਿਓਂ ਹਾਈਵੇ ਨੂੰ ਸਲਿੱਪ ਰੋਡ 'ਚ ਡਾਈਵਰਟ ਕਰ ਦਿੱਤਾ ਗਿਆ। 2 ਵਾਰ ਕੀਤੇ ਟਰਾਇਲ 'ਚ ਜੋ ਜੋ ਕਮੀਆਂ ਸਾਹਮਣੇ ਆਈਆਂ, ਉਨ੍ਹਾਂ ਨੂੰ ਬੁੱਧਵਾਰ ਦੁਪਹਿਰ 4.30 ਵਜੇ ਤੱਕ ਪੂਰਾ ਕਰ ਦਿੱਤਾ ਗਿਆ। ਰੋਡ 'ਤੇ ਮਾਰਕਿੰਗ ਨਾ ਹੋਣ ਤੋਂ ਇਲਾਵਾ ਫਲੈਸ਼ਰ ਲਾਈਟਸ ਅਤੇ ਸਾਈਨ ਬੋਰਡ ਨਾ ਹੋਣ ਕਾਰਨ ਹਾਈਵੇਅ ਨੂੰ ਸਲਿੱਪ ਰੋਡ ਨਾਲ ਜੋੜਨ ਲਈ ਕਾਫੀ ਸਮਾਂ ਲੱਗ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਅਤੇ ਏ. ਸੀ. ਪੀ. ਜੰਗ ਬਹਾਦਰ ਸ਼ਰਮਾ ਸਮੀਖਿਆ ਕਰਦੇ ਦਿਸੇ।
ਬੁੱਧਵਾਰ ਸਵੇਰੇ ਸੋਮਾ ਕੰਪਨੀ ਦੇ ਇੰਜੀਨੀਅਰ ਹਿਤੇਸ਼ ਕੁਮਾਰ ਧਵਨ ਨੇ ਇਕ ਵਾਰ ਟਰਾਇਲ ਲੈਣ ਲਈ ਹਾਈਵੇਅ ਬੰਦ ਕੀਤਾ ਤਾਂ ਕੁਝ ਸਮੇਂ ਬਾਅਦ ਦੁਬਾਰਾ ਹਾਈਵੇਅ ਖੋਲ੍ਹ ਦਿੱਤਾ ਗਿਆ। ਅਜਿਹੇ 'ਚ ਏ. ਡੀ. ਸੀ. ਪੀ. ਟਰੈਫਿਕ ਕੁਲਵੰਤ ਸਿੰਘ ਹੀਰ ਅਤੇ ਏ. ਸੀ. ਪੀ. ਟਰੈਫਿਕ ਜੰਗ ਬਹਾਦਰ ਸ਼ਰਮਾ ਅਤੇ ਪੀ. ਸੀ. ਆਰ. ਇੰਚਾਰਜ ਸ਼ਸ਼ੀ ਪਾਲ ਸ਼ਰਮਾ ਵੀ ਟਰੈਫਿਕ ਪੁਲਸ ਨਾਲ ਮੌਕੇ 'ਤੇ ਪਹੁੰਚ ਗਏ। ਦੁਬਾਰਾ ਟਰਾਇਲ ਲੈ ਕੇ ਜੋ-ਜੋ ਕਮੀਆਂ ਸਾਹਮਣੇ ਆਈਆਂ ਉਨ੍ਹਾਂ ਨੂੰ ਦੂਰ ਕੀਤਾ ਗਿਆ। ਟਰੈਫਿਕ ਪੁਲਸ ਨੇ ਸੋਮਾ ਕੰਪਨੀ ਦੀ ਮਦਦ ਨਾਲ ਰੋਡ 'ਤੇ ਮਾਰਕਿੰਗ ਕਰਵਾਉਣ, ਫਲੈਸ਼ਰ ਲਾਈਟਸ ਅਤੇ ਸਾਈਨ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਫਲਾਈਓਵਰ ਹੇਠਾਂ ਪੀ. ਏ. ਪੀ. ਚੌਕ ਤੱਕ 3 ਲੇਨ ਮਾਰਕਿੰਗ ਕੀਤੀ ਗਈ ਤਾਂ ਜੋ ਟਰੈਫਿਕ ਦੀ ਸਮੱਸਿਆ ਨਾ ਹੋਵੇ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੀ. ਏ. ਪੀ. ਗੇਟ ਨੰ. 4 ਤੋਂ ਲੈ ਕੇ ਭੂਰ ਮੰਡੀ ਤੱਕ ਕਿਸੇ ਵੀ ਵਾਹਨ ਨੂੰ ਰਸਤੇ 'ਚ ਖੜ੍ਹਾ ਹੋਣ 'ਤੇ ਪਾਬੰਦੀ ਹੋਵੇਗੀ। ਜੇ ਬੱਸ ਵੀ ਰੁਕੀ ਤਾਂ ਉਸ ਦਾ ਵੀ ਚਲਾਨ ਕੀਤਾ ਜਾਵੇਗਾ। ਏ. ਸੀ. ਪੀ. ਜੰਗ ਬਹਾਦਰ ਸ਼ਰਮਾ ਨੇ ਕਿਹਾ ਕਿ ਸੋਮਾ ਕੰਪਨੀ ਨੇ ਜਲੰਧਰ-ਪਾਣੀਪਤ ਸਿਕਸ ਲੇਨ ਪ੍ਰਾਜੈਕਟ ਅਧੀਨ ਪੀ. ਏ. ਪੀ. ਚੌਕ ਤੋਂ ਪੀ. ਏ. ਪੀ. ਫਲਾਈਓਵਰ ਤਕ ਦਾ ਕੰਮ ਪੂਰਾ ਕਰਨ ਲਈ 6 ਮਹੀਨਿਆਂ ਦਾ ਸਮਾਂ ਮੰਗਿਆ ਹੈ। ਉਦੋਂ ਤੱਕ ਪੀ. ਏ. ਪੀ. ਅੰਦਰ ਦਾ ਰੂਟ ਪਲਾਨ ਵੀ ਜਾਰੀ ਕੀਤਾ ਗਿਆ ਹੈ ਅਤੇ 6 ਮਹੀਨੇ ਤਕ ਇੰਝ ਹੀ ਡਾਈਵਰਸ਼ਨ ਰੂਟ ਚੱਲੇਗਾ।
ਪਹਿਲੇ ਹੀ ਦਿਨ ਲੋਕ ਹੋਏ ਪਰੇਸ਼ਾਨ
ਪੀ. ਏ. ਪੀ. ਗੇਟ ਨੰ. 4 ਤੋਂ ਡਾਈਵਰਟ ਕੀਤੇ ਗਏ ਹਾਈਵੇਅ ਦੇ ਪਹਿਲੇ ਦਿਨ ਹੀ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ਵੱਲੋਂ ਆਉਣ ਵਾਲੇ ਜਿਨ੍ਹਾਂ ਵਾਹਨ ਚਾਲਕਾਂ ਨੇ ਜਲੰਧਰ 'ਚ ਐਂਟਰ ਹੋਣਾ ਸੀ, ਉਹ ਸਲਿੱਪ ਰੋਡ ਤੋਂ ਸੱਜੇ ਮੁੜਨ ਦੀ ਜਗ੍ਹਾ ਸਲਿੱਪ ਰੋਡ 'ਤੇ ਹੀ ਵਾਹਨ ਅੱਗੇ ਲੈ ਗਏ ਜੋ ਰਸਤਾ ਲੁਧਿਆਣਾ ਲਈ ਜਾਂਦਾ ਹੈ। ਦੁਬਾਰਾ ਤੋਂ ਵਾਹਨ ਚਾਲਕ ਯੂ-ਟਰਨ ਲੈ ਕੇ ਪੀ. ਏ. ਪੀ. ਚੌਕ ਵਾਪਸ ਗਏ ਅਤੇ ਫਿਰ ਜਾ ਕੇ ਜਲੰਧਰ ਵਿਚ ਐਂਟਰੀ ਲਈ।
ਫਲਾਈਓਵਰ ਹੇਠਾਂ ਖੜ੍ਹੀਆਂ ਹੋਣ ਵਾਲੀਆਂ ਬੱਸਾਂ ਨਾ ਬਣ ਜਾਣ ਹਾਦਸੇ ਦਾ ਕਾਰਨ
ਫਲਾਈਓਵਰ ਦੇ ਹੇਠਾਂ ਲੁਧਿਆਣਾ ਦੀਆਂ ਸਵਾਰੀਆਂ ਲੈਣ ਲਈ ਖੜ੍ਹੀਆਂ ਹੁੰਦੀਆਂ ਬੱਸਾਂ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਫਲਾਈਓਵਰ ਹੇਠਾਂ ਬਣੇ ਲੁਧਿਆਣਾ ਟਰਨ ਪੁਆਇੰਟ ਤੋਂ ਸਲੀਪਰ ਰੋਡ 'ਤੇ ਅੰਮ੍ਰਿਤਸਰ ਤੋਂ ਆਇਆ ਟਰੈਫਿਕ ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਟਰੈਫਿਕ ਨਾਲ ਮਰਜ ਹੋਵੇਗਾ। ਇਸ ਨਾਲ ਹਾਦਸਿਆਂ ਦਾ ਖਤਰਾ ਬਣਿਆ ਰਹੇਗਾ।
ਇੰਸਪੈਕਟਰ ਸਮੇਤ 10 ਮੁਲਾਜ਼ਮ ਹੋਏ ਤਾਇਨਾਤ, ਰਾਤ ਨੂੰ ਹਾਈਵੇ ਪੈਟਰੋਲਿੰਗ ਅਤੇ ਪੀ. ਸੀ. ਆਰ. ਦੀ ਹੋਵੇਗੀ ਡਿਊਟੀ
ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਣ ਲਈ ਟਰੈਫਿਕ ਪੁਲਸ ਨੇ ਪੀ. ਏ. ਪੀ. ਗੇਟ ਨੰ. 4 ਤੋਂ ਲੈ ਕੇ ਲੁਧਿਆਣਾ ਟਰਨ ਪੁਆਇੰਟ ਅਤੇ ਭੂਰ ਮੰਡੀ ਤਕ 10 ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਹੈ। ਦੋ ਮੁਲਾਜ਼ਮ ਪੀ. ਏ. ਪੀ. ਗੇਟ ਨੰ. 4 ਦੇ ਸਾਹਮਣੇ ਤਾਇਨਾਤ ਰਹਿਣਗੇ ਜਿਥੋਂ ਦੇ ਹਾਈਵੇਅ ਦੇ ਟਰੈਫਿਕ ਨੂੰ ਸਲਿੱਪ ਰੋਡ 'ਤੇ ਡਾਇਵਰਟ ਕੀਤਾ ਗਿਆ ਜਦ ਕਿ ਦੋ ਮੁਲਾਜ਼ਮ ਜਲੰਧਰ ਵੱਲ ਨੂੰ ਮੁੜਨ ਲਈ ਬਣਾਏ ਗਏ ਨਿਰਮਾਣ ਅਧੀਨ ਫਲਾਈਓਵਰ ਦੇ ਹੇਠਾਂ ਤਾਇਨਾਤ ਹੋਣਗੇ।
ਦੋ ਹੀ ਟਰੈਫਿਕ ਕਰਮਚਾਰੀ ਲੁਧਿਆਣਾ ਟਰਨ ਪੁਆਇੰਟ 'ਤੇ ਰਹਿਣਗੇ ਜਦ ਕਿ ਦੋ ਟਰੈਫਿਕ ਪੁਲਸ ਕਰਮਚਾਰੀ ਭੂਰ ਮੰਡੀ 'ਚ ਤਾਇਨਾਤ ਹੋਣਗੇ। ਇਕ ਇੰਸਪੈਕਟਰ ਅਤੇ ਐੱਨ. ਜੀ. ਓ. ਸਾਰੇ ਟਰੈਫਿਕ 'ਤੇ ਨਜ਼ਰ ਰੱਖੇਗਾ। ਰਾਤ ਸਮੇਂ ਪੀ. ਸੀ. ਆਰ. ਟੀਮਾਂ ਤੇ ਹਾਈਵੇਅ ਪੈਟਰੋਲਿੰਗ ਦੀਆਂ ਟੀਮਾਂ ਇਸ ਰਸਤੇ 'ਤੇ ਤਾਇਨਾਤ ਰਹਿਣਗੀਆਂ।
ਆਪਣੀ ਸਰਕਾਰ ਤੋਂ ਨਾਰਾਜ਼ ਟਕਸਾਲੀ ਕਾਂਗਰਸੀ ਨੇਤਾ, ਦਿੱਤਾ ਅਸਤੀਫਾ
NEXT STORY