ਚੀਮਾ ਮੰਡੀ (ਬੇਦੀ) - ਪਿੰਡ ਸਤੌਜ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ 'ਤੇ ਚਲਾਨ ਕਰਨ ਗਈ ਸਰਕਾਰੀ ਟੀਮ ਨੂੰ ਪਿੰਡਾਂ ਦੇ ਕਿਸਾਨਾਂ ਨੇ ਬੰਧਕ ਬਣਾ ਲਿਆ। ਜਾਣਕਾਰੀ ਅਨੁਸਾਰ ਪਿੰਡ ਸਤੌਜ 'ਚ ਦੁਪਹਿਰ ਬਾਅਦ ਜਦੋਂ ਸਰਕਾਰੀ ਟੀਮ ਜਿਸ 'ਚ ਇੰਚਾਰਜ ਬਹਾਦਰ ਸਿੰਘ ਐੈੱਸ.ਡੀ.ਓ. ਬਿਜਲੀ ਵਿਭਾਗ, ਗਰਦਰਸ਼ਨ ਸਿੰਘ ਪਟਵਾਰੀ ਹਲਕਾ ਸਤੌਜ, ਸੁਰਿੰਦਰ ਸਿੰਘ ਨਹਿਰੀ ਪਟਵਾਰੀ ਅਤੇ ਹੋਰ ਮੈਂਬਰ ਸ਼ਾਮਲ ਸਨ, ਜਿਉਂ ਚਲਾਨ ਕਰਨ ਪੁੱਜੇ ਤਾਂ ਇਸਦੀ ਭਿਣਕ ਪਿੰਡ ਦੇ ਕਿਸਾਨਾਂ ਨੂੰ ਪੈ ਗਈ। ਗੁਰਦੁਆਰੇ 'ਚ ਅਨਾਉਂਸਮੈਂਟ ਕਰਵਾਉਣ ਤੋਂ ਬਾਅਦ ਇਲਾਕੇ ਦੇ ਬਹੁਤ ਸਾਰੇ ਕਿਸਾਨ ਮੌਕੇ 'ਤੇ ਇਕੱਠੇ ਹੋ ਗਏ, ਜਿਨ੍ਹਾਂ ਨੇ ਟੀਮ ਨੂੰ ਬੰਧਕ ਬਣਾ ਲਿਆ ਅਤੇ ਖੇਤਾਂ 'ਚ ਜਾਣ ਤੋਂ ਰੋਕ ਦਿੱਤਾ। ਬੰਧਕ ਬਣਾਉਣ ਦੇ ਡੇਢ-ਦੋ ਘੰਟੇ ਬਾਅਦ ਉਕਤ ਟੀਮ ਨੂੰ ਕਿਸਾਨਾਂ ਨੇ ਛੱਡ ਦਿੱਤਾ।
ਟੀਮ 'ਚ ਸ਼ਾਮਲ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਵਲੋਂ ਉਨ੍ਹਾਂ ਨਾਲ ਕੋਈ ਦੁਰਵਿਵਹਾਰ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਮੰਗ ਕੀਤੀ ਕਿ ਉੱਚ ਅਧਿਕਾਰੀ ਇੱਥੇ ਪਹੁੰਚਣ ਅਤੇ ਉਨ੍ਹਾਂ ਦੀ ਗੱਲ ਸੁਣਨ । ਦੂਜੇ ਪਾਸੇ ਇਕੱਤਰ ਹੋਏ ਕਿਸਾਨ ਜਸਵੰਤ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਨੇ ਦੱਸਿਆ ਕਿ ਕਿਸਾਨਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਉਪਰੋਂ ਅਜਿਹੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਰਾਲੀ ਦੀ ਸਾਂਭ-ਸੰਭਾਲ ਲਈ ਪ੍ਰਤੀ ਏਕੜ 6000 ਰੁਪਏ ਮੁਆਵਜ਼ਾ ਦੇਵੇ ਅਤੇ ਝੋਨੇ ਦੀ ਝਾੜ ਘੱਟ ਨਿਕਲਣ ਕਾਰਨ ਸਰਕਾਰ ਕਿਸਾਨਾਂ ਦੀ ਹਾਲਤ ਨੂੰ ਦੇਖਦੇ ਹੋਏ 200 ਰੁਪਏ ਬੌਨਸ ਦੇਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਪਰਾਲੀ ਦੇ ਸਥਾਈ ਹੱਲ ਨਹੀਂ ਕਰਦੀ, ਉਦੋਂ ਤੱਕ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਈ ਜਾਵੇਗੀ। ਇਸ ਮੌਕੇ ਗੁਰਭਗਤ ਸਿੰਘ ਸ਼ਾਹਪੁਰ, ਸੁਖਪਾਲ ਸਿੰਘ ਮਾਣਕ, ਮਹਿਮਾ ਸਿੰਘ, ਗੁਰਤੇਜ ਸਿੰਘ ਆਦਿ ਕਿਸਾਨ ਮੌਜੂਦ ਸਨ।
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਜਾਣੋ ਕਿਹੜੇ ਫੈਸਲਿਆਂ 'ਤੇ ਲੱਗੀ ਮੋਹਰ
NEXT STORY