ਚੰਡੀਗੜ੍ਹ (ਰਾਏ) - ਨਗਰ ਨਿਗਮ ਵਲੋਂ ਪੂਰੇ ਸ਼ਹਿਰ ਵਿਚ ਪਾਰਕਿੰਗਜ਼ ਦੇ ਰੇਟ ਤੈਅ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ ਕਾਰ ਦੇ 5 ਤੇ ਦੋਪਹੀਆ ਵਾਹਨ ਲਈ 2 ਰੁਪਏ ਨਿਰਧਾਰਿਤ ਹਨ ਪਰ ਸੈਕਟਰ-22 ਦੇ ਕਿਰਨ ਸਿਨੇਮਾ ਦੀ ਸਾਹਮਣੇ ਵਾਲੀ ਪਾਰਕਿੰਗ ਵਿਚ ਠੇਕੇਦਾਰ ਵਲੋਂ ਤਾਇਨਾਤ ਕੀਤੇ ਗਏ ਕਰਿੰਦੇ ਲੋਕਾਂ ਤੋਂ ਕਾਰ ਦੇ 5 ਰੁਪਏ ਦੀ ਬਜਾਏ 10 ਰੁਪਏ ਵਸੂਲ ਰਹੇ ਹਨ। ਇਸ ਬਾਰੇ ਨਿਗਮ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਮੇਅਰ ਨੂੰ ਇਸ ਦੀ ਜਾਣਕਾਰੀ ਦੇਣ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਗਲਤ ਹੈ ਤੇ ਉਹ ਇਸ ਦੀ ਜਾਂਚ ਕਰਵਾਉਣਗੇ। ਇਥੇ ਪਾਰਕਿੰਗ ਦੀ ਐਂਟਰੀ 'ਤੇ ਕਰਿੰਦੇ ਸਿਰਫ ਪਾਰਕਿੰਗ ਸਲਿੱਪ ਵਾਹਨ ਚਾਲਕ ਨੂੰ ਫੜਾ ਦਿੰਦੇ ਹਨ ਤੇ ਪੈਸੇ ਪੁੱਛਣ 'ਤੇ ਕਹਿੰੇਦੇ ਹਨ ਕਿ ਪੈਸੇ ਜਾਂਦੇ ਸਮੇਂ ਲੈ ਲੈਣਾ। ਪਾਰਕਿੰਗ ਵਿਚੋਂ ਨਿਕਲਦੇ ਸਮੇਂ ਜੇਕਰ ਕਿਸੇ ਵੀ ਕਾਰ ਦਾ ਸਮਾਂ 3 ਜਾਂ 4 ਘੰਟੇ ਪਹਿਲਾਂ ਦਾ ਹੁੰਦਾ ਹੈ ਤਾਂ ਕਰਿੰਦੇ ਉਨ੍ਹਾਂ ਤੋਂ 10 ਰੁਪਏ ਵਸੂਲਦੇ ਹਨ, ਜਦਕਿ ਨਿਗਮ ਵਲੋਂ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਕਰਿੰਦਿਆਂ ਦੀ ਮਨਸ਼ਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਕਾਰਾਂ ਦੀ ਐਂਟਰੀ ਸਮੇਂ ਸਲਿੱਪ ਤਾਂ ਕੱਟ ਦਿੰਦੇ ਹਨ ਪਰ ਚਾਲਕ ਤੋਂ ਉਸ ਸਮੇਂ 5 ਰੁਪਏ ਨਹੀਂ ਲੈਂਦੇ। ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਕਾਰਨ ਉਹ 10 ਰੁਪਏ ਦੇ ਕੇ ਚਲੇ ਜਾਂਦੇ ਹਨ। ਇਸ ਸਬੰਧੀ ਜਦੋਂ ਉਥੇ ਤਾਇਨਾਤ ਇਕ ਲੜਕੀ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ 4 ਘੰਟਿਆਂ ਤੋਂ ਬਾਅਦ 5 ਦੀ ਬਜਾਏ 10 ਰੁਪਏ ਲਗਦੇ ਹਨ।
ਸਮਾਰਟ ਪਾਰਕਿੰਗਜ਼ ਬਣਨ 'ਚ ਅਜੇ ਹੋਰ 2 ਮਹੀਨੇ
ਸ਼ਹਿਰ ਦੀਆਂ ਪੇਡ ਪਾਰਕਿੰਗਜ਼ ਦੇ ਰੇਟ ਫਿਲਹਾਲ ਨਹੀਂ ਵਧਣਗੇ। ਸ਼ੁੱਕਰਵਾਰ ਨੂੰ ਪਾਰਕਿੰਗਜ਼ ਨੂੰ ਸਮਾਰਟ ਬਣਾਉਣ ਸਬੰਧੀ ਹੋਈ ਨਿਗਮ ਦੀ ਵਿੱਤ ਤੇ ਕਰਾਰ ਸੰਮਤੀ ਦੀ ਬੈਠਕ ਵਿਚ ਪਾਰਕਿੰਗ ਦਾ ਠੇਕਾ ਲੈਣ ਵਾਲੀ ਕੰਪਨੀ ਨੂੰ ਹੋਰ 2 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਸਾਰੀਆਂ ਪਾਰਕਿੰਗਜ਼ ਨੂੰ ਸਮਾਰਟ ਬਣਾਵੇ। ਇਸ ਤੋਂ ਪਹਿਲਾਂ ਨਿਗਮ ਨੇ ਪਾਰਕਿੰਗਜ਼ ਚਲਾ ਰਹੀ ਕੰਪਨੀ ਨੂੰ 18 ਨਵੰਬਰ ਤਕ ਦਾ ਸਮਾਂ ਦਿੱਤਾ ਸੀ, ਤਾਂ ਕਿ ਪਾਰਕਿੰਗਜ਼ ਨੂੰ ਹੋਰ ਸਮਾਰਟ ਬਣਾਇਆ ਜਾ ਸਕੇ। ਉਦੋਂ ਤਕ ਫਿਲਹਾਲ ਪਾਰਕਿੰਗਜ਼ ਦੇ ਰੇਟ ਨਹੀਂ ਵਧਣਗੇ।
ਬੈਠਕ ਵਿਚ ਫਾਇਰ ਵਿਭਾਗ ਵਿਚ ਤਾਇਨਾਤ ਕਰਮਚਾਰੀਆਂ ਲਈ 28 ਫਾਇਰ ਪ੍ਰੋਕਿਸਮਿਟੀ ਸੂਟ ਖਰੀਦਣ, ਸੈਕਟਰ-16 ਸ਼ਾਂਤੀ ਕੁੰਜ ਦੇ ਈਟਿੰਗ ਜੁਆਇੰਟਸ ਦੀ ਲਾਇਸੈਂਸਿੰਗ ਫੀਸ 55000 ਤੋਂ ਘਟਾ ਕੇ 30000 ਰੁਪਏ ਪ੍ਰਤੀ ਮਹੀਨਾ ਕਰਨ, ਮੌਲੀਜਾਗਰਾਂ ਦੀਆਂ ਵੱਖ-ਵੱਖ ਪਾਰਕਾਂ ਵਿਚ ਜਿਮ ਦਾ ਸਾਮਾਨ ਲਗਾਉਣ ਲਈ ਅੰਦਾਜ਼ਨ ਰਾਸ਼ੀ 21.32 ਲੱਖ ਰੁਪਏ, ਸੈਕਟਰ-44, 34 ਤੇ 35 ਵਿਚ ਵੱਖ-ਵੱਖ ਸੜਕਾਂ ਦੀ ਮੁਰੰਮਤ 'ਤੇ 29.93 ਲੱਖ ਰੁਪਏ ਦੀ ਅੰਦਾਜ਼ਨ ਲਾਗਤ, ਨਿਗਮ ਦੀ ਕੰਟੀਨ ਚਲਾਉਣ ਲਈ ਟੈਂਡਰ ਲਗਾਉਣ ਆਦਿ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਮੇਅਰ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਉਨ੍ਹਾਂ ਤੋਂ ਇਲਾਵਾ ਕਮੇਟੀ ਮੈਂਬਰ ਅਰੁਣ ਸੂਦ, ਦਵਿੰਦਰ ਬਬਲਾ, ਅਜੇ ਦੱਤਾ, ਕੰਵਰਜੀਤ ਸਿੰਘ, ਚੀਫ ਇੰਜੀਨੀਅਰ ਐੱਨ. ਪੀ. ਸ਼ਰਮਾ ਤੇ ਹੋਰ ਅਧਿਕਾਰੀ ਮੌਜੂਦ ਸਨ।
ਨਾਬਾਲਿਗਾ ਨੂੰ ਬੇਹੋਸ਼ ਕਰ ਕੇ ਕੀਤਾ ਰੇਪ, 2 ਖਿਲਾਫ ਕੇਸ ਦਰਜ
NEXT STORY