ਪਟਿਆਲਾ/ਬਾਰਨ (ਇੰਦਰ ਖਰੌੜ)—ਜ਼ਿੰਦਗੀ ਵਿਚ ਜੇਕਰ ਕੁੱਝ ਕਰਨ ਦੀ ਚਾਹਤ ਹੋਵੇ ਤੇ ਇਰਾਦੇ ਮਜ਼ਬੂਤ ਹੋਣ ਤਾਂ ਕਿਸੇ ਮੰਜ਼ਲ ਨੂੰ ਪਾਉਣਾ ਔਖਾ ਨਹੀਂ। ਇਸ ਤਰ੍ਹਾਂ ਦੀ ਮਿਸਾਲ ਪੈਦਾ ਕੀਤੀ ਹੈ 104 ਸਾਲਾ ਮਾਤਾ ਮਾਨ ਕੌਰ ਨੇ। ਉਮਰ ਦੇ ਇਸ ਪੜਾਅ 'ਤੇ ਜਿਥੇ ਲੋਕਾਂ ਦੇ ਗੋਡੇ ਜਵਾਬ ਦੇ ਦਿੰਦੇ ਹਨ, ਉਥੇ ਮਾਤਾ ਮਾਨ ਕੌਰ ਨੇ ਅੰਤਰਰਾਸ਼ਟਰੀ ਦੌੜਾਕ ਬਣ ਕੇ ਦੇਸ਼ਾਂ-ਵਿਦੇਸ਼ਾਂ ਵਿਚ ਜਿੱਤ ਦੇ ਝੰਡੇ ਗੱਡੇ ਹਨ। ਮਾਨ ਕੌਰ ਅੱਜ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਗਏ ਹਨ, ਜੋ ਜ਼ਿੰਦਗੀ ਵਿਚ ਕੁੱਝ ਨਾ ਕੁੱਝ ਕਰਨ ਦੀ ਸਮਰੱਥਾ ਨਾ ਹੋਣ ਕਾਰਨ ਉਮੀਦਾਂ ਨੂੰ ਛੱਡ ਬੈਠਦੇ ਹਨ। ਉਨ੍ਹਾਂ ਨੌਜਵਾਨਾਂ ਲਈ ਮਾਰਗ-ਦਰਸ਼ਕ ਹਨ, ਜੋ ਨਸ਼ਿਆਂ ਦੀ ਦਲਦਲ ਵਿਚ ਡੁੱਬ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ 'ਤੇ ਲੱਗੇ ਹੋਏ ਹਨ। ਸ਼ਾਹੀ ਸ਼ਹਿਰ ਦੀ ਸ਼ਾਨ ਮਾਤਾ ਮਾਨ ਕੌਰ ਨੇ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ। ਕੋਚ ਦੀ ਭੂਮਿਕਾ ਉਨ੍ਹਾਂ ਦੇ 82 ਸਾਲਾ ਪੁੱਤਰ ਗੁਰਦੇਵ ਸਿੰਘ ਨਿਭਾਅ ਰਹੇ ਹਨ। ਪਹਿਲੀ ਵਾਰ ਮਾਤਾ ਮਾਨ ਕੌਰ ਨੇ ਚੰਡੀਗੜ੍ਹ ਵਿਖੇ ਹੋਈਆਂ ਵਰਲਡ ਮਾਸਟਰ ਗੇਮਜ਼ ਵਿਚ ਭਾਗ ਲਿਆ। ਉਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਵੇਖਿਆ। ਵੱਖ-ਵੱਖ ਦੇਸ਼ਾਂ ਵਿਚ ਹੋਏ ਵਰਲਡ ਮਾਸਟਰਜ਼ ਐਥਲੈਟਿਕਸ ਮੁਕਾਬਲਿਆਂ ਵਿਚ 80 ਦੇ ਕਰੀਬ ਮੈਡਲ ਜਿੱਤੇ, ਜਿਨ੍ਹਾਂ ਵਿਚੋਂ 35 ਗੋਲਡ ਹਨ। ਇਸ ਤੋਂ ਇਲਾਵਾ 4 ਵਰਲਡ ਰਿਕਾਰਡ ਤੋੜੇ ਤੇ ਵਿਸ਼ਵ ਦੀਆਂ 10 ਸਿੱਖ ਪ੍ਰਸਿੱਧ ਪ੍ਰਭਾਵਸ਼ਾਲੀ ਮਹਿਲਾਵਾਂ ਵਿਚ ਨਾਂ ਦਰਜ ਕਰਵਾਇਆ। ਇਸ ਤੋਂ ਇਲਾਵਾ ਕਈ ਵਿਦੇਸ਼ਾਂ ਦੇ ਸਪੋਰਟਸ ਕੈਲੰਡਰਾਂ ਤੇ ਮੈਗਜ਼ੀਨਾਂ ਦੇ ਫਰੰਟ ਕਵਰ 'ਤੇ ਸਪੋਰਟਸ ਸੰਸਥਾਵਾਂ ਵੱਲੋਂ ਫੋਟੋ ਲਾ ਕੇ ਮਾਤਾ ਮਾਨ ਕੌਰ ਦਾ ਮਾਣ ਵਧਾਇਆ ਗਿਆ। ਇੱਥੇ ਹੀ ਬੱਸ ਨਹੀਂ, ਦੌੜਨ ਦਾ ਜਨੂੰਨ ਮਾਤਾ ਮਾਨ ਕੌਰ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਵੇਗਾ। ਇਸ ਦੀਆਂ ਤਿਆਰੀਆਂ ਜਾਰੀ ਹਨ। ਹੋਰ ਕਈ ਵਿਸ਼ਵ ਰਿਕਾਰਡਾਂ ਨੂੰ ਆਪਣੇ ਨਾਂ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਵੱਖ-ਵੱਖ ਦੇਸ਼ਾਂ 'ਚ ਹੋਈਆਂ ਦੌੜਾਂ 'ਚ ਜਿੱਤੇ ਗੋਲਡ ਮੈਡਲ
2011 ਵਿਚ ਮਾਤਾ ਮਾਨ ਕੌਰ ਨੂੰ ਭਾਰਤ ਵੱਲੋਂ ਦੌੜਾਕ ਐਲਾਨਿਆ ਗਿਆ।
2012 'ਚ ਤਾਈਵਾਨ 'ਚ ਹੋਈਆਂ ਏਸ਼ੀਆ ਮਾਸਟਰ ਗੇਮਜ਼ ਵਿਚ 100 ਮੀਟਰ ਦੌੜ 'ਚ ਗੋਲਡ ਮੈਡਲ
2013 'ਚ ਕੈਨੇਡਾ 'ਚ ਹੋਈਆਂ ਵਰਲਡ ਸੀਨੀਅਰ ਗੇਮਜ਼ ਵਿਚ 5 ਗੋਲਡ ਮੈਡਲ
2013 ਵਿਚ ਅਮਰੀਕਾ ਵਿਚ ਹੋਈਆਂ ਮਾਸਟਰ ਸੀਨੀਅਰ ਗੇਮਜ਼ ਵਿਚ 5 ਗੋਲਡ ਮੈਡਲ
2016 ਵਿਚ ਅਮਰੀਕਾ 'ਚ ਹੋਈਆਂ ਮਾਸਟਰ ਗੇਮਜ਼ ਵਿਚ 4 ਗੋਡਲ ਮੈਡਲ
2017 ਵਿਚ ਆਕਲੈਂਡ ਵਰਲਡ ਮਾਸਟਰ ਗੇਮਜ਼ 'ਚ ਜਿੱਤਿਆ ਗੋਲਡ; ਜੈਵਲਿਨ ਥ੍ਰੋਅ ਤੇ ਸ਼ਾਟ-ਪੁੱਟ 'ਚ ਬਣਾਇਆ ਵਿਸ਼ਵ ਰਿਕਾਰਡ
2018 'ਚ ਸਪੇਨ ਦੇ ਮਲਾਂਗਾ ਵਿਚ 100 ਤੋਂ 104 ਸਾਲ ਦੀ ਉਮਰ ਦੇ ਬਜ਼ੁਰਗਾਂ ਦੇ ਆਯੋਜਿਤ ਵਰਲਡ ਮਾਸਟਰ ਐਥਲੈਟਿਕ ਮੁਕਾਬਲਿਆਂ ਵਿਚ 200 ਮੀਟਰ ਦੀ ਦੌੜ 'ਚ ਜਿੱਤੇ 2 ਗੋਲਡ ਮੈਡਲ
2019 ਵਿਚ ਪੋਲੈਂਡ ਵਿਚ ਹੋਈਆਂ ਵਰਲਡ ਮਾਸਟਰ ਗੇਮਜ਼ ਵਿਚ ਸ਼ਾਟ-ਪੁੱਟ ਵਿਚ ਜਿੱਤਿਆ ਗੋਲਡ ਮੈਡਲ ਅਤੇ 100-200 ਮੀਟਰ ਵਿਚ ਜਿੱਤੇ 4 ਗੋਲਡ ਮੈਡਲ।
ਇਸ ਤੋਂ ਇਲਾਵਾ ਹੋਰ ਕਈ ਥਾਵਾਂ 'ਤੇ ਹੋਈਆਂ ਮਾਸਟਰ ਗੇਮਜ਼ ਵਿਚ ਕਈ ਮੈਡਲ ਅਤੇ ਕਈ ਰਿਕਾਰਡ ਤੋੜੇ।
ਵਿਦੇਸ਼ਾਂ 'ਚ ਮਾਨ ਕੌਰ ਨੂੰ ਮਿਲੇ ਅਨੇਕਾਂ ਸਨਮਾਨ
ਐਥਲੀਟ ਮਾਤਾ ਮਾਨ ਕੌਰ ਨੂੰ ਟੋਰਾਂਟੋ ਵਿਖੇ 'ਲਾਈਫ ਟਾਈਮ ਐਚੀਵਮੈਂਟ' ਐਵਾਰਡ, 'ਲਾਰਸ ਵਰਲਡ ਸਪੋਰਟਸ' ਐਵਾਰਡ ਲਈ ਹੋਈ ਚੋਣ। ਅਮਰੀਕਨ ਪੁਲਸ ਵੱਲੋਂ ਵੀ ਮਿਲਿਆ ਸਨਮਾਨ। ਵਿਸ਼ਵ ਪੱਧਰ ਦੀਆਂ 10 ਪ੍ਰਭਾਵਸ਼ਾਲੀ ਸਿੱਖ ਔਰਤਾਂ ਵਿਚ ਕੀਤਾ ਗਿਆ ਸ਼ਾਮਲ। 2019 ਪੋਲੈਂਡ ਵਰਲਡ ਮਾਸਟਰ ਗੇਮਜ਼ ਦੇ ਕੈਲੰਡਰ 'ਤੇ ਛਾਪੀ ਗਈ ਫੋਟੋ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤਾ ਗਿਆ ਸਨਮਾਨਤ। ਕਈ ਦੇਸ਼ਾਂ ਵਿਚ ਉਨ੍ਹਾਂ ਨੂੰ ਬ੍ਰੈਂਡ ਅੰਬੈਸਡਰ ਵੀ ਬਣਾਇਆ ਗਿਆ ਹੈ।
ਇਹ ਹੈ ਮਾਤਾ ਦੀ ਸਿਹਤ ਦਾ ਰਾਜ਼
ਮਾਤਾ ਮਾਨ ਕੌਰ ਦੇ ਪੁੱਤਰ ਅਤੇ ਕੋਚ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਖਾਣੇ ਵਿਚ ਕਣਕ ਨੂੰ ਪਹਿਲਾਂ ਪਾਣੀ ਵਿਚ ਗਿੱਲਾ ਕਰ ਕੇ ਇਸ ਨੂੰ ਗਰਾਈਂਡ ਕਰ ਕੇ ਇਸ ਨਾਲ ਬਣੀਆਂ 2 ਰੋਟੀਆਂ 2 ਵਕਤ ਖਾਂਦੀ ਹੈ। ਇਹ 3 ਰੋਟੀਆਂ ਦੀ ਖੁਰਾਕ ਦੇ ਬਰਾਬਰ ਹੈ। ਸਵੇਰੇ ਅਤੇ ਸ਼ਾਮ ਨੂੰ ਸ਼ੋਇਆਬੀਨ ਦੇ ਦੁੱਧ ਨਾਲ ਕਾਜੂ, ਬਦਾਮ ਅਤੇ ਹੋਰ ਵਸਤਾਂ ਦਾ ਸੇਵਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸਵੇਰੇ ਉੱਠ ਕੇ 2 ਗਲਾਸ ਗਰਮ ਪਾਣੀ, ਦੁਪਹਿਰ ਦੇ ਖਾਣੇ ਵਿਚ ਪਤਲੀ ਖਿਚੜੀ ਅਤੇ ਦਹੀਂ ਅਤੇ ਸ਼ਾਮ ਨੂੰ ਬੀਟ ਗ੍ਰਾਸ ਦਾ ਜੂਸ ਅਤੇ ਰਾਤ ਨੂੰ ਇਕ ਰੋਟੀ, ਫਲ, ਸਲਾਦ ਅਤੇ ਸੋਇਆ ਮਿਲਕ ਲਿਆ ਜਾਂਦਾ ਹੈ। ਮਾਤਾ ਜੀ ਇਕ ਦਿਨ ਛੱਡ ਕੇ 600 ਮੀਟਰ ਤੋਂ ਵੱਧ ਦੀ ਦੌੜ ਲਾਉਂਦੇ ਹਨ। ਇਸ ਤੋਂ ਇਲਾਵਾ ਹੋਰ ਐਥਲੀਟ ਗੇਮ ਜੈਵਲਿਨ ਥ੍ਰੋਅ ਅਤੇ ਜਿਮ ਜਾ ਕੇ ਖੁਦ ਕਸਰਤ ਕਰਦੇ ਹਨ।
ਪੁੱਤ ਨਿਭਾਅ ਰਿਹੈ ਕੋਚ ਦੀ ਭੂਮਿਕਾ
ਦੌੜਾਕ ਮਾਤਾ ਮਾਨ ਕੌਰ ਵਿਸ਼ਵ ਪੱਧਰ ਦੀ ਦੌੜਾਕ ਬਣਾਉਣ ਲਈ ਅਹਿਮ ਭੂਮਿਕਾ ਉਸ ਦਾ 82 ਸਾਲਾ ਪੁੱਤਰ ਗੁਰਦੇਵ ਸਿੰਘ ਕੋਚ ਬਣ ਕੇ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਹੁਣ ਉਹ ਦਸੰਬਰ ਵਿਚ ਮਲੇਸ਼ੀਆ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਹ ਇਨ੍ਹਾਂ ਖੇਡਾਂ ਵਿਚ ਵੀ ਮਾਤਾ ਮਾਨ ਕੌਰ ਵਿਸ਼ਵ ਰਿਕਾਰਡ ਤੋੜਨਗੇ।
ਕੇਂਦਰ ਅਤੇ ਸੂਬਾ ਸਰਕਾਰਾਂ ਨੇ ਨਹੀਂ ਵਧਾਇਆ ਮਾਤਾ ਦਾ ਮਾਣ
ਵਰਲਡ ਚੈਂਪੀਅਨ ਮਾਤਾ ਮਾਨ ਕੌਰ ਦੀਆਂ ਉਪਲਬਧੀਆਂ ਨੂੰ ਦੇਖਦਿਆਂ ਵਿਦੇਸ਼ਾਂ ਵਿਚ ਜਿਥੇ ਉਨ੍ਹਾਂ ਨੂੰ ਸਰਕਾਰ ਅਤੇ ਸਪੋਰਟਸ ਸੰਸਥਾਵਾਂ ਵੱਲੋਂ ਸਨਮਾਨਤ ਕਰ ਕੇ ਮਾਣ ਵਧਾਇਆ ਜਾ ਰਿਹਾ ਹੈ, ਉਥੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਾਤਾ ਮਾਨ ਕੌਰ ਨੂੰ ਕਿਸੇ ਵੀ ਤਰ੍ਹਾਂ ਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ। ਜੇਕਰ ਸੂਬਾ ਸਰਕਾਰ ਦੀ ਗੱਲ ਕਰੀਏ ਤਾਂ ਉਹ ਖੇਡਾਂ ਵਿਚ ਇਕ ਮੈਡਲ ਲੈਣ ਵਾਲੇ ਖਿਡਾਰੀ ਨੂੰ ਸਿਫਾਰਸ਼ਾਂ ਦੇ ਚਲਦਿਆਂ ਕਈ ਤਰ੍ਹਾਂ ਦੇ ਮਾਣ-ਸਨਮਾਨ ਦੇ ਕੇ ਨਿਵਾਜਦੀ ਹੈ। ਵਿਸ਼ਵ ਪੱਧਰ 'ਤੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਮਾਤਾ ਮਾਨ ਕੌਰ ਨੂੰ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਸਨਮਾਨ ਦੇ ਕੇ ਨਹੀਂ ਨਿਵਾਜਿਆ ਗਿਆ। ਪੰਜਾਬੀ ਯੂਨੀਵਰਸਿਟੀ ਵੱਲੋਂ ਇਕ ਕੁਆਰਟਰ ਰਹਿਣ ਲਈ ਜ਼ਰੂਰ ਦਿੱਤਾ ਗਿਆ ਹੈ। ਉਹ ਵੀ ਤੀਸਰੀ ਮੰਜ਼ਿਲ 'ਤੇ ਹੈ।
ਨਵਜੋਤ ਸਿੱਧੂ ਦਾ ਗਲਾ ਫਿਰ ਖਰਾਬ, ਡਾਕਟਰਾਂ ਵਲੋਂ ਆਰਾਮ ਦੀ ਸਲਾਹ
NEXT STORY