ਅੰਮ੍ਰਿਤਸਰ: ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਨਿਊ ਮਾਡਲ ਟਾਊਨ ਵਿਚ ਇਕ ਭਰਾ ਵੱਲੋਂ ਆਪਣੀ ਹੀ ਭੈਣ 'ਤੇ ਬੇਰਹਿਮੀ ਨਾਲ ਹਮਲਾ ਕਰਨ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਮੁੰਬਈ ਤੋਂ ਆਪਣੇ ਵੱਡੇ ਭਰਾ ਨੂੰ ਮਿਲਣ ਆਈ ਨਵਦੀਪ ਕੌਰ 'ਤੇ ਉਸ ਦੇ ਛੋਟੇ ਭਰਾ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ ਹੈ।
ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਨਵਦੀਪ ਕੌਰ ਘਰੋਂ ਬਾਹਰ ਨਿਕਲਦੀ ਹੈ, ਉਸ ਦਾ ਛੋਟਾ ਭਰਾ ਕਾਰ ਵਿਚ ਆਉਂਦਾ ਹੈ ਅਤੇ ਉਸ 'ਤੇ ਲੋਹੇ ਦੀ ਰਾਡ ਨਾਲ ਤਕਰੀਬਨ 12 ਵਾਰ ਹਮਲਾ ਕਰਦਾ ਹੈ। ਇਸ ਦੌਰਾਨ ਮੁਲਜ਼ਮ ਦਾ ਪਿਤਾ ਵੀ ਮੌਕੇ 'ਤੇ ਮੌਜੂਦ ਸੀ, ਪਰ ਵੀਡੀਓ ਵਿਚ ਉਹ ਆਪਣੇ ਪੁੱਤਰ ਨੂੰ ਰੋਕਦੇ ਹੋਏ ਨਜ਼ਰ ਨਹੀਂ ਆ ਰਹੇ।
ਪੀੜਤਾ ਦੇ ਵੱਡੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਛੋਟਾ ਭਰਾ ਇਸ ਗੱਲੋਂ ਖਫ਼ਾ ਸੀ ਕਿ ਭੈਣ ਮੁੰਬਈ ਤੋਂ ਅੰਮ੍ਰਿਤਸਰ ਆ ਕੇ ਉਸ ਦੇ ਘਰ ਕਿਉਂ ਨਹੀਂ ਗਈ ਅਤੇ ਸਿੱਧੀ ਮੁੰਬਈ ਵਾਪਸ ਕਿਉਂ ਜਾ ਰਹੀ ਸੀ। ਇਸ ਤੋਂ ਇਲਾਵਾ, ਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਵਿਵਾਦ ਦੀ ਮੁੱਖ ਵਜ੍ਹਾ ਜੱਦੀ ਜਾਇਦਾਦ ਹੈ, ਕਿਉਂਕਿ ਛੋਟਾ ਭਰਾ ਸਾਰੀ ਜਾਇਦਾਦ ਆਪਣੇ ਨਾਂ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਕਈ ਵਾਰ ਪਰਿਵਾਰ ਨਾਲ ਲੜਾਈ-ਝਗੜਾ ਕਰ ਚੁੱਕਾ ਹੈ।
ਛੇਹਰਟਾ ਥਾਣੇ ਦੀ ਪੁਲਸ ਨੇ ਮੌਕੇ ਦੀ ਸੀ.ਸੀ.ਟੀ.ਵੀ. ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਹੈ। ਐੱਸ.ਐੱਚ.ਓ. ਬਲਵਿੰਦਰ ਸਿੰਘ ਅਨੁਸਾਰ, ਪੀੜਤਾ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਦਾ ਆਪ੍ਰੇਸ਼ਨ ਚੱਲ ਰਿਹਾ ਹੈ। ਪੀੜਤਾ ਦੀ ਹਾਲਤ ਗੰਭੀਰ ਹੋਣ ਕਾਰਨ ਅਜੇ ਉਸ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਹਨ, ਜਿਸ ਤੋਂ ਬਾਅਦ ਹੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
NEXT STORY