ਪਟਿਆਲਾ (ਜੋਸਨ, ਰਾਜੇਸ਼, ਰਾਣਾ)-''ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਬਹੁਮੁੱਲੀ ਵਿਰਾਸਤ, ਸੱਭਿਆਚਾਰ ਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਹੈਰੀਟੇਜ ਤੇ ਸਰਸ ਮੇਲਾ ਬੜੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਥੇ 3 ਤੋਂ 4 ਲੱਖ ਦੇ ਕਰੀਬ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ।'' ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕੀਤਾ। ਉਹ ਪਟਿਆਲਾ ਵਿਖੇ 21 ਤੋਂ 27 ਫਰਵਰੀ ਤੱਕ ਲੱਗਣ ਵਾਲੇ ਵਿਰਾਸਤੀ (ਹੈਰੀਟੇਜ) ਮੇਲੇ ਤੇ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ 4 ਮਾਰਚ ਤੱਕ ਲੱਗਣ ਜਾ ਰਹੇ ਸਰਸ ਮੇਲੇ ਬਾਰੇ ਵਿਸਥਾਰ 'ਚ ਜਾਣਕਾਰੀ ਦੇਣ ਲਈ ਅੱਜ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਸਰਸ ਮੇਲੇ ਲਈ ਨੋਡਲ ਅਫਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੌਕਤ ਅਹਿਮਦ ਪਰੇ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮਦੀਪ ਕੌਰ ਵੀ ਮੌਜੂਦ ਸਨ।
26 ਫਰਵਰੀ ਨੂੰ ਬਾਰਾਂਦਰੀ ਬਾਗ 'ਚ ਫੁੱਲਾਂ ਦੀ ਪ੍ਰਦਰਸ਼ਨੀ ਲੱਗੇਗੀ
ਉਨ੍ਹਾਂ ਦੱਸਿਆ ਕਿ 26 ਫਰਵਰੀ ਨੂੰ ਬਾਰਾਂਦਰੀ ਬਾਗ 'ਚ ਫੁੱਲਾਂ ਦੀ ਪ੍ਰਦਰਸ਼ਨੀ ਲੱਗੇਗੀ, ਜਿਥੇ ਕੈਕਟਸ ਮੁਕਾਬਲਾ ਹੋਵੇਗਾ। 27 ਫਰਵਰੀ ਨੂੰ ਵਿਰਾਸਤੀ ਸੈਰ (ਹੈਰੀਟੇਜ ਵਾਕ) ਸ਼ਾਮੀ ਸਮਾਧਾਂ ਤੋਂ ਸ਼ੁਰੂ ਹੋਵੇਗੀ ਜੋ ਕਿ ਛੱਤਾ ਨਾਨੂਮੱਲ ਤੋਂ ਹੁੰਦੇ ਹੋਏ, ਬਰਤਨ ਬਾਜ਼ਾਰ, ਰਜੇਸ਼ਵਰੀ ਸ਼ਿਵ ਮੰਦਰ, ਦਰਸ਼ਨੀ ਡਿਓੜੀ ਅਤੇ ਕਿਲਾ ਮੁਬਾਰਕ ਤੱਕ ਜਾਵੇਗੀ।
ਜਦੋਕਿ ਏ. ਡੀ. ਸੀ. (ਡੀ) ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਸਰਸ ਮੇਲੇ 'ਚ ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਝਾਰਖੰਡ, ਆਸਾਮ, ਮਨੀਪੁਰ, ਉੜੀਸਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ ਤੋਂ ਕਲਾਕਾਰ ਤੇ ਸ਼ਿਲਪਕਾਰ ਅਤੇ ਲਜੀਜ਼ ਪਕਵਾਨ ਵਾਲੇ ਖਾਨਸਾਮੇ ਪੁੱਜਣਗੇ।
22 ਫਰਵਰੀ ਨੂੰ ਨਿਕਲੇਗੀ ਸਾਈਕਲ ਰੈਲੀ
ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਸਵੇਰੇ 7.30 ਵਜੇ ਵਿਰਾਸਤੀ ਇਮਾਰਤ ਐੱਨ.ਆਈ. ਐੱਸ. ਤੋਂ ਸਾਈਕਲ ਰੈਲੀ ਕੱਢੀ ਜਾਵੇਗੀ, ਜੋਕਿ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ, ਕਿਲਾ ਮੁਬਾਰਕ, ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ, ਸ਼ੇਰਾਂ ਵਾਲਾ ਗੇਟ, ਕਾਲੀ ਦੇਵੀ ਮੰਦਰ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਾਸੀ ਰੋਡ, ਚਿਲਡਰਨ ਮੈਮੋਰੀਅਲ ਚੌਕ ਤੋਂ ਹੁੰਦੀ ਹੋਈ, ਰਿੰਕ ਹਾਲ ਤੋਂ ਅੱਗੇ ਬਾਰਾਂਦਰੀ ਬਾਗ ਵਿਖੇ ਸਮਾਪਤ ਹੋਵੇਗੀ। ਇਸੇ ਦਿਨ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਟਿਆਲਾ ਘਰਾਣਾ ਪੁਰਾਤਨ ਗਾਇਨ ਸ਼ੈਲੀ ਦੇ ਗਾਇਕ ਪੰਡਤ ਅਜੋਏ ਚੱਕਰਵਰਤੀ ਤੇ ਬਨਾਰਸ ਘਰਾਣੇ ਦੇ ਸ਼ਾਸਤਰੀ ਸੰਗੀਤਕਾਰ ਪੰਡਤ ਚੁੰਨੀ ਲਾਲ ਮਿਸ਼ਰਾ ਪੇਸ਼ਕਾਰੀ ਦੇਣਗੇ। ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 23 ਫਰਵਰੀ ਨੂੰ ਸਵੇਰੇ 10 ਵਜੇ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਸਟੰਟ ਬਾਈਕਿੰਗ ਦੇ ਕਰਤੱਬ ਹੋਣਗੇ। ਜਦੋਂਕਿ 24 ਫਰਵਰੀ ਨੂੰ ਧਰੁਵ ਪਾਂਡਵ ਸਟੇਡੀਅਮ ਵਿਖੇ ਕ੍ਰਿਕਟ ਮੈਚ ਹੋਵੇਗਾ ਅਤੇ ਕਿਲਾ ਮੁਬਾਰਕ ਵਿਖੇ ਸ਼ਾਮ ਨੂੰ ਸ਼ਾਸਤਰੀ ਸੰਗੀਤਕਾਰ ਉਸਤਾਦ ਰਸ਼ੀਦ ਖ਼ਾਨ ਅਤੇ ਮਿਸ ਮੰਜਰੀ ਚਤੁਰਵੇਦੀ ਕੱਥਕ ਦੀ ਪੇਸ਼ਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ 25 ਫਰਵਰੀ ਨੂੰ ਪੋਲੋ ਗਰਾਊਂਡ ਤੋਂ ਬਲਾਈਂਡ ਕਾਰ ਰੈਲੀ ਚੱਲੇਗੀ।
20 ਸੂਬਿਆਂ ਦੇ ਸ਼ਿਲਪਕਾਰ ਤੇ 15 ਸੂਬਿਆਂ ਦੇ ਕਲਾਕਾਰ ਪੁੱਜਣਗੇ
ਇਸ ਮੌਕੇ ਏ. ਡੀ. ਸੀ. (ਡੀ) ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਸਰਸ ਮੇਲੇ 'ਚ 20 ਸੂਬਿਆਂ ਦੇ ਸ਼ਿਲਪਕਾਰ ਤੇ 15 ਸੂਬਿਆਂ ਦੇ ਕਲਾਕਾਰ ਪੁੱਜਣਗੇ, ਜਿਨ੍ਹਾਂ ਵੱਲੋਂ ਲੋਕਾਂ ਦੇ ਖਰੀਦਣ ਲਈ ਦਸਤਕਾਰੀ ਵਸਤਾਂ ਅਤੇ ਦਰਸ਼ਕਾਂ ਨੂੰ ਕੀਲਣ ਵਾਲੀਆਂ ਵੱਖ-ਵੱਖ ਪੇਸ਼ਕਾਰੀਆਂ ਹੋਣਗੀਆਂ। ਇਸ ਤੋਂ ਬਿਨਾਂ ਰਣਜੀਤ ਬਾਵਾ ਤੇ ਲਖਵਿੰਦਰ ਵਡਾਲੀ ਸਟਾਰ ਨਾਈਟਸ ਵੀ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਸ ਮੇਲੇ ਦੀ ਟਿਕਟ 10 ਰੁਪਏ ਰੱਖੀ ਗਈ ਹੈ।
21 ਫਰਵਰੀ ਨੂੰ ਸ਼ੀਸ਼ ਮਹਿਲ ਵਿਖੇ ਸਰਸ ਮੇਲੇ ਦੇ ਹੋਵੇਗਾ ਉਦਘਾਟਨ
ਇਸ ਮੌਕੇ ਏ. ਡੀ. ਸੀ. (ਜ) ਪੂਨਮਦੀਪ ਕੌਰ ਨੇ ਦੱਸਿਆ 21 ਫਰਵਰੀ ਨੂੰ ਸ਼ੀਸ਼ ਮਹਿਲ ਵਿਖੇ ਸਰਸ ਮੇਲੇ ਦੇ ਉਦਘਾਟਨ ਮੌਕੇ ਵੱਖ-ਵੱਖ ਸੂਬਿਆਂ ਦੇ 150 ਕਲਾਕਾਰ ਨਾਚ ਦੀ ਪੇਸ਼ਕਾਰੀ ਕਰਨਗੇ, ਜਦਕਿ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਹੈਰੀਟੇਜ ਮੇਲੇ ਦੇ ਉਦਘਾਟਨ ਮੌਕੇ ਪੰਜਾਬੀ ਸੂਫੀ ਸ਼ਾਇਰ ਮਦਨ ਗੋਪਾਲ ਸਿੰਘ ਮਧੁਰ ਸੰਗੀਤ ਦੀ ਪੇਸ਼ਕਾਰੀ ਕਰਨਗੇ ਤੇ 27 ਫਰਵਰੀ ਦੀ ਸ਼ਾਮ ਨੂੰ ਸਮਾਪਤੀ ਸਮੇਂ ਐੱਨ. ਆਈ. ਐੱਸ. ਵਿਖੇ ਹਰਬਖਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ 'ਜੰਗ-ਏ-ਸਾਰਾਗੜ੍ਹੀ' ਲਾਈਟ ਐਂਡ ਸਾਊਂਡ ਪਨੋਰਮਾ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ।
ਨਸ਼ੇ 'ਚ ਟੱਲੀ ਹੋ ਕੇ ਵਿਅਕਤੀ ਨੇ ਹੋਮਗਾਰਡ 'ਤੇ ਕੀਤਾ ਹਮਲਾ
NEXT STORY