ਪਟਿਆਲਾ (ਪਰਮੀਤ)— ਹਲਕਾ ਘਨੌਰ ਦੇ ਸ਼ਹੀਦ ਹੋਏ ਮਨਦੀਪ ਸਿੰਘ ਨੂੰ ਅੱਜ ਉਨ੍ਹਾਂ ਦੇ ਪਿੰਡ ਵਿਖੇ ਅੰਤਿਮ ਵਿਦਾਈ ਦਿੱਤੀ ਗਈ ਹੈ। ਦੱਸ ਦੇਈਏ ਕਿ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਵਸਨੀਕ ਅਤੇ ਭਾਰਤੀ ਫ਼ੌਜ ਦਾ ਜਵਾਨ ਨਾਇਬ ਸੂਬੇਦਾਰ ਮਨਦੀਪ ਸਿੰਘ ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ ਵਿਖੇ ਗੁਆਂਢੀ ਮੁਲਕ ਚੀਨ ਦੀ ਫ਼ੌਜ ਨਾਲ ਹੋਈ ਮੁੱਠਭੇੜ 'ਚ ਸ਼ਹੀਦ ਹੋ ਗਏ ਸਨ।
ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਕਰੀਬ 12 ਵਜੇ ਚੰਡੀਗੜ੍ਹ ਪਹੁੰਚੀ, ਜਿੱਥੋਂ ਉਨ੍ਹਾਂ ਦੇ ਜੱਦੀ ਪਿੰਡ ਸੀਲ ਲਿਆਂਦੀ ਗਈ ਸੀ। ਜਿਵੇਂ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਜੱਦੀ ਪਿੰਡ ਸੀਲ 'ਚ ਪਹੁੰਚੀ ਤਾਂ ਸਾਰਾ ਪਿੰਡ 'ਚ ਮਾਹੌਲ ਗ਼ਮਗੀਨ ਹੋ ਗਿਆ। ਚਾਰੋਂ ਪਾਸੇ ਚੀਕ-ਚਿਹਾੜਾ ਮਚ ਗਿਆ। ਰੋਂਦੇ ਪਰਿਵਾਰ ਨੂੰ ਦੇਖ ਕੇ ਹਰ ਕਿਸੇ ਦੀ ਅੱਖ ਨਮ ਸੀ। ਉਨ੍ਹਾਂ ਦੇ ਜੱਦੀ ਪਿੰਡ 'ਚ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸ਼ਹੀਦ ਜਵਾਨ ਨੂੰ 12 ਸਾਲਾਂ ਪੁੱਤ ਜੋਬਨਪ੍ਰੀਤ ਨੇ ਅੰਤਿਮ ਵਿਦਾਈ ਦਿੱਤੀ।
ਇਸ ਮੌਕੇ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ ਵਿਖੇ ਚੀਨ ਦੀ ਫ਼ੌਜ ਨਾਲ ਹੋਈ ਮੁੱਠਭੇੜ 'ਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ 'ਤੇ ਲਿਪਟਿਆ ਤਿਰੰਗਾ ਝੰਡਾ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ, ਬੇਟੀ ਮਹਿਕਪ੍ਰੀਤ ਕੌਰ ਅਤੇ ਬੇਟਾ ਜੋਬਨਪ੍ਰੀਤ ਸਿੰਘ ਨੂੰ ਸੌਂਪਿਆ।
ਸੂਬੇਦਾਰ ਦੀ ਮਾਂ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਕਿਹਾ ਬੁਢਾਪੇ ਦਾ ਸਹਾਰਾ ਸੀ ਮਨਦੀਪ
ਸ਼ਹੀਦ ਦੀ 65 ਸਾਲਾ ਮਾਤਾ ਸ਼ਕੁੰਤਲਾ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਪੁੱਤਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਆਪਣੀ ਜਾਨ ਦੇਸ਼ ਦੇ ਲੇਖੇ ਲਾ ਗਿਆ ਹੈ। ਸ਼ਹੀਦ ਦੀ ਪਤਨੀ ਗੁਰਦੀਪ ਕੌਰ ਨੇ ਰੋਂਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਮਨਦੀਪ ਸਿੰਘ ਨਾਲ ਗੱਲ ਹੋਈ ਸੀ ਪਰ ਹੁਣ ਉੱਥੇ ਸੰਪਰਕ ਨਾ ਹੋਣ ਕਰਕੇ ਗੱਲ ਨਹੀਂ ਸੀ ਹੋ ਸਕੀ ਅਤੇ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ 'ਤੇ ਉਨ੍ਹਾਂ ਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਹੈ। ਜਦੋਂਕਿ ਸ਼ਹੀਦ ਦੇ ਦੋਵੇਂ ਬੱਚਿਆਂ 12 ਸਾਲਾ ਜੋਬਨਪ੍ਰੀਤ ਸਿੰਘ ਅਤੇ 15 ਸਾਲਾ ਮਹਿਕਪ੍ਰੀਤ ਕੌਰ ਦੀ ਰੋਂਦੇ ਹੋਏ ਆਵਾਜ ਵੀ ਨਹੀਂ ਸੀ ਨਿਕਲ ਰਹੀ।
ਪੰਜਾਬ ਦੇ ਚਾਰ ਸਿੱਕਾਂ ਨੇ ਚੀਨੀ ਝੜਪ ਦੌਰਾਨ ਦਿੱਤੀ ਸੀ ਸ਼ਹਾਦਤ
ਸ਼ਹੀਦ ਸੂਬੇਦਾਰ ਮਨਦੀਪ ਸਿੰਘ 20 ਮਾਰਚ 1980 ਨੂੰ ਫ਼ੌਜ ’ਚ ਭਰਤੀ ਹੋਏ ਸਨ। ਉਹ ਤਾਲਾਬੰਦੀ ਕਰਕੇ ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਪਰਤੇ ਸਨ। ਇਥੇ ਦੱਸ ਦੱਈਏ ਕਿ 15 ਜੂਨ ਨੂੰ ਚੀਨ ਅਤੇ ਭਾਰਤ ਵਿਚਾਲੇ ਹੋਏ ਹਿੰਸਕ ਝੜਪ ਦੌਰਾਨ ਪੰਜਾਬ ਦੇ ਚਾਰ ਲਾਲ ਸ਼ਹੀਦ ਹੋ ਗਏ ਸਨ ਜਦਕਿ ਕੁੱਲ 20 ਜਵਾਨ ਸ਼ਹੀਦ ਹੋਏ ਹਨ।
ਪੰਜਾਬ ਦੇ ਜਿਹੜੇ ਚਾਰ ਜਵਾਨ ਸ਼ਹੀਦ ਹੋਏ ਸਨ, ਉਨ੍ਹਾਂ ’ਚ ਸੰਗਰੂਰ ਦਾ ਗੁਰਵਿੰਦਰ ਸਿੰਘ (22), ਮਾਨਸਾ ਦਾ ਸਿਪਾਹੀ ਗੁਰਤੇਜ ਸਿੰਘ (22), ਗੁਰਦਾਸਪੁਰ ਦਾ ਨਾਇਬ ਸੂਬੇਦਾਰ ਸਤਨਾਮ ਸਿੰਘ (42) ਅਤੇ ਪਟਿਆਲਾ ਦਾ ਮਨਦੀਪ ਸਿੰਘ (40) ਸ਼ਾਮਲ ਸਨ। ਇਨ੍ਹਾਂ ’ਚੋਂ ਅੱਜ ਗੁਰਦਾਸਪੁਰ ਦੇ ਰਹਿਣ ਵਾਲੇ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਅਤੇ ਪਟਿਆਲਾ ਦੇ ਸ਼ਹੀਦ ਮਨਦੀਪ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਬਰਨਾਲਾ 'ਚ ਹੋਇਆ ਕੋਰੋਨਾ ਬਲਾਸਟ, ਅੱਠ ਵਿਅਕਤੀ ਆਏ ਕੋਰੋਨਾ ਪਾਜ਼ੇਟਿਵ
NEXT STORY