ਸੰਦੌੜ (ਰਿਖੀ) : ਭਾਂਵੇ ਸਰਕਾਰ ਪੈਨਸ਼ਨਾਂ ਦੁੱਗਣੀਆਂ ਕਰਨ ਜਾਂ ਹਰ ਯੋਗ ਲਾਭਪਾਤਰੀ ਤੱਕ ਉਸਦਾ ਲਾਭ ਪਹੁੰਚਾਉਣ ਦੇ ਦਾਅਵੇ ਤਾਂ ਕਰ ਰਹੀ ਹੈ ਪਰ ਇਹ ਦਾਅਵੇ ਕਈ ਵਾਰ ਜ਼ਮੀਨੀ ਹਕੀਕਤ ਤੇ ਕੁੱਝ ਹੋਰ ਹੀ ਹੁੰਦੇ ਹਨ। ਅਜਿਹੀ ਹੀ ਕਹਾਣੀ ਬਿਆਨ ਹੁੰਦੀ ਹੈ ਬਲਾਕ ਸ਼ੇਰਪੁਰ ਦੇ ਪਿੰਡ ਫਤਹਿਗੜ੍ਹ ਪੰਜਗਰਾਈਆਂ ਵਿਖੇ, ਜਿੱਥੇ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾਉਣ ਵਾਲਾ ਮਜ਼ਦੂਰ ਆਪਣੇ ਪੁੱਤਰ ਤੇ ਚਾਰ ਭੈਣਾਂ ਦੇ ਇਕਲੌਤੇ ਅੰਗਹੀਣ ਭਾਈ ਦੀ ਪੈਨਸ਼ਨ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ-ਕੱਟ ਥੱਕ ਹਾਰ ਕੇ ਘਰ ਬੈਠ ਗਿਆ ਅਤੇ ਕਿਸੇ ਵੀ ਅਧਿਕਾਰੀ ਕਰਮਚਾਰੀ ਨੂੰ ਦਿਹਾੜੀ ਛੱਡ ਆਪਣੇ ਪੁੱਤਰ ਨੂੰ ਸਮੇਤ ਵੀਲ ਚੇਅਰ ਲਈ ਫਿਰਦੇ ਬੇਬੱਸ ਪਿਤਾ ਤੇ ਤਰਸ ਨਹੀਂ ਆਇਆ।
ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕੇ ਉਸਦਾ ਪੁੱਤਰ ਬਲਵਿੰਦਰ ਸਿੰਘ 11 ਸਾਲ ਦੋਵੇਂ ਲੱਤਾਂ ਤੋਂ ਚੱਲ ਨਹੀਂ ਸਕਦਾ ਜੋ ਪੰਜ ਕੁੜੀਆਂ ਬਾਅਦ ਹੋਇਆ ਸੀ ਜਿਸਨੂੰ ਜਨਮ ਤੋਂ ਹੀ ਇਹ ਸਮੱਸਿਆ ਹੈ। ਪਹਿਲਾਂ ਤਾਂ ਉਹ ਆਪਣੇ ਪੁੱਤਰ ਦੇ ਇਲਾਜ ਲਈ ਦੂਰ ਦੁਰਾਡੇ ਫਿਰਦੇ ਰਹੇ ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕੇ ਉਸਦੀ ਪਤਨੀ ਲੋਕਾਂ ਦੇ ਘਰਾਂ ਵਿਚ ਗੋਹਾ-ਕੂੜਾ ਅਤੇ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸਨੂੰ ਕਿਸੇ ਨੇ ਸਲਾਹ ਦਿੱਤੀ ਕੇ ਤੇਰੇ ਪੁੱਤਰ ਨੂੰ ਸਰਕਾਰ ਵੱਲੋਂ ਅੰਗਹੀਣਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਲੱਗ ਜਾਵੇਗੀ। ਇਸ ਲਈ ਮੈਂ 2006 ਵਿਚ ਇਸਦਾ ਬੈਂਕ ਖਾਤਾ ਖੁਲਵਾ ਕੇ ਪੈਨਸ਼ਨ ਲਈ ਹੀਲਾ ਕਰਨ ਲੱਗਿਆ ਸੁਖਦੇਵ ਸਿੰਘ ਨੇ ਦੱਸਿਆ ਕੇ ਉਨ੍ਹਾਂ ਨੇ ਪਹਿਲਾਂ ਅੰਗਹੀਣ ਦਾ ਇਕ ਸਰਟੀਫਿਕੇਟ ਬਣਵਾਇਆ। ਫਿਰ 2019 ਵਿਚ ਯੂ. ਡੀ. ਆਈ. ਡੀ ਕਾਰਡ ਬਣਵਾਇਆ ਜਿਸ ਅਨੁਸਾਰ ਉਸਦਾ ਪੁੱਤਰ 60 ਫ਼ੀਸਦੀ ਅੰਗਹੀਣ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਸੇਵਾ ਕੇਂਦਰਾਂ ਰਾਹੀਂ ਪੈਨਸ਼ਨ ਦੇ ਫਾਰਮ ਭਰੇ ਅਤੇ ਹੁਣ ਫਿਰ ਪਿਛਲੇ ਕਈ ਮਹੀਨਿਆਂ ਤੋਂ ਸੀ. ਡੀ.ਪੀ . ਓ ਦਫ਼ਤਰ ਸ਼ੇਰਪੁਰ ਜੋ ਘਨੌਰੀ ਵਿਖੇ ਚਲਦਾ ਹੈ ਉੱਥੇ ਗਿਆ ਜਿੱਥੇ ਵੀ ਮੈ ਵਾਰ ਵਾਰ ਗੇੜੇ ਮਾਰਦਾ ਰਿਹਾ ਉਹਨਾਂ ਦੱਸਿਆ ਕੇ ਸੀ. ਡੀ.ਪੀ . ਓ ਦਫ਼ਤਰ ਵੱਲੋਂ ਉਸਨੂੰ ਇਕ ਕਾਗਜ਼ ਦਾ ਟੁਕੜਾ ਦੇ ਕੇ ਮੋੜ ਦਿੱਤਾ ਜਿਸ ’ਤੇ ਲਿਖਿਆ ਸੀ ਡਾਇਰੀ ਨੰਬਰ 5103 ਸੁਖਦੇਵ ਸਿੰਘ ਨੇ ਦੱਸਿਆ ਕੇ ਉਹ ਜਦੋਂ ਵੀ ਪੈਨਸ਼ਨ ਬਾਰੇ ਪਤਾ ਕਰਨ ਜਾਂਦਾ ਹੈ ਉਸਨੂੰ ਦਿਹਾੜੀ ਛੱਡਣੀ ਪੈਂਦੀ ਹੈ ਅਤੇ ਪੁੱਤਰ ਨੂੰ ਵੀਲ ਚੇਅਰ ਸਮੇਤ ਲੈ ਕੇ ਜਾਣ ਮੌਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਖਦੇਵ ਸਿੰਘ ਹੁਣ ਪੈਨਸ਼ਨ ਦੀ ਆਸ ਛੱਡ ਕੇ ਨਿਰਾਸ਼ ਹੋਇਆ ਬੈਠਾ ਹੈ ਉਸਦਾ ਮੰਨਣਾ ਹੈ ਕੇ ਇੱਥੇ ਗਰੀਬ ਦੀ ਕੋਈ ਨਹੀਂ ਸੁਣਦਾ ਅਤੇ ਲੀਡਰਾਂ ਦੇ ਕਹਿਣ ਅਤੇ ਕਰਨ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ।
ਕੀ ਕਹਿਣਾ ਹੈ ਐਸ. ਡੀ. ਐੱਮ ਧੂਰੀ ਦਾ
ਜਦੋਂ ਇਸ ਮਾਮਲੇ ਸਬੰਧੀ ਐੱਸ. ਡੀ. ਐੱਮ. ਧੂਰੀ ਲਤੀਫ਼ ਅਹਿਮਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ। ਤੁਸੀਂ ਮੇਰੇ ਦਫ਼ਤਰ ਇਨ੍ਹਾਂ ਨੂੰ ਕੱਲ੍ਹ ਹੀ ਭੇਜੋ ਇਨ੍ਹਾਂ ਦੀ ਪੈਨਸ਼ਨ ਲਗਵਾ ਦਿੱਤੀ ਜਾਵੇਗੀ।
ਕੀ ਕਹਿਣਾ ਹੈ ਸੀ. ਡੀ. ਪੀ. ਓ. ਸ਼ੇਰਪੁਰ ਦਾ
ਇਸ ਸੰਬੰਧੀ ਜਦੋਂ ਸੀ. ਡੀ. ਪੀ. ਓ. ਬਲਾਕ ਸ਼ੇਰਪੁਰ ਮੈਡਮ ਕਿਰਨ ਰਾਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ ਮੈਂ ਪਿਛਲੇ ਦੋ ਮਹੀਨਿਆਂ ਤੋਂ ਹੀ ਜੁਆਇਨ ਕੀਤਾ ਹੁਣ ਇਹ ਮਾਮਲਾ ਮੇਰੇ ਧਿਆਨ ਵਿਚ ਆ ਗਿਆ ਹੈ ਜਲਦੀ ਹੀ ਇਨ੍ਹਾਂ ਦੀ ਪੈਨਸ਼ਨ ਲਵਾ ਦਿੱਤੀ ਜਾਵੇਗੀ।
ਕੋਰੋਨਾ ਦੀ ਔਖੀ ਘੜੀ ’ਚ ‘ਖਾਲਸਾ ਏਡ’ ਵਾਲੇ ਰਵੀ ਸਿੰਘ ਦੀ ਪੰਜਾਬ ਸਰਕਾਰ ਨੂੰ ਵੱਡੀ ਪੇਸ਼ਕਸ਼
NEXT STORY