ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਦੇਰ ਰਾਤੀਂ ਸ਼ਹਿਰ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੰਧ ਢਾਹੁਣ ਦੇ ਮਸਲੇ ਨੂੰ ਲੈ ਕੇ 16 ਏਕੜ ਵਾਸੀ ਅਤੇ ਗੁਰੂ ਨਾਨਕਪੁਰਾ ਮਹੱਲੇ ਦੇ ਵਾਸੀ ਆਪਸ 'ਚ ਭਿੜ ਗਏ। ਜਦੋਂ ਗੁਰੂ ਨਾਨਕਪੁਰਾ ਮੁਹੱਲੇ ਦੇ ਵਾਸੀਆਂ ਵਲੋਂ ਦੋਵੇਂ ਮੁਹੱਲਿਆਂ 'ਚ ਕੀਤੀ ਹੋਈ ਕੰਧ ਨੂੰ ਢਾਹੁਣਾ ਸ਼ੁਰੂ ਕੀਤਾ ਗਿਆ ਤਾਂ 16 ਏਕੜ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ। ਜਿਸ 'ਤੇ ਦੋਵੇਂ ਮੁਹੱਲਾ ਵਾਸੀਆਂ ਨੇ ਇਕ ਦੂਜੇ 'ਤੇ ਰੋੜੇ ਵਰਸਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ 16 ਏਕੜ ਦੇ ਤਿੰਨ ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਲ ਪ੍ਰਯੋਗ ਕਰਕੇ ਦੋਵੇਂ ਮੁਹੱਲਾ ਵਾਸੀਆਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਅਤੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਪੁਲਸ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ। ਸਵੇਰ ਦੇ ਸਮੇਂ ਵੀ ਇਸ ਮੁੱਦੇ 'ਤੇ ਕਸ਼ਮਕਸ਼ ਜਾਰੀ ਰਹੀ, ਜਿੱਥੇ ਆਪਣੇ ਗ੍ਰਿਫਤਾਰ ਵਿਅਕਤੀਆਂ ਨੂੰ ਛੁਡਾਉਣ ਲਈ ਗੁਰੂ ਨਾਨਕਪੁਰਾ ਮੁਹੱਲਾ ਵਾਸੀਆਂ ਨੇ ਥਾਣੇ ਅੱਗੇ ਨਾਅਰੇਬਾਜ਼ੀ ਕੀਤੀ, ਉਥੇ ਹੀ 16 ਏਕੜ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਵਾਸੀਆਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਸਨ। ਥਾਣੇ 'ਚ ਵੀ ਇਸ ਮੁੱਦੇ 'ਤੇ ਦੋਵੇਂ ਧਿਰਾਂ 'ਚ ਗਰਮਾ-ਗਰਮ ਬਹਿਸ ਹੋਈ। ਦੋਵੇਂ ਧਿਰਾਂ ਨੂੰ ਡੀ. ਐਸ. ਪੀ. ਰਾਜੇਸ਼ ਛਿੱਬਰ ਨੇ ਆਪਣੇ ਕੋਲ ਤਲਬ ਕੀਤਾ।
16 ਏਕੜ ਵੈਲਫੇਅਰ ਕਮੇਟੀ ਦੇ ਪ੍ਰਧਾਨ ਮਦਨ ਲਾਲ, ਕਮਲ ਸ਼ਹਿਣਾ ਅਤੇ ਐਡਵੋਕੇਟ ਕੁਲਵੰਤ ਗੋਇਲ ਨੇ ਕਿਹਾ ਕਿ ਰਾਤ ਸਮੇਂ ਗੁਰੂ ਨਾਨਕਪੁਰਾ ਮੁਹੱਲਾ ਵਾਸੀਆਂ ਵਲੋਂ ਚੋਰੀ ਛਿੱਪੇ ਕੰਧ ਢਾਹੁਣਾ ਸ਼ਰੇਆਮ ਗੁੰਡਾਗਰਦੀ ਹੈ। ਦੂਜੇ ਪਾਸੇ ਗੁਰੂ ਨਾਨਕਪੁਰਾ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ 16 ਏਕੜ ਵਾਸੀਆਂ ਵਲੋਂ ਨਜਾਇਜ਼ ਤੌਰ 'ਤੇ ਇਹ ਕੰਧ ਕੱਢੀ ਗਈ ਹੈ। ਸਾਡੇ ਮੁਹੱਲੇ ਦਾ ਆਉਣ ਜਾਣ ਦਾ ਰਸਤਾ ਵੀ ਬੰਦ ਹੋ ਗਿਆ ਹੈ। ਇੰਨਾ ਹੀ ਨਹੀਂ ਪੁਲਸ ਨੇ ਵੀ ਸਾਡੇ ਨਾਲ ਧੱਕਾ ਕੀਤਾ ਹੈ। ਪੁਲਸ ਮੁਹੱਲੇ 'ਚ ਇਕ ਘਰ 'ਚ ਆਏ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਨੂੰ ਵੀ ਗ੍ਰਿਫਤਾਰ ਕਰਕੇ ਲੈ ਗਈ ਅਤੇ ਇਕ ਮੁਹੱਲੇ ਦੀ ਔਰਤ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਜੋ ਕਿ ਸ਼ਰਾਸਰ ਧੱਕਾ ਹੈ। ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਸਾਡੇ ਵਲੋਂ ਅਣਮਿਥੇ ਸਮੇਂ ਲਈ ਧਰਨਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।
ਅਮਨ ਚੈਨ ਦੀ ਸਥਿਤੀ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਭੰਗ—
ਜਦੋਂ ਇਸ ਸਬੰਧ 'ਚ ਡੀ.ਐਸ.ਪੀ. ਰਾਜੇਸ਼ ਕੁਮਾਰ ਛਿੱਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਮਨ ਚੈਨ ਦੀ ਸਥਿਤੀ ਨੂੰ ਕਿਸੇ ਵੀ ਕੀਮਤ 'ਚ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਪੁਲਸ ਨੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ। ਸਿਰਫ ਮੌਕੇ 'ਤੇ ਜਾ ਕੇ ਸਥਿਤੀ ਨੂੰ ਕਾਬੂ ਕੀਤਾ ਸੀ। ਖ਼ਬਰ ਲਿਖੇ ਜਾਣ ਤੱਕ ਇਸ ਮੁੱਦੇ 'ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ।
ਹਿੰਦ ਸਮਾਚਾਰ ਗਰਾਊਂਡ 'ਚ ਲੱਗਾ ਟਿਊਬਵੈੱਲ ਚਾਲੂ ਹੋਇਆ
NEXT STORY