ਸ਼ਾਮਚੁਰਾਸੀ, (ਚੁੰਬਰ)- ਸ਼ਾਮਚੁਰਾਸੀ ਦੀ ਵਾਰਡ ਨੰਬਰ 6 ਅਤੇ 8 ਦੇ ਲੋਕ ਗੰਦੇ ਪਾਣੀ ਦੇ ਓਵਰਫਲੋਅ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਇਸ ਸਬੰਧੀ ਮੁਹੱਲਾ ਵਾਸੀਆਂ ਦੀ ਅਗਵਾਈ ਕਰ ਰਹੇ ਸਰਬਜੀਤ ਫੱਤੂ ਸਮੇਤ ਦੇਸ ਰਾਜ, ਸਵਰਨਜੀਤ ਆਦਿ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਨਗਰ ਕਮੇਟੀ ਵਾਲੇ ਗੰਦੇ ਪਾਣੀ ਦਾ ਨਿਕਾਸੀ ਨਾਲਾ ਬਣਾ ਰਹੇ ਹਨ, ਜੋ ਅੱਜ ਤਕ ਮੁਕੰਮਲ ਨਹੀਂ ਹੋਇਆ। ਉਕਤ ਨਿਕਾਸੀ ਨਾਲਾ, ਜਿਸ ਨੂੰ ਇਕ ਕਰਿਆਨਾ ਦੁਕਾਨ ਦੇ ਕੋਲ ਮਿੱਟੀ ਪਾ ਕੇ ਇਸ ਕਰ ਕੇ ਬੰਦ ਕੀਤਾ ਹੋਇਆ ਹੈ ਕਿ ਉਸ ਦੇ ਅੱਗੇ ਬਣ ਰਿਹਾ ਨਾਲਾ ਠੀਕ ਢੰਗ ਨਾਲ ਬਣ ਸਕੇ, ਪਰ ਉਕਤ ਨਾਲੇ ਨੂੰ ਬਣਾਉਣ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਅੱਧ ਵਿਚਕਾਰ ਹੀ ਛੱਡਿਆ ਹੋਇਆ ਹੈ, ਜੋ ਕਿ ਖ਼ਾਲਸਾ ਸਕੂਲ ਦੇ ਲਾਗੇ ਤਰਸਯੋਗ ਹਾਲਤ ਵਿਚ ਦੇਖਿਆ ਜਾ ਸਕਦਾ ਹੈ।
ਇਸ ਸਬੰਧੀ ਸਰਬਜੀਤ ਫੱਤੂ ਨੇ ਦੱਸਿਆ ਕਿ ਉਕਤ ਨਿਕਾਸੀ ਨਾਲਾ ਬੰਦ ਹੋਣ ਕਾਰਨ ਜਿਉਂ ਹੀ ਟੂਟੀਆਂ ਵਿਚ ਪਾਣੀ ਆਉਂਦਾ ਹੈ ਤਾਂ ਦੇਖਦੇ ਹੀ ਦੇਖਦੇ ਘਰਾਂ ਅੱਗੇ ਗਲੀ ਤਲਾਬ ਦਾ ਰੂਪ ਧਾਰਨ ਕਰ ਲੈਂਦੀ ਹੈ, ਜਿਸ ਉੱਤੋਂ ਲੰਘਣਾ ਔਖਾ ਹੋ ਜਾਂਦਾ ਹੈ। ਇਹ ਪਾਣੀ ਸਵੇਰੇ-ਸ਼ਾਮ ਕੰਮ 'ਤੇ ਜਾਂਦੇ-ਆਉਂਦੇ ਵਕਤ ਗਲੀ ਵਿਚ ਖੜ੍ਹਾ ਹੁੰਦਾ ਹੈ, ਜਿਸ ਕਾਰਨ ਹਰ ਵਿਅਕਤੀ ਨੂੰ ਪ੍ਰੇਸ਼ਾਨੀ ਪੇਸ਼ ਆਉਂਦੀ ਹੈ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਸਫ਼ਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ।
ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਯੋਗ ਉਪਰਾਲੇ ਨਹੀਂ ਹਨ। ਉਕਤ ਪਾਣੀ ਸੀਵਰੇਜ ਹੌਦੀਆਂ ਵਿਚ ਪਾਇਆ ਜਾਂਦਾ ਹੈ, ਜੋ ਲਿਫਾਫੇ ਆਦਿ ਡਿੱਗ ਜਾਣ ਕਾਰਨ ਬਲਾਕ ਹੋ ਜਾਂਦੇ ਹਨ। ਇਸ ਸਬੰਧੀ ਦੇਸ ਰਾਜ ਨੇ ਦੱਸਿਆ ਕਿ ਉਸ ਦੇ ਘਰ ਦੀਆਂ ਕੰਧਾਂ ਨੀਹਾਂ ਵਿਚ ਪਾਣੀ ਪੈਣ ਕਾਰਨ ਬੈਠ ਗਈਆਂ ਹਨ। ਮੁਹੱਲਾ ਵਾਸੀਆਂ ਨੇ ਇਸ ਮੁਸੀਬਤ ਦੀ ਸੂਚਨਾ ਸੰਬੰਧਿਤ ਵਿਭਾਗ ਤੋਂ ਇਲਾਵਾ ਕਮੇਟੀ ਨੂੰ ਲਿਖਤੀ ਰੂਪ ਵਿਚ ਦਿੱਤੀ ਹੈ ਪਰ ਅਜੇ ਤੱਕ ਕੋਈ ਪੁਖਤਾ ਕਾਰਵਾਈ ਨਹੀਂ ਹੋਈ।
ਰਸੋਈ ਗੈਸ ਸਿਲੰਡਰ ਦੇ ਮੁੱਲ 'ਚ ਵਾਧੇ ਵਿਰੁੱਧ ਪ੍ਰਦਰਸ਼ਨ
NEXT STORY