ਕਪੂਰਥਲਾ (ਭੂਸ਼ਣ) : ਕੇਂਦਰੀ ਜੇਲ ਕਪੂਰਥਲਾ ਤੇ ਜਲੰਧਰ 'ਚ ਡਿਊਟੀ 'ਤੇ ਤਾਇਨਾਤ ਇਕ ਪੈਸਕੋ ਕਰਮਚਾਰੀ ਨੂੰ ਡਾਗ ਸਕੁਆਇਡ ਦੀ ਚੈਕਿੰਗ ਦੌਰਾਨ ਭਾਰੀ ਮਾਤਰਾ 'ਚ ਚਰਸ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਪੈਸਕੋ ਕਰਮਚਾਰੀ ਖਿਲਾਫ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਏ.ਡੀ.ਜੀ.ਪੀ ਜੇਲ੍ਹ ਪੰਜਾਬ ਪ੍ਰਵੀਨ ਸਿਨਹਾ ਦੇ ਹੁਕਮਾਂ 'ਤੇ ਸੂਬੇ ਭਰ ਦੀਆਂ ਜੇਲ੍ਹਾਂ 'ਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਦੀ ਨਿਗਰਾਨੀ 'ਚ ਬੀਤੀ ਰਾਤ ਸੀ.ਆਰ.ਪੀ.ਐਫ ਦੀ ਮਦਦ ਨਾਲ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ 'ਚ ਡਾਗ ਸਕੁਆਇਡ ਦੀ ਮਦਦ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਜੇਲ੍ਹ ਦੀ ਡਿਊੜੀ ਤੋਂ ਜੇਲ੍ਹ ਦੇ ਅੰਦਰ ਜਾਣ ਲਈ ਆ ਰਹੇ ਪੈਸਕੋ ਕਰਮਚਾਰੀਆ ਦੀ ਚੈਕਿੰਗ ਕਰਵਾਈ ਗਈ ਤਾਂ ਇਕ ਪੈਸਕੋ ਕਰਮਚਾਰੀ ਪ੍ਰੇਮ ਸਿੰਘ ਦੀ ਡਾਗ ਸਕੁਆਇਡ ਦੀ ਚੈਕਿੰਗ ਦੌਰਾਨ ਹੋਈ ਤਲਾਸ਼ੀ 'ਚ 17 ਗ੍ਰਾਮ ਚਰਸ, ਖੁੱਲਾ ਤੰਬਾਕੂ ਵਜਨ 10 ਗ੍ਰਾਮ ਤੇ ਕਮਾਂਡਰ ਪੇਪਰ ਬਰਾਮਦ ਹੋਇਆ। ਜਿਸਦੀ ਸੂਚਨਾ ਤੁਰੰਤ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ।
ਜਿਨ੍ਹਾਂ ਦੀ ਸੂਚਨਾ 'ਤੇ ਕੇਂਦਰੀ ਜੇਲ੍ਹ ਪੁੱਜੇ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ. ਇੰਸਪੈਕਟਰ ਨਵਦੀਪ ਸਿੰਘ ਨੇ ਪੈਸਕੋ ਕਰਮਚਾਰੀ ਪ੍ਰੇਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਪੈਸਕੋ ਕਰਮਚਾਰੀ ਬਰਾਮਦ ਚਰਸ ਕਿਸ ਪਾਸੋਂ ਲੈ ਕੇ ਆਇਆ ਸੀ ਤੇ ਉਸਨੇ ਇਹ ਚਰਸ ਕਿਸ ਨੂੰ ਸਪਲਾਈ ਕਰਨੀ ਸੀ ਬਾਰੇ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪਿਛਲੇ 8 ਸਾਲਾਂ ਦੌਰਾਨ ਜੇਲ੍ਹ ਕੰਪਲੈਕਸ 'ਚ ਗ੍ਰਿਫਤਾਰ ਹੋ ਚੁੱਕੇ ਹਨ 18 ਜੇਲ੍ਹ ਪੁਲਸ ਤੇ ਪੈਸਕੋ ਕਰਮਚਾਰੀ
ਸਾਲ 2011 'ਚ ਜ਼ਿਲ੍ਹਾ ਕਪੂਰਥਲਾ, ਜਲੰਧਰ ਕਮਿਸ਼ਨਰੇਟ ਤੇ ਜਲੰਧਰ ਦਿਹਾਤੀ ਲਈ ਬਣਾਈ ਗਈ ਕੇਂਦਰੀ ਜੇਲ੍ਹ ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲ੍ਹਾਂ 'ਚ ਸ਼ੁਮਾਰ ਹੈ। ਲਗਭਗ 70 ਏਕੜ ਵਿਸ਼ਾਲ ਜਗ੍ਹਾ 'ਚ ਫੈਲੀ ਇਸ ਜੇਲ੍ਹ ਕੰਪਲੈਕਸ 'ਚੋਂ ਪਿਛਲੇ ਕੁਝ ਸਾਲਾਂ ਦੌਰਾਨ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ, ਉੱਥੇ ਹੀ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਸਪਲਾਈ ਕਰਨ 'ਚ ਕਈ ਸੁਰੱਖਿਆ ਕਰਮਚਾਰੀਆਂ ਦੀ ਭੂਮਿਕਾ ਵੀ ਸਾਹਮਣੇ ਆ ਚੁੱਕੀ ਹੈ । ਜੇਕਰ ਪਿਛਲੇ 8 ਸਾਲ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ 18 ਜੇਲ੍ਹ ਪੁਲਸ ਤੇ ਪੈਸਕੋ ਕਰਮਚਾਰੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਕਈ ਸ਼ੱਕੀ ਸੁਰੱਖਿਆ ਮੁਲਾਜ਼ਮਾਂ ਨੂੰ ਦੂਸਰੀਆਂ ਜੇਲ੍ਹਾਂ 'ਚ ਤਬਦੀਲ ਵੀ ਕੀਤਾ ਜਾ ਚੁੱਕਾ ਹੈ ਪਰ ਇਸਦੇ ਬਾਵਜੂਦ ਵੀ ਕਿਤੇ-ਕਿਤੇ ਨਸ਼ਾ ਸਪਲਾਈ ਦਾ ਇਹ ਸਿਲਸਿਲਾ ਬੰਦ ਨਹੀ ਹੋ ਰਿਹਾ ਹੈ। ਇਸ ਸਬੰਧ 'ਚ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਜੇਲ੍ਹ ਕੰਪਲੈਕਸ 'ਚ ਨਸ਼ੇ ਦੀ ਸਪਲਾਈ ਕਾਫੀ ਹੱਦ ਤੱਕ ਰੁਕ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।
ਪੰਜਾਬ ਦੇ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਖੇਤਾਂ 'ਚ ਲਗਾ ਰਹੇ ਝੋਨਾ
NEXT STORY