ਗਿੱਦੜਬਾਹਾ (ਕੁਲਭੂਸ਼ਨ/ਰਾਠੌੜ) - ਫੂਡ ਤੇ ਸਪਲਾਈ ਵਿਭਾਗ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਨਾਪਤੋਲ ਵਿਭਾਗ ਅਤੇ ਇੰਡੀਅਨ ਆਇਲ ਦੇ ਅਧਿਕਾਰੀਆਂ ਨਾਲ ਗਿੱਦੜਬਾਹਾ ਦੇ ਹੁਸਨਰ ਚੌਂਕ ਵਿਖੇ ਸਥਿਤ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪਰਿਵਾਰਕ ਪੈਟਰੋਲ ਪੰਪ 'ਤੇ ਛਾਪੇਮਾਰੀ ਕੀਤੀ, ਜੋ ਕਰੀਬ 5 ਘੰਟੇ ਚੱਲੀ। ਇਸ 'ਖਿੱਚੋਤਾਣ' ਤੋਂ ਬਾਅਦ ਉਕਤ ਪੰਪ ਨੂੰ ਵਿਭਾਗ ਨੇ ਸੀਲ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਫੂਡ ਤੇ ਸਪਲਾਈ ਵਿਭਾਗ ਦੇ ਡੀ.ਐੱਫ.ਐੱਸ.ਓ. ਕਸ਼ਮੀਰ ਸਿੰਘ, ਡੀ.ਐੱਫ.ਐੱਸ.ਸੀ. ਦੀਵਾਨ ਚੰਦ ਸ਼ਰਮਾ, ਏ.ਐੱਫ.ਐੱਸ.ਓ. ਮਨਿੰਦਰ ਸਿੰਘ ਤੇ ਵਿਭਾਗ ਦੇ ਕਰੀਬ ਅੱਧਾ ਦਰਜਨ ਇੰਸਪੈਕਟਰਾਂ ਨੇ ਇਕ ਸ਼ਿਕਾਇਤ ਦੇ ਸੰਬੰਧ 'ਚ ਹੁਸਨਰ ਚੌਂਕ ਸਥਿਤ ਮੈਸ.ਸਤਪਾਲ ਐਂਡ ਬ੍ਰਦਰਜ਼ ਨਾਮੀ ਪੈਟਰੋਲ ਪੰਪ 'ਤੇ ਰੇਡ ਮਾਰੀ। ਇਸ ਮੌਕੇ ਉਨ੍ਹਾਂ ਨਾਲ ਨਾਪਤੋਲ ਵਿਭਾਗ ਦੇ ਇੰਸਪੈਕਟਰ ਰਾਕੇਸ਼ ਗਰਗ ਅਤੇ ਇੰਡੀਅਨ ਆਇਲ ਦੇ ਸੇਲਜ਼ ਅਫ਼ਸਰ ਸੋਮਨਾਥ ਰਾਣਾ ਅਤੇ ਪੁਲਸ ਵਿਭਾਗ ਦੇ ਐੱਸ.ਆਈ. ਜਸਵੀਰ ਸਿੰਘ ਸਮੇਤ ਵੱਡੀ ਗਿਣਤੀ 'ਚ ਪੁਲਸ ਕਰਮਚਾਰੀ ਮੌਜੂਦ ਸਨ। ਕਰੀਬ 5 ਘੰਟੇ ਚੱਲੀ ਵਿਭਾਗੀ ਕਾਰਵਾਈ ਦੌਰਾਨ ਨਾਪਤੋਲ ਵਿਭਾਗ ਨੇ ਜਿੱਥੇ ਪੰਪ 'ਤੇ ਲੱਗੀਆਂ 14 ਮਸ਼ੀਨਾਂ ਦੀ ਜਾਂਚ ਕੀਤੀ ਉੱਥੇ ਹੀ ਸਾਰੇ ਪੁਆਇੰਟਾਂ ਤੋਂ ਪੈਟਰੋਲ ਅਤੇ ਡੀਜ਼ਲ ਦੇ ਸੈਂਪਲ ਵੀ ਲਏ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਪਤੋਲ ਵਿਭਾਗ ਦੇ ਇੰਸਪੈਕਟਰ ਰਾਕੇਸ਼ ਗਰਗ ਨੇ ਦੱਸਿਆ ਕਿ ਉਕਤ ਪੰਪ 'ਤੇ ਸਾਰੀਆਂ ਮਸ਼ੀਨਾ (ਪੁਆਇੰਟਾਂ) ਤੇ ਤੇਲ ਪਾਉਣ ਦੀ ਮਾਤਰਾ ਅਤੇ ਡੈਂਨਸਿਟੀ ਸਹੀ ਪਾਈ ਗਈ ਹੈ। ਦੂਜੇ ਪਾਸੇ ਰੇਡ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਫ.ਐੱਸ.ਸੀ. ਦੀਵਾਨ ਚੰਦ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਪੰਪ ਤੋਂ ਵੱਡੀ ਮਾਤਰਾ 'ਚ ਡੀਜ਼ਲ ਪ੍ਰਾਈਵੇਟ ਟੈਂਕਰਾਂ 'ਚ ਲੋਡ ਕਰਕੇ ਹੋਰਨਾਂ ਜ਼ਿਲਿਆਂ 'ਚ ਚੱਲ ਰਹੀਆਂ ਬੱਸਾਂ 'ਚ ਪਾਇਆ ਜਾ ਰਿਹਾ ਹੈ, ਜਿਸ ਦੀ ਵਿਭਾਗ ਨੇ ਉਕਤ ਟੈਂਕਰਾਂ ਵੀਡੀਓ ਬਣਾਈ ਗਈ ਸੀ ਜਿਸ ਵਿਚ ਉਕਤ ਪੰਪ ਤੋਂ ਡੀਜ਼ਲ ਭਰ ਕੇ ਲੈ ਜਾਇਆ ਜਾ ਰਿਹਾ ਸੀ। ਇਸ ਦੇ ਚੱਲਦਿਆਂ ਪੰਪ ਨੂੰ ਸੀਲ ਕਰ ਦਿੱਤਾ ਗਿਆ। ਇਸ ਸੰਬੰਧੀ ਅਗਲੇਰੀ ਕਾਰਵਾਈ ਲਈ ਥਾਣਾ ਗਿੱਦੜਬਾਹਾ ਪੁਲਸ ਨੂੰ ਲਿਖ ਦਿੱਤਾ ਗਿਆ ਹੈ।
ਰੇਡ ਰਾਜਨੀਤੀ ਤੋਂ ਪ੍ਰੇਰਿਤ - ਡਿੰਪੀ ਢਿੱਲੋਂ
ਇਸ ਮੌਕੇ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਉਕਤ ਰੇਡ ਪੂਰੀ ਤਰ੍ਹਾਂ ਨਾਲ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਉਕਤ ਪੰਪ ਮੈਸ.ਸਤਪਾਲ ਐਂਡ ਬ੍ਰਦਰਜ਼ ਦੇ ਨਾਮ 'ਤੇ ਹੈ, ਜਿਸ ਦੇ ਪ੍ਰੋਪਰਾਈਟਰ ਮੇਰੇ ਪਿਤਾ ਸ.ਸ਼ਿਵਰਾਜ ਸਿੰਘ ਢਿੱਲੋਂ ਹਨ। ਉਨ੍ਹਾਂ ਕਿਹਾ ਕਿ ਸਥਾਨਕ ਵਿਧਾਇਕ ਦੇ ਆਦਮੀਆਂ ਨੇ ਮਨਰੇਗਾ 'ਚ ਵੱਡੀਆਂ ਧਾਂਦਲੀਆਂ ਕੀਤੀਆਂ ਹਨ, ਜਿੰਨਾਂ ਸੰਬੰਧੀ ਉਹ ਪ੍ਰੈੱਸ ਕਾਂਨਫਰੰਸ ਕਰਕੇ ਇਸ ਦਾ ਖੁਲਾਸਾ ਕਰਨ ਵਾਲੇ ਸਨ, ਜਿਸ ਤੋਂ ਡਰਦਿਆਂ ਵਿਧਾਇਕ ਨੇ ਉਨ੍ਹਾਂ ਨਾਲ ਅਜਿਹਾ ਕੀਤਾ ਹੈ। ਉਕਤ ਰੇਡ ਇਕ ਗਿਣੀਮਿੱਥੀ ਚਾਲ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਬੱਸਾਂ 'ਚ ਹੋਰਨਾਂ ਜ਼ਿਲਿਆਂ ਅੰਦਰ ਪ੍ਰਾਈਵੇਟ ਟੈਂਕਰਾਂ ਰਾਹੀਂ ਡੀਜ਼ਲ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਬੇਬੁਨਿਆਦ ਹੈ ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਹੀ ਬੱਸਾਂ ਠੇਕੇ 'ਤੇ ਦਿੱਤੀਆਂ ਹੋਈਆਂ ਹਨ।
ਕਿਸੇ ਦੇ ਰੁਜ਼ਗਾਰ 'ਚ ਅੱਜ ਤੱਕ ਨਹੀਂ ਮਾਰੀ ਲੱਤ - ਰਾਜਾ ਵਡਿੰਗ
ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਵਿਧਾਇਕ ਰਾਜਾ ਵਡਿੰਗ ਤੇ ਉਕਤ ਰੇਡ ਸੰਬੰਧੀ ਲਗਾਏ ਦੋਸ਼ਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਰੇਡ ਬਾਰੇ ਤਾਂ ਉਨ੍ਹਾਂ ਨੂੰ ਮੀਡੀਆ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਪਤਾ ਲੱਗਾ ਹੈ ਜਦੋਂਕਿ ਮੈਂ ਅਜਿਹੀ ਰਾਜਨੀਤੀ ਨਹੀਂ ਕਰਦਾ। ਮੈਂ ਅੱਜ ਤੱਕ ਕਿਸੇ ਦੇ ਵੀ ਰੁਜ਼ਗਾਰ 'ਤੇ ਲੱਤ ਨਹੀਂ ਮਾਰੀ ਅਤੇ ਨਾ ਹੀ ਮੇਰੀ ਅਜਿਹੀ ਸੋਚ ਰਹੀ ਹੈ। ਮੈਂ ਸਾਫ ਸੁਥਰੀ ਰਾਜਨੀਤੀ ਅਤੇ ਕੰਮ ਕਰਨ 'ਚ ਯਕੀਨ ਰੱਖਦਾ ਹਾਂ।
ਨਾਜਾਇਜ਼ ਸ਼ਰਾਬ ਦੀਆਂ 50 ਪੇਟੀਆਂ ਸਣੇ ਕਾਬੂ
NEXT STORY