ਅੰਮ੍ਰਿਤਸਰ (ਗੁਰਿੰਦਰ ਸਾਗਰ) - ਅੰਮ੍ਰਿਤਸਰ ਦੇ ਖਜ਼ਾਨਾ ਗੇਟ ਨੇੜੇ ਪਤੀਆਂ ਵਾਲੀ ਗਲੀ ਵਿੱਚ ਕਬੂਤਰਬਾਜ਼ੀ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਕਾਰਨ ਇੱਕ ਨੌਜਵਾਨ ਅਤੇ ਉਸਦੇ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖੂਨੀ ਟਕਰਾਅ ਵਿੱਚ ਦੋ ਭਰਾ ਅਤੇ ਉਨ੍ਹਾਂ ਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜੋ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪੀੜਤ ਨੀਰਜ ਸ਼ਰਮਾ ਅਤੇ ਕਰਨ ਸ਼ਰਮਾ ਨੇ ਦੱਸਿਆ ਕਿ ਉਹ ਸ਼ੌਕ ਵਜੋਂ ਕਬੂਤਰ ਰੱਖਦੇ ਹਨ, ਜਿਸ ਕਾਰਨ ਮੁਹੱਲੇ ਦੇ ਕੁਝ ਲੋਕ ਉਨ੍ਹਾਂ ਨਾਲ ਖਾਰ ਖਾਂਦੇ ਸਨ। ਘਟਨਾ ਵਾਲੇ ਦਿਨ ਹਮਲਾਵਰਾਂ ਨੇ ਪੀੜਤਾਂ ਦੇ ਪਿਤਾ ਨੂੰ ਗੱਲਬਾਤ ਕਰਨ ਦੇ ਬਹਾਨੇ ਫੋਨ ਕਰਕੇ ਬਾਹਰ ਬੁਲਾਇਆ। ਜਦੋਂ ਪਰਿਵਾਰ ਮੌਕੇ ’ਤੇ ਪਹੁੰਚਿਆ ਤਾਂ ਹਮਲਾਵਰਾਂ ਨੇ, ਜੋ ਪਹਿਲਾਂ ਹੀ ਦਾਤਰਾਂ, ਬੇਸਬਾਲ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਸਨ, ਉਨ੍ਹਾਂ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਹਮਲਾ ਕਰ ਦਿੱਤਾ।
ਨੀਰਜ ਸ਼ਰਮਾ ਅਨੁਸਾਰ, ਜਾਨ ਬਚਾਉਣ ਲਈ ਉਹ ਨੇੜੇ ਦੀ ਇੱਕ ਹਲਵਾਈ ਦੀ ਦੁਕਾਨ ਵਿੱਚ ਵੜ ਗਿਆ, ਪਰ ਹਮਲਾਵਰਾਂ ਨੇ ਉੱਥੇ ਵੀ ਉਸਦਾ ਪਿੱਛਾ ਨਹੀਂ ਛੱਡਿਆ ਅਤੇ ਹਮਲਾ ਜਾਰੀ ਰੱਖਿਆ। ਇਸ ਹਮਲੇ ਵਿੱਚ ਨੀਰਜ ਦੇ ਸਿਰ, ਪਿੱਠ ਅਤੇ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਦੀ ਇੱਕ ਲੱਤ ਦੀ ਹੱਡੀ ਵੀ ਟੁੱਟ ਗਈ ਹੈ। ਉਸਦੇ ਭਰਾ ਕਰਨ ਸ਼ਰਮਾ ਦੇ ਸਿਰ ’ਤੇ 5 ਤੋਂ 7 ਵਾਰ ਕੀਤੇ ਗਏ ਹਨ। ਬਚਾਅ ਕਰਨ ਆਈ ਉਨ੍ਹਾਂ ਦੀ ਮਾਤਾ ਦੀ ਠੋਡੀ ’ਤੇ ਵੀ ਸੱਟ ਲੱਗੀ ਹੈ।
ਪੀੜਤ ਪਰਿਵਾਰ ਨੇ ਪਲਵਿੰਦਰ, ਉਸਦੇ ਪਿਤਾ, ਜਵਾਈ ਅਤੇ ਕੁਝ ਔਰਤਾਂ 'ਤੇ ਹਮਲੇ ਦਾ ਆਰੋਪ ਲਗਾਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਹਮਲਾਵਰਾਂ ਖ਼ਿਲਾਫ਼ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਜਾਵੇ। ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਝਗੜਾ ਕਬੂਤਰਬਾਜ਼ੀ ਕਾਰਨ ਹੋਇਆ ਸੀ ਅਤੇ ਦੋਵਾਂ ਧਿਰਾਂ ਨੂੰ ਸੱਟਾਂ ਲੱਗੀਆਂ ਹਨ। ਪੁਲਿਸ ਮੁਤਾਬਕ ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਲੁਧਿਆਣਾ 'ਚ ਪੜ੍ਹਾਈ ਦੇ ਤਣਾਅ ਨੇ ਲਈ ਵਿਦਿਆਰਥਣ ਦੀ ਜਾਨ
NEXT STORY