ਡੇਰਾਬਸੀ (ਜ.ਬ.) : ਏ.ਟੀ.ਐੱਸ. ਸਕੂਲ ਦੇ ਸਾਹਮਣੇ ਸਿਮਰਨ ਸਿਟੀ ’ਚ ਬੁੱਧਵਾਰ ਦੁਪਹਿਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਘਰ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੀ ਔਰਤ ਨੂੰ ਨੌਜਵਾਨ ਨੇ ਨਕਲੀ ਪਿਸਤੌਲ ਦਿਖਾ ਕੇ ਮੰਗਲਸੂਤਰ ਅਤੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਆ ਕੇ ਲੁਟੇਰਿਆਂ ਨੂੰ ਫੜ ਲਿਆ ਤੇ ਬਾਅਦ ’ਚ ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦਿਆਂ ਪੀੜਤ ਔਰਤ ਬੇਬੀ ਪਤਨੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਹ ਪਤੀ ਤੇ ਇਕ ਸਾਲ ਦੇ ਬੱਚੇ ਨਾਲ ਸਿਮਰਨ ਸਿਟੀ ਸਥਿਤ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੀ ਹੈ ਤੇ ਉਹ 7 ਮਹੀਨਿਆਂ ਦੀ ਗਰਭਵਤੀ ਹੈ। ਪਤੀ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਹੈ।
ਉਸ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਨੌਜਵਾਨ ਨੇ ਘੰਟੀ ਵਜਾਈ ਤਾਂ ਉਸ ਨੂੰ ਲੱਗਾ ਕਿ ਕੋਰੀਅਰ ਆਇਆ ਹੈ ਤੇ ਉਸ ਨੇ ਉਸ ਲਈ ਦਰਵਾਜ਼ਾ ਖੋਲ੍ਹ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਆਪਣੀ ਜੇਬ੍ਹ ’ਚੋਂ ਪਿਸਤੌਲ ਕੱਢ ਕੇ ਉਸ ਦੇ ਕੰਨ ’ਤੇ ਰੱਖ ਦਿੱਤੀ ਤੇ ਨਕਦੀ ਦੀ ਮੰਗ ਕੀਤੀ। ਔਰਤ ਨੇ ਹਿੰਮਤ ਦਿਖਾਈ ਤੇ ਉਸ ਨਾਲ ਹੱਥੋਪਾਈ ਕਰ ਲਈ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗੁਆਂਢੀਆਂ ਨੇ ਇਕੱਠੇ ਹੋ ਕੇ ਮੁਲਜ਼ਮ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮ ਕੋਲ ਨਕਲੀ ਪਿਸਤੌਲ ਸੀ, ਉਸ ਨੇ ਲੁੱਟ ਦੀ ਨੀਅਤ ਨਾਲ ਦੋਸਤ ਤੋਂ ਲਈ ਸੀ। ਮੁਲਜ਼ਮ ਦੀ ਭੈਣ ਉਸੇ ਕਲੋਨੀ ’ਚ ਰਹਿੰਦੀ ਹੈ ਤੇ ਉਹ ਵੀ ਉੱਥੇ ਆਉਂਦਾ-ਜਾਂਦਾ ਰਹਿੰਦਾ ਸੀ।
ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਫਿਰ ਵਧਾਈ ਗਈ ਰਜਿਸਟ੍ਰੇਸ਼ਨ ਤਾਰੀਖ਼
NEXT STORY