ਤਲਵੰਡੀ ਭਾਈ (ਪਾਲ) : ਸ਼ਰੇਆਮ ਚੋਰਾਂ, ਗੈਂਗਸਟਰਾਂ ਤੇ ਲੁਟੇਰਿਆਂ ਵਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਤੋਂ ਆਪਣੇ ਆਪ ਦੀ ਹਿਫਾਜ਼ਤ ਕਰਨ ਲਈ ਪੰਜਾਬ ਦੇ ਲੋਕਾਂ ਵਲੋਂ ਅਸਲਾ ਰੱਖਣ ਲਈ ਬਣਾਏ ਗਏ ਲਾਇਸੈਂਸ ਹੁਣ ਉਨ੍ਹਾਂ ਲੋਕਾਂ ਲਈ ਹੀ ਮੁਸੀਬਤ ਬਣਦੇ ਜਾ ਰਹੇ ਹਨ, ਕਿਉਂਕ ਕੁਝ ਸਮਾਂ ਪਹਿਲਾਂ ਸਰਕਾਰ ਨੇ ਇਨ੍ਹਾਂ ਅਸਲਾ ਲਾਇਸੈਂਸ ਨੂੰ ਰੀਨਿਊ ਕਰਵਾਉਣ ਲਈ ਡੋਪ ਟੈਸਟ ਕਰਵਾਉਣ ਤੋਂ ਇਲਾਵਾ ਸਰਕਾਰੀ ਫੀਸਾਂ ਵਿਚ ਵੀ ਵਾਧਾ ਹੋਣ ਕਾਰਨ ਇਹ ਸਾਰੀ ਕਾਰਵਾਈ ਕਾਫੀ ਮਹਿੰਗੀ ਪੈਣੀ ਸ਼ੁਰੂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਅਸਲਾ ਲਾਇਸੈਂਸ ਨੂੰ ਰੀਨਿਊ ਕਰਵਾਉਣ ਦੀ ਸਰਕਾਰੀ ਫੀਸ 150 ਤੋਂ 200 ਰੁਪਏ ਦੇ ਕਰੀਬ ਹੁੰਦੀ ਸੀ ਅਤੇ ਬਿਨ੍ਹਾਂ ਕਿਸੇ ਸਰਕਾਰੀ ਟੈਸਟ ਦੀ ਖੱਜਲ-ਖੁਆਰੀ ਤੋਂ ਇਕੋ ਹੀ ਦਫਤਰ ਵਿਚ ਫਾਈਲ ਭਰਕੇ ਕੁਝ ਦਿਨਾਂ ਵਿਚ ਹੀ ਇਹ ਸਾਰੀ ਕਾਰਵਾਈ ਮੁਕੰਮਲ ਹੋ ਕੇ ਨਿਊ ਹੋਇਆ ਲਾਇਸੈਂਸ ਅਸਲਾ ਧਾਰਕ ਨੂੰ ਮਿਲ ਜਾਇਆ ਕਰਦਾ ਸੀ ਪਰ ਹੁਣ ਦਿਨੋ-ਦਿਨ ਪਿਸਤੌਲਾਂ, ਬੰਦੂਕਾਂ ਨਾਲ ਸ਼ਰੇਆਮ ਹੋ ਰਹੀਆਂ ਕਤਲੋਂ ਗਾਰਤ ਦੀਆਂ ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਇਸ ਗੰਨ ਕਲਚਰ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹਜ਼ਾਰਾਂ ਰੁਪਏ ਖਰਚ ਕਰਕੇ ਅਤੇ ਸਰਕਾਰੀ ਹਸਪਤਾਲਾਂ ਵਿਚ ਧੱਕੇ ਖਾ-ਖਾ ਕੇ ਡੋਪ ਟੈਸਟ ਕਰਵਾਉਣ ਤੋਂ ਉਪਰੰਤ ਬੜੀ ਮੁਸ਼ਕਿਲ ਨਾਲ ਹਾਸਲ ਕੀਤੇ ਅਸਲਾ ਲਾਇਸੈਂਸ ਫਿਰ ਤੋਂ ਸਰਕਾਰੀ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰ ਕੇ ਅਸਲਾ ਰੱਖਣ ਦਾ ਠੋਸ ਕਾਰਨ ਵੀ ਦੱਸਣਾ ਹੋਵੇਗਾ, ਨਹੀਂ ਤਾਂ ਐਵੇਂ ਲੋਕ ਦਿਖਾਵੇ ਲਈ ਨੁਮਾਇਸ਼ ਕਰਨ ਵਾਲੇ ਫੁਕਰਾਪੰਥੀਆਂ ਦੇ ਅਸਲੇ ਦੇ ਲਾਇਸੈਂਸ ਰੱਦ ਵੀ ਕਰ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਬੇਸ਼ੱਕ ਪੰਜਾਬੀਆਂ ਵਿਚ ਹਥਿਆਰ ਰੱਖਣ ਦਾ ਸ਼ੌਂਕ ਸ਼ੁਰੂ ਤੋਂ ਹੀ ਕਾਫੀ ਸਿਖਰਾਂ ’ਤੇ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਹ ਲਾਇਸੈਂਸੀ ਅਸਲਾ ਕੁਝ ਫੁਕਰੇ ਤੇ ਬੇਸਮਝ ਨੌਜਵਾਨਾਂ ਦੇ ਹੱਥਾਂ ਵਿਚ ਆਉਣ ਕਾਰਨ ਵਿਆਹ-ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਸਮਾਗਮਾਂ ਵਿਚ ਨਸ਼ਿਆਂ ਵਿਚ ਝੂਲਦੇ ਅਸਲਾ ਧਾਰਕਾਂ ਵਲੋਂ ਸਿਰਫ ਦਿਖਾਵੇ ਬਾਜੀ ਦੀ ਖਾਤਰ ਹਵਾਈ ਫਾਇਰ ਕਰਦੇ ਹੋਏ ਬਿਨ੍ਹਾਂ ਸੋਚੇ-ਸਮਝੇ ਗੋਲੀਆਂ ਚਲਾ ਕੇ ਅਨੇਕਾਂ ਬੇਕਸੂਰਾਂ ਲੋਕਾਂ ਨੂੰ ਮੌਤ ਦੀ ਨੀਂਦ ਸੁਵਾ ਚੁੱਕੇ ਹਨ। ਇਸ ਤੋਂ ਇਲਾਵਾ ਨਾਜਾਇਜ਼ ਅਸਲੇ ਰੱਖਣ ਵਾਲੇ ਚੋਰਾਂ-ਲੁਟੇਰਿਆਂ ਵਲੋਂ ਵੀ ਸ਼ਰੇਆਮ ਦਿਨ-ਦਿਹਾੜੇ ਲੁੱਟਾਂ-ਖੋਹਾਂ ਤੇ ਫਿਰੋਤੀਆਂ ਵਸੂਲਣ ਲਈ ਕੀਤੀ ਜਾਂਦੀ ਫਾਇਰਿੰਗ ਦੌਰਾਨ ਵੀ ਅਨੇਕਾਂ ਬੇਕਸੂਰ ਲੋਕ ਅਣਆਈ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਸੋ ਇਨ੍ਹਾਂ ਮੰਦ ਭਾਗੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਨੇ ਸਖਤੀ ਕਰਦਿਆਂ ਹੁਣ ਇਸ ਗੰਨ ਕਲਚਰ ਨੂੰ ਰੋਕਣ ਲਈ ਕੁਝ ਸਖਤੀ ਵਰਤਣੀ ਸ਼ੁਰੂ ਕੀਤੀ ਗਈ ਹੈ। ਜਿਸ ਬਾਰੇ ਇਲਾਕੇ ਦੇ ਅਸਲਾਂ ਧਾਰਕਾਂ ਨੇ ਕਿਹਾ ਕਿ ਸਰਕਾਰੀ ਫੀਸਾਂ ਵਿਚ ਹੋਏ ਬੇਤਹਾਸ਼ੇ ਵਾਧੇ ਤੋਂ ਇਲਾਵਾ ਪੰਜਾਬ ਵਿਚ ਹੋਣ ਵਾਲੀਆਂ ਵਾਰ-ਵਾਰ ਚੋਣਾਂ ਤੋਂ ਪਹਿਲਾਂ ਹੀ ਸਾਰੇ ਅਸਲੇ ਪੁਲਸ ਥਾਣਿਆਂ ਜਾਂ ਅਸਲੇ ਦੀਆਂ ਦੁਕਾਨਾਂ ’ਤੇ ਜਾ ਕੇ ਪੱਲਿਓਂ ਪੈਸੇ ਦੇ ਕੇ ਜਮ੍ਹਾ ਕਰਵਾਉਣੇ ਪੈਂਦੇ ਹਨ, ਜਿਸ ਕਾਰਨ ਬਹੁਤ ਸਮਾਂ ਅਸਲਾ ਤੇ ਲਾਇਸੈਂਸ ਸਰਕਾਰੀ ਅਦਾਰਿਆਂ ਦੀ ਕਾਰਵਾਈ ਵਿਚ ਹੀ ਜਮ੍ਹਾ ਰਹਿੰਦੇ ਹਨ। ਜਦਕਿ ਪੰਜਾਬ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਹੋਣੀਆਂ ਹੁਣ ਆਮ ਗੱਲ ਹੋ ਗਈ ਹੈ। ਇਸ ਹਾਲਤ ਵਿਚ ਅਸਲਾ ਰੱਖਣਾ ਹੁਣ ਆਮ ਲੋਕਾਂ ਲਈ ਵੱਡੀ ਸਿਰਦਰਦੀ ਤੇ ਰਿਸਕ ਦਾ ਕਾਰਨ ਬਣਦਾ ਜਾ ਰਿਹਾ ਹੈ। ਜਿਸ ਕਰਕੇ ਬਹੁਤੇ ਅਸਲਾਂ ਧਾਰਕਾਂ ਦਾ ਸ਼ੌਂਕ ਹੁਣ ਫਿੱਕਾ ਪੈਂਦਾ ਨਜ਼ਰੀ ਆ ਰਿਹਾ ਹੈ ਤੇ ਲੋਕ ਆਪਣਾ ਲਾਇਸੈਂਸੀ ਅਸਲਾ ਅੱਧੇ ਤੋਂ ਵੀ ਘੱਟ ਕੀਮਤ ’ਤੇ ਵੇਚਣ ਲਈ ਮਜਬੂਰ ਹੁੰਦੇ ਨਜ਼ਰੀ ਆ ਰਹੇ ਹਨ।
ਅੰਮ੍ਰਿਤਸਰ ਪਹੁੰਚੇ CM ਮਾਨ ਨੇ ਸਿਹਤ ਖੇਤਰ ਨੂੰ ਲੈ ਕੇ ਦੱਸਿਆ ਪੰਜਾਬ ਦਾ ਰੋਡ ਮੈਪ
NEXT STORY