ਲੁਧਿਆਣਾ(ਖੁਰਾਣਾ)-ਨਗਰ ਦੇ ਸੂਫੀਆਂ ਚੌਕ ਕੋਲ ਪਲਾਸਟਿਕ ਫੈਕਟਰੀ ਧਮਾਕਾ ਕਾਂਡ 'ਚ ਮਾਰੇ ਗਏ 13 ਲੋਕਾਂ ਦੇ ਮੁੱਦੇ ਨੂੰ ਲੈ ਕੇ ਆਰ. ਟੀ. ਆਈ. ਐਕਟੀਵਿਸਟ ਰਵੀ ਸ਼ਰਮਾ ਨੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰ 'ਚ ਪੈਂਦੀਆਂ ਤਿੰਨ ਗੈਸ ਏਜੰਸੀਆਂ ਦੇ ਗੋਦਾਮਾਂ ਖਿਲਾਫ ਆਵਾਜ਼ ਚੁੱਕਦੇ ਹੋਏ ਇਨ੍ਹਾਂ ਨੂੰ ਕਿਸੇ ਹੋਰ ਖੁੱਲ੍ਹੇ ਸਥਾਨ 'ਤੇ ਟਰਾਂਸਫਰ ਕਰਨ ਦੀ ਮੰਗ ਕੀਤੀ ਹੈ । ਰਵੀ ਸ਼ਰਮਾ ਨੇ ਇਸ ਸਬੰਧੀ ਰੋਸ ਜਤਾਉਂਦੇ ਹੋਏ ਸ਼ੱਕ ਪ੍ਰਗਟ ਕੀਤਾ ਹੈ ਕਿ ਉਕਤ ਗੈਸ ਏਜੰਸੀਆਂ ਦੇ ਗੋਦਾਮਾਂ 'ਤੇ ਹੋਣ ਵਾਲੀ ਇਕ ਛੋਟੀ ਜਿਹੀ ਲਾਪ੍ਰਵਾਹੀ ਹੀ ਸ਼ਹਿਰ 'ਚ ਮੌਤ ਦਾ ਖੇਲ ਖੇਡ ਸਕਦੀ ਹੈ, ਜਿਸ 'ਚ ਨਾ ਜਾਣੇ ਕਿੰਨੀਆਂ ਹੀ ਇਨਸਾਨੀ ਜ਼ਿੰਦਗੀਆਂ ਮੌਤ ਦੇ ਮੂੰਹ 'ਚ ਜਾ ਸਕਦੀਆਂ ਹਨ । ਇਥੇ ਦੱਸ ਦੇਈਏ ਕਿ ਸ਼ਰਮਾ ਵੱਲੋਂ ਇਸ ਸਬੰਧ 'ਚ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ, ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਤੇ ਖਾਦ ਤੇ ਆਪੂਰਤੀ ਵਿਭਾਗ ਦੇ ਕੰਟਰੋਲਰ ਨੂੰ ਲਿਖੀ ਗਈ ਸ਼ਿਕਾਇਤ ਵਿਚ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਪੈਂਦੀਆਂ ਗੈਸ ਏਜੰਸੀਆਂ ਦੇ ਸੀ. ਐਂਡ ਕੰਪਨੀ ਨੇੜੇ ਜਗਰਾਓਂ ਪੁਲ, ਤਲਵਾੜ ਗੈਸ ਸਰਵਿਸ ਸਾਹਮਣੇ ਗੌਰਮੈਂਟ ਕਾਲਜ ਰੋਜ਼ ਗਾਰਡਨ ਰੋਡ ਤੇ ਦੀਵਾਨ ਗੈਸ ਸਰਵਿਸ ਸਬਜ਼ੀ ਮੰਡੀ ਕਾਰਾਬਾਰਾ ਰੋਡ ਨੇੜੇ ਜਲੰਧਰ ਬਾਈਪਾਸ ਸਲੇਮ ਟਾਬਰੀ ਦੇ ਗੋਦਾਮਾਂ ਦਾ ਜ਼ਿਕਰ ਕੀਤਾ ਹੈ । ਸ਼ਿਕਾਇਤਕਰਤਾ ਦਾ ਮੰਨਣਾ ਹੈ ਕਿ ਸੂਫੀਆਂ ਚੌਕ ਦੇ ਨੇੜੇ ਪਲਾਸਟਿਕ ਫੈਕਟਰੀ 'ਚ ਹੋਏ ਦਰਦਨਾਕ ਹਾਦਸੇ 'ਚ ਜਿਥੇ 13 ਇਨਸਾਨੀ ਜ਼ਿੰਦਗੀਆਂ ਗਈਆਂ ਹਨ, ਉਥੇ ਹੀ ਕਈ ਹੋਰ ਲੋਕ ਮਲਬੇ 'ਚ ਦਬੇ ਹੋਏ ਹਨ, ਜੋ ਕਿ ਫੈਕਟਰੀ 'ਚ ਪਏ ਕੈਮੀਕਲ ਪਦਾਰਥਾਂ ਕਾਰਨ ਹੀ ਹਾਦਸੇ ਦਾ ਸ਼ਿਕਾਰ ਹੋਏ ਹਨ । ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਕਤ ਤਿੰਨਾਂ ਗੈਸ ਏਜੰਸੀਆਂ ਦੇ ਗੋਦਾਮਾਂ ਨੂੰ ਜੇਕਰ ਸਮਾਂ ਰਹਿੰਦੇ ਸ਼ਹਿਰ ਤੋਂ ਬਾਹਰ ਟਰਾਂਸਫਰ ਨਹੀਂ ਕੀਤਾ ਗਿਆ ਤਾਂ ਇਥੇ ਵੀ ਅਜਿਹੀ ਖੌਫਨਾਕ ਘਟਨਾ ਹੋ ਸਕਦੀ । ਉਨ੍ਹਾਂ ਕਿਹਾ ਕਿ ਉਕਤ ਏਜੰਸੀਆਂ ਦੇ ਗੁਦਾਮ ਰਿਹਾਇਸ਼ੀ ਇਲਾਕਿਆਂ ਵਿਚਕਾਰ ਬਣੇ ਹੋਏ ਹਨ, ਜੋ ਕਿ ਨਿਯਮਾਂ ਖਿਲਾਫ ਹਨ ।
'ਅਸੀਂ ਨਿਯਮਾਂ ਮੁਤਾਬਕ ਬਣਾਏ ਨੇ ਗੋਦਾਮ'
ਇਸ ਮੁੱਦੇ ਨੂੰ ਲੈ ਕੇ ਗੈਸ ਏਜੰਸੀਆਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਏਜੰਸੀਆਂ ਦੇ ਗੁਦਾਮ ਕਈ ਸਾਲ ਪਹਿਲਾਂ ਤੋਂ ਬਣੇ ਹੋਏ ਹਨ, ਜਿਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਰੋਸ ਨਹੀਂ ਜਤਾਇਆ ਜਾ ਸਕਦਾ । ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਗੁਦਾਮਾਂ ਦੀ ਉਸਾਰੀ ਕੀਤੀ ਗਈ ਹੈ ।
ਸ਼ਿਕਾਇਤ ਮਿਲਣ 'ਤੇ ਨਿਯਮਾਂ ਮੁਤਾਬਕ ਹੋਵੇਗੀ ਕਾਰਵਾਈ
ਜ਼ਿਲਾ ਖਾਦ ਤੇ ਅਪੂਰਤੀ ਵਿਭਾਗ ਦੇ ਕੰਟਰੋਲਰ ਰਾਕੇਸ਼ ਭਾਸਕਰ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਸ਼ਿਕਾਇਤ ਦੀ ਕਾਪੀ ਨਹੀਂ ਮਿਲ ਪਾਈ ਹੈ । ਭਾਸਕਰ ਨੇ ਕਿਹਾ ਕਿ ਵੈਸੇ ਤਾਂ ਤਿੰਨਾਂ ਗੈਸ ਏਜੰਸੀਆਂ ਦੇ ਗੁਦਾਮ ਬਹੁਤ ਸਾਲ ਪਹਿਲਾਂ ਨਿਯਮਾਂ ਮੁਤਾਬਕ ਬਣਾਏ ਗਏ ਹਨ ਪਰ ਹੁਣ ਬਦਲੇ ਹਾਲਾਤ ਤੇ ਨਿਯਮਾਂ ਮੁਤਾਬਕ ਕਮੀਆਂ ਪਾਏ ਜਾਣ 'ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ।
ਬੇਜ਼ੁਬਾਨਾਂ ਦੇ ਦਰਦ ਦਾ ਦਾਰੂ ਬਣ ਬਹੁੜਦੇ ਨੇ ਭਨੋਹੜ ਦੇ ਨੌਜਵਾਨ
NEXT STORY