ਨਾਭਾ (ਜੈਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ, ਸਾਬਕਾ ਆਬਕਾਰੀ ਤੇ ਕਰ ਮੰਤਰੀ, ਸਾਬਕਾ ਮੈਂਬਰ ਲੋਕ ਸਭਾ ਤੇ ਮੌਜੂਦਾ ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋਂ ਨੇ ਆਪਣੀ ਹੀ ਪਾਰਟੀ ਦੀ ਸਰਕਾਰ ’ਤੇ ਵੱਡਾ ਸਿਆਸੀ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਐੱਸ. ਸੀ. ਵਿਦਿਆਰਥੀਆਂ ਦੇ ਸਕਾਲਰਸ਼ਿਪ ਸਕੈਂਡਲ ’ਚ ਸ਼ਾਮਿਲ ਕਿਸੇ ਵੀ ਮੰਤਰੀ/ਵਿਧਾਇਕ ਤੇ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੈਂਡਲ ਕਾਰਨ ਐੱਸ. ਸੀ. ਵਰਗ ਦੇ 10 ਲੱਖ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਗਿਆ। ਦੂਲੋਂ ਨੇ ਕਿਹਾ ਕਿ ਐਡੀਸ਼ਨਲ ਚੀਫ ਸੈਕਟਰੀ ਵੱਲੋਂ ਸਾਧੂ ਸਿੰਘ ਧਰਮਸੌਤ ਖਿਲਾਫ ਰਿਪੋਰਟ ’ਚ ਸੰਗੀਨ ਦੋਸ਼ ਲਾਏ ਗਏ ਸਨ ਪਰ ਉਸ ਸਮੇਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਚਹੇਤੇ ਨੂੰ ਬਚਾਉਣ ਲਈ ਕਲੀਨ ਚਿੱਟ ਦਿੱਤੀ। ਅਫਸੋਸ ਦੀ ਗੱਲ ਹੈ ਕਿ ਐੱਸ. ਸੀ. ਵਰਗ ਨਾਲ ਸਬੰਧਤ ਸਿਆਸਤਦਾਨ ਇਸ ਸਮੇਂ ਮੁੱਖ ਮੰਤਰੀ ਪੰਜਾਬ ਹੈ ਪਰ ਫਿਰ ਵੀ 10 ਲੱਖ ਪੀੜਤ ਵਿਦਿਆਰਥੀਆਂ ਨੂੰ ਇਨਸਾਫ ਨਹੀਂ ਮਿਲਿਆ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ’ਤੇ ਫਤਿਹਜੰਗ ਬਾਜਵਾ ਦਾ ਵੱਡਾ ਬਿਆਨ, ਕਿਹਾ-ਕਾਂਗਰਸ ਨੇ ਰਚਿਆ ਸਾਰਾ ਘਟਨਾਕ੍ਰਮ
ਚਰਨਜੀਤ ਸਿੰਘ ਚੰਨੀ ਨੂੰ ਚਾਹੀਦਾ ਹੈ ਕਿ ਜੇਕਰ ਉਹ ਮਾਮਲਾ ਦਰਜ ਕਰਨ ’ਚ ਅਸਮਰਥ ਹਨ ਤਾਂ ਸੀ. ਬੀ. ਆਈ. ਜਾਂਚ ਦੀ ਸਿਫਾਰਿਸ਼ ਕਰਨ ਦੀ ਹਿੰਮਤ ਕਰਨ। ਦੂਲੋਂ ਨੇ ਕਿਹਾ ਕਿ ਪਹਿਲਾਂ ਬਾਦਲ ਸ਼ਾਸਨ ਦੌਰਾਨ 2012 ਤੋਂ 2017 ਤੱਕ 400 ਕਰੋੜ ਰੁਪਏ ਦਾ ਸਕੈਂਡਲ ਹੋਇਆ। ਫਿਰ ਧਰਮਸੌਤ ਨੇ 63.91 ਕਰੋੜ ਦਾ ਸਕੈਮ ਕੀਤਾ। ਮੈਂ ਸਮਝਦਾ ਹਾਂ ਕਿ 2012 ਤੋਂ ਲੈ ਕੇ 2022 ਤੱਕ ਕੁੱਲ 759 ਕਰੋੜ ਰੁਪਏ ਦਾ ਸਕੈਂਡਲ ਹੋਇਆ, ਜਿਸ ਦੀ ਜਾਂਚ ਜੇਕਰ ਸੀ. ਬੀ. ਆਈ. ਕਰੇ ਤਾਂ ਸਨਸਨੀਖੇਜ਼ ਇੰਕਸ਼ਾਫ ਹੋ ਸਕਦਾ ਹੈ। ਇਸ ਸਕੈਂਡਲ ’ਚ ਬਾਦਲ ਸਰਕਾਰ ਦੇ ਮੰਤਰੀ ਵੀ ਸ਼ਾਮਿਲ ਸਨ। ਕੈਪਟਨ ਸ਼ਾਸਨ ਦੌਰਾਨ ਇਕੱਲਾ ਸਾਧੂ ਸਿੰਘ ਧਰਮਸੌਤ ਸਕੈਂਡਲ ਨਹੀਂ ਕਰ ਸਕਦਾ, ਕਈਆਂ ਦੇ ਸ਼ਾਮਿਲ ਹੋਣ ਦਾ ਖ਼ਦਸ਼ਾ ਹੈ। ਸੀ. ਬੀ. ਆਈ. ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਦੀ ਹੈ।
ਦੂਲੋਂ ਨੇ ਕਿਹਾ ਕਿ ਇਸ ਸਕੈਂਡਲ ਦਾ ਪਰਦਾਫਾਸ਼ ਪਹਿਲੀ ਵਾਰੀ ਮੈਂ ਹੀ ਰਾਜ ਸਭਾ ’ਚ 2 ਜਨਵਰੀ 2019 ਨੂੰ ਕੀਤਾ ਸੀ। ਉਸ ਤੋਂ ਬਾਅਦ ਹੀ ਅਮਰਿੰਦਰ ਸਿੰਘ ਨੇ ਐਡੀਸ਼ਨਲ ਚੀਫ ਸੈਕਟਰੀ ਪੰਜਾਬ ਨੂੰ ਜਾਂਚ ਦਾ ਹੁਕਮ ਦਿੱਤਾ ਸੀ। ਉਨ੍ਹਾਂ ਸਾਰੇ ਵਿਧਾਇਕਾਂ/ਐੱਮ. ਪੀਜ਼ ਨੂੰ ਅਪੀਲ ਕੀਤੀ ਕਿ ਕਾਨੂੰਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸੱਚੇ ਸੇਵਕ ਬਣ ਕੇ ਇਸ ਸਕੈਂਡਲ ’ਚ ਸ਼ਾਮਿਲ ਵਜ਼ੀਰਾਂ/ਵਿਧਾਇਕਾਂ ਅਤੇ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਲਈ ਇਕਜੁੱਟ ਹੋਣ ਤਾਂ ਜੋ ਐੱਸ. ਸੀ. ਵਿਦਿਆਰਥੀਆਂ ਨੂੰ ਇਨਸਾਫ ਮਿਲੇ। ਦੂਲੋਂ ਨੇ ਕਿਹਾ ਕਿ ਪੰਜਾਬ ’ਚ 124 ਵਿਅਕਤੀਆਂ ਦੀਆਂ ਮੌਤਾਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਸਨ ਪਰ ਕਿਸੇ ਵੀ ਸ਼ਰਾਬ ਡਿਸਟਿਲਰੀ ਮਾਲਕ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਬਾਦਲ ਸ਼ਾਸਨ ਵਿਚ ਵੀ ਸ਼ਰਾਬ ਮਾਫੀਆ ਸਰਗਰਮ ਸੀ। ਹੁਣ ਕਾਂਗਰਸ ਸ਼ਾਸਨ ’ਚ ਵੀ ਮਾਫੀਆ ਰਾਜ ਕਰ ਰਿਹਾ ਹੈ। ਮੈਂ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਸ਼ਰਾਬ ਮਾਫੀਆ ਅਤੇ ਐੱਸ. ਸੀ. ਸਕਾਲਰਸ਼ਿਪ ਸਕੈਂਡਲ ’ਚ ਸ਼ਾਮਿਲ ਕਾਂਗਰਸੀ ਆਗੂਆਂ ਨੂੰ ਵਿਧਾਨ ਸਭਾ ਚੋਣਾਂ ’ਚ ਟਿਕਟਾਂ ਨਾ ਦਿੱਤੀਆਂ ਜਾਣ, ਨਹੀਂ ਤਾਂ ਲੋਕ ਸਾਨੂੰ ਮੁਆਫ ਨਹੀਂ ਕਰਨਗੇ।
ਇਹ ਵੀ ਪੜ੍ਹੋ ; ਅੰਮ੍ਰਿਤਸਰ ਹਵਾਈ ਅੱਡੇ ’ਤੇ ਮੁੜ ਫਟਿਆ ‘ਕੋਰੋਨਾ ਬੰਬ’, ਇਟਲੀ ਤੋਂ ਆਏ 190 ਯਾਤਰੀ ਨਿਕਲੇ ਪਾਜ਼ੇਟਿਵ (ਵੀਡੀਓ)
ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਗੰਭੀਰ ਮਾਮਲਾ ਦੱਸਦੇ ਹੋਏ ਦੇਸ਼ ਲਈ ਮੰਦਭਾਗੀ ਘਟਨਾ ਦੱਸਿਆ। ਦੂਲੋਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਧੂ ਪੰਜਾਬ ਦੇ ਲੋਕਾਂ ਤੇ ਕਾਂਗਰਸ ਦੇ ਵਰਕਰਾਂ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਪਰ ਕਾਂਗਰਸ ਸਰਕਾਰ ਸੁਣਵਾਈ ਨਹੀਂ ਕਰ ਰਹੀ। ਸਿੱਧੂ ਕਾਂਗਰਸ ਪ੍ਰਧਾਨ ਹੈ, ਉਨ੍ਹਾਂ ਦੀਆਂ ਗੱਲਾਂ ’ਚ ਵਜ਼ਨ ਹੈ। ਕਾਂਗਰਸ ਸਰਕਾਰ ਤੇ ਹਾਈਕਮਾਂਡ ਨੂੰ ਸਿੱਧੂ ਦੀ ਸਲਾਹ ਮੰਨਣੀ ਚਾਹੀਦੀ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਤਿੱਖੇ ਸ਼ਬਦਾਂ ’ਚ ਆਲੋਚਨਾ ਕੀਤੀ।
ਅੰਮ੍ਰਿਤਸਰ ਹਵਾਈ ਅੱਡੇ ’ਤੇ ਮੁੜ ਫਟਿਆ ‘ਕੋਰੋਨਾ ਬੰਬ’, ਇਟਲੀ ਤੋਂ ਆਏ 190 ਯਾਤਰੀ ਨਿਕਲੇ ਪਾਜ਼ੇਟਿਵ (ਵੀਡੀਓ)
NEXT STORY