ਸਾਦਿਕ (ਪਰਮਜੀਤ) - ਬੀਤੇ ਮਾਰਚ ਦੇ ਮਹੀਨੇ ਵਿਚ ਮੇਲੇ 'ਤੇ ਹੋਈ ਲੜਾਈ ਦੇ ਮਾਮਲੇ ਵਿਚ ਪੁਲਸ ਨੇ ਕਥਿਤ ਤਿੰਨ ਦੋਸ਼ੀਆਂ ਵਿਚੋਂ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਤੀਜੇ ਦੀ ਭਾਲ ਜਾਰੀ ਹੈ।
ਜ਼ਿਕਰਯੋਗ ਹੈ ਕਿ 2 ਮਾਰਚ 2017 ਨੂੰ ਲਖਵਿੰਦਰ ਸਿੰਘ ਉਰਫ ਲਖਵੀਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਝੋਕ ਸਰਕਾਰੀ ਨੇ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਿੰਡ ਮੇਲਾ ਲੱਗਾ ਹੋਇਆ ਸੀ ਅਤੇ ਸ਼ਾਮ ਦੇ ਕਰੀਬ 7 ਕੁ ਵਜੇ ਅਮਰਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਫੋਨ ਕਰ ਕੇ ਮੈਨੂੰ ਆਪਣੇ ਘਰ ਬੁਲਾਇਆ ਅਤੇ ਮੈਂ ਤੇ ਬਲਜਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਉਨ੍ਹਾਂ ਦੇ ਘਰ ਗਏ, ਜਿਥੇ ਪਹਿਲਾਂ ਹੀ ਸੰਦੀਪ ਸਿੰਘ ਪੁੱਤਰ ਬੋਹੜ ਸਿੰਘ ਤੇ ਹਰਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਸਰਦੂਲ ਸਿੰਘ, ਗੁਰਪ੍ਰੇਮ ਸਿੰਘ ਪੁੱਤਰ ਗੁਰਭਾਗ ਸਿੰਘ ਨੂੰ ਗਾਲ੍ਹਾਂ ਕੱਢ ਰਹੇ ਸਨ ਤਾਂ ਮੇਰੇ ਰੋਕਣ 'ਤੇ ਉਹ ਦੋਵੇਂ ਮੇਰੇ ਵੀ ਗਲ ਪੈ ਗਏ ਅਤੇ ਮੈਂ ਆਪਣੇ ਘਰ ਨੂੰ ਭੱਜਿਆ ਤਾਂ ਮੇਰੇ ਮਗਰ ਭੱਜੇ। ਸੰਦੀਪ ਸਿੰਘ ਨੇ ਚਾਕੂ ਨਾਲ ਵਾਰ ਕੀਤੇ ਅਤੇ ਜਸਵੀਰ ਸਿੰਘ ਨੇ ਆਪਣੇ ਹੱਥ ਵਿਚ ਫੜੀ ਤਿੱਖੀ ਚੀਜ਼ ਮੇਰੇ ਮਾਰੀ ਤਾਂ ਮੈਂ ਰੌਲਾ ਪਾਇਆ।
ਇਸੇ ਤਰ੍ਹਾਂ ਗੁਰਪ੍ਰੇਮ ਸਿੰਘ ਪੁੱਤਰ ਗੁਰਭਾਗ ਸਿੰਘ ਨੇ ਵੀ ਪੁਲਸ ਨੂੰ ਦੱਸਿਆ ਕਿ ਉਹ ਕਲੱਬ ਪ੍ਰਧਾਨ ਹੋਣ ਕਾਰਨ ਮੇਲੇ ਵਿਚ ਸੇਵਾ ਕਰ ਰਿਹਾ ਸੀ ਕਿ ਸੰਦੀਪ ਸਿੰਘ ਦਾ ਫੋਨ ਆਇਆ ਕਿ ਮੈਂ ਜ਼ਰੂਰੀ ਗੱਲ ਕਰਨੀ ਹੈ। ਇਸ ਤੋਂ ਬਾਅਦ ਈਸ਼ਵਰ ਸਿੰਘ ਦਾ ਫੋਨ ਆਇਆ ਕਿ ਲਖਵਿੰਦਰ ਸਿੰਘ ਦੇ ਸੰਦੀਪ ਸਿੰਘ ਗਲ ਪੈ ਗਿਆ ਹੈ ਤੂੰ ਪਤਾ ਕਰ। ਜਦ ਮੈਂ ਲਖਵਿੰਦਰ ਸਿੰਘ ਦਾ ਪਤਾ ਕਰਨ ਗਿਆ ਤਾਂ ਬੋਹੜ ਸਿੰਘ ਲਖਵਿੰਦਰ ਨੂੰ ਗਾਲ੍ਹਾਂ ਕੱਢ ਰਿਹਾ ਸੀ। ਮੈਨੂੰ ਦੇਖ ਕੇ ਉਨ੍ਹਾਂ ਕਿਹਾ ਕਿ ਤੈਨੂੰ ਹੀ ਉਡੀਕ ਰਹੇ ਸੀ ਤੇ ਤੇਜ਼ ਹਥਿਆਰਾਂ ਨਾਲ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਬੜੀ ਮੁਸ਼ਕਲ ਨਾਲ ਜਾਨ ਬਚਾਈ। ਉਸ ਸਮੇਂ ਲਖਵਿੰਦਰ ਸਿੰਘ ਉਰਫ ਲਖਵੀਰ ਸਿੰਘ ਤੇ ਗੁਰਪ੍ਰੇਮ ਸਿੰਘ ਫੱਟੜ ਹੋ ਗਏ ਸਨ ਤੇ ਕਥਿਤ ਦੋਸ਼ੀਆਂ ਖਿਲਾਫ 2 ਮਾਰਚ 2017 ਨੂੰ ਥਾਣਾ ਸਾਦਿਕ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਹੌਲਦਾਰ ਬੇਅੰਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਹਰਪ੍ਰੀਤ ਸਿੰਘ ਜੱਸਾ ਪੁੱਤਰ ਸਰਦੂਲ ਸਿੰਘ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਅਤੇ ਸੰਦੀਪ ਸਿੰਘ ਪੁੱਤਰ ਬੋਹੜ ਸਿੰਘ ਨੂੰ ਕੱਲ ਪੁਲਸ ਨੇ ਕਾਬੂ ਕਰ ਲਿਆ, ਜਦਕਿ ਤੀਜੇ ਕਥਿਤ ਦੋਸ਼ੀ ਬੋਹੜ ਸਿੰਘ ਦੀ ਭਾਲ ਜਾਰੀ ਹੈ।
ਨਸ਼ੀਲੇ ਪਦਾਰਥ ਸਮੇਤ 1 ਕਾਬੂ
NEXT STORY