ਅੰਮ੍ਰਿਤਸਰ, (ਛੀਨਾ) - ਪੁਲਸ ਵਾਲਿਆਂ ਅੱਗੇ ਹੱਥ ਜੋੜ ਕੇ ਮੁਆਫੀ ਮੰਗਦੇ ਹੋਏ ਆਮ ਲੋਕ ਤਾਂ ਬਥੇਰੀ ਵਾਰ ਵੇਖੇ ਜਾਂਦੇ ਹਨ ਪਰ ਇਸ ਵਾਰ ਇਕ ਏ. ਐੱਸ. ਆਈ. ਨੂੰ ਜਨਤਾ ਸਾਹਮਣੇ ਹੱਥ ਜੋੜ ਕੇ ਆਪਣਾ ਖਹਿੜਾ ਛੁਡਾਉਣਾ ਪਿਆ ਹੈ। ਇਹ ਮਾਮਲਾ ਪੁਲਸ ਚੌਕੀ ਪਿੰਡ ਸੁਲਤਾਨਵਿੰਡ ਵਿਖੇ ਤਾਇਨਾਤ ਏ. ਐੱਸ. ਆਈ. ਜੋਗਿੰਦਰ ਸਿੰਘ ਪਰਮਾਰ ਦਾ ਹੈ, ਜਿਸ ਨੇ ਕੁਝ ਦਿਨ ਪਹਿਲਾਂ ਇਕ ਕੇਸ ਦੇ ਮਾਮਲੇ 'ਚ ਕਿਸੇ ਹੱਥ ਦੇਖਣ ਵਾਲੇ ਵਿਅਕਤੀ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ 'ਭਾਟੜਾ ਟਾਈਪ ਪੰਡਿਤ' ਕਹਿ ਦਿੱਤਾ ਸੀ, ਜਿਸ ਤੋਂ ਬਾਅਦ ਭਾਟ ਸਿੱਖ ਭਾਈਚਾਰੇ 'ਚ ਗੁੱਸੇ ਦੀ ਲਹਿਰ ਦੌੜ ਗਈ ਸੀ।
ਜ਼ਿਕਰਯੋਗ ਹੈ ਕਿ ਭਾਟ ਸਿੱਖ ਭਾਈਚਾਰੇ ਦੇ ਵੱਡੀ ਗਿਣਤੀ 'ਚ ਲੋਕ ਵਿਦੇਸ਼ਾਂ 'ਚ ਵੀ ਵੱਸਦੇ ਹਨ, ਜਦੋਂ ਉਨ੍ਹਾਂ ਤੱਕ ਇਹ ਗੱਲ ਪੁੱਜੀ ਤਾਂ ਉਨ੍ਹਾਂ ਨੇ ਵੀ ਉਕਤ ਏ. ਐੱਸ. ਆਈ. ਖਿਲਾਫ ਮੋਰਚਾ ਖੋਲ੍ਹ ਦਿੱਤਾ। ਮਾਮਲਾ ਵਿਗੜਦਾ ਦੇਖ ਕੇ ਉਕਤ ਏ. ਐੱਸ. ਆਈ. ਨੇ ਆਪਣੀ ਗਲਤੀ ਮੰਨਣ 'ਚ ਹੀ ਭਲਾ ਸਮਝਿਆ, ਜਿਸ ਨੇ ਅੱਜ ਗੁ. ਅਜੀਤ ਜਥਾ ਜੰਞ ਘਰ ਵਿਖੇ ਵੱਡੀ ਗਿਣਤੀ 'ਚ ਇਕੱਤਰ ਹੋਏ ਭਾਟ ਸਿੱਖ ਭਾਈਚਾਰੇ ਦੇ ਲੋਕਾਂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਹੱਥ ਜੋੜ ਕੇ ਮੁਆਫੀ ਮੰਗਦਿਆਂ ਆਪਣੇ ਕਹੇ ਸ਼ਬਦਾਂ ਨੂੰ ਵਾਪਸ ਲਿਆ ਅਤੇ ਭਵਿੱਖ 'ਚ ਮੁੜ ਕਦੇ ਵੀ ਅਜਿਹੀ ਭੁੱਲ ਨਾ ਦੁਹਰਾਉਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਭਾਟ ਸਿੱਖ ਭਾਈਚਾਰੇ ਦੇ ਆਗੂ ਹਰਜੀਤ ਸਿੰਘ ਲਾਡੀ, ਪ੍ਰੀਤਮ ਸਿੰਘ ਬਾਵਾ, ਬਲਵੰਤ ਸਿੰਘ ਮੁੱਖ ਸਲਾਹਕਾਰ, ਸਤਪਾਲ ਸਿੰਘ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਬਲਕਾਰ ਸਿੰਘ, ਪ੍ਰਦੁਮਣ ਸਿੰਘ ਕਸਬਿਆ, ਸੁਲੱਖਣ ਸਿੰਘ, ਸੂਬਾ ਸਿੰਘ, ਮਨਪ੍ਰੀਤ ਸਿੰਘ, ਚਾਨਣ ਸਿੰਘ ਕੀੜੀ, ਅਮਰ ਸਿੰਘ ਪਹਿਲਵਾਨ, ਜਸਬੀਰ ਸਿੰਘ, ਮੂਲ ਸਿੰਘ ਗੋਪਾ ਆਦਿ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਕਤ ਏ. ਐੱਸ. ਆਈ. ਆਪਣੀ ਗਲਤੀ ਲਈ ਮੁਆਫੀ ਮੰਗ ਕੇ ਮੌਕਾ ਸਾਂਭ ਗਿਆ ਹੈ, ਨਹੀਂ ਤਾਂ ਉਸ ਨੂੰ ਇਸ ਗਲਤੀ ਦਾ ਭਾਰੀ ਖਮਿਆਜ਼ਾ ਭੁਗਤਣਾ ਪੈਣਾ ਸੀ।
ਕਾਰ-ਟਿੱਪਰ ਦੀ ਆਹਮੋ-ਸਾਹਮਣੇ ਟੱਕਰ, ਮਾਂ-ਪੁੱਤ ਦੀ ਮੌਤ (ਵੀਡਾਓ)
NEXT STORY