ਮੋਗਾ (ਆਜ਼ਾਦ) : ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਮੋਗਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਲੱਖਾਂ ਰੁਪਏ ਮੁੱਲ ਦੇ 5 ਕੁਇੰਟਲ ਡੋਡੇ ਪੋਸਤ ਸਮੇਤ ਪੰਜ ਸਮੱਗਲਰਾਂ ਨੂੰ ਕਾਬੂ ਕੀਤਾ, ਜਿਸ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਮੋਗਾ ਜੇ. ਇਲਨਚੇਲੀਅਨ ਨੇ ਦੱਸਿਆ ਕਿ ਐੱਸ. ਪੀ. (ਆਈ) ਅਜੇ ਰਾਜ ਸਿੰਘ, ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਥਾਣਾ ਅਜੀਤਵਾਲ ਦੇ ਇੰਚਾਰਜ ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਬੱਸ ਅੱਡਾ ਪਿੰਡ ਕੋਕਰੀ ਕਲਾਂ ਦੇ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸਰਬਜੀਤ ਸਿੰਘ ਉਰਫ ਸਰਬਾ, ਸੰਦੀਪ ਸਿੰਘ ਉਰਫ਼ ਸੋਨੂੰ, ਬਲਵੀਰ ਸਿੰਘ ਉਰਫ ਸੋਨੂੰ, ਅਮਰੋ ਬਾਈ, ਜੀਤ ਕੌਰ ਉਰਫ ਜੀਤੋ ਸਾਰੇ ਨਿਵਾਸੀ ਪਿੰਡ ਮਲਸਿੰਹਾਂ ਬਾਜਨ ਲੁਧਿਆਣਾ ਹਾਲ ਅਬਾਦ ਕੋਕਰੀ ਕਲਾਂ ਬਾਹਰੀ ਸੂਬਿਆਂ ਤੋਂ ਭਾਰੀ ਮਾਤਰਾ ਵਿਚ ਚੂਰਾ ਪੋਸਤ ਲਿਆ ਕੇ ਮੋਗਾ ਜ਼ਿਲੇ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿਚ ਵੱਖ-ਵੱਖ ਗੱਡੀਆਂ ਨਾਲ ਸਪਲਾਈ ਕਰਦੇ ਹਨ।
ਅੱਜ ਵੀ ਉਕਤ ਸਮੱਗਲਰ ਜਲਾਲਾਬਾਦ ਤੋਂ ਕੋਕਰੀ ਕਲਾਂ ਨੂੰ ਜਾਣ ਵਾਲੀ ਸੜਕ ’ਤੇ ਇਕ ਬੈਲੇਰੋ ਕੈਂਪਰ ਗੱਡੀ ਵਿਚ ਭਾਰੀ ਮਾਤਰਾ ਵਿਚ ਚੂਰਾ ਪੋਸਤ ਭਰ ਕੇ ਵਿੱਕਰੀ ਕਰਨ ਲਈ ਜਾ ਰਹੇ ਹਨ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ ’ਤੇ ਉਨ੍ਹਾਂ ਨੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਜਲਾਲਾਬਾਦ ਤੋਂ ਕੋਕਰੀ ਕਲਾਂ ਕੋਲ ਨਾਕਾਬੰਦੀ ਕੀਤੀ। ਪੁਲਸ ਪਾਰਟੀ ਨੇ ਜਦ ਇਕ ਬੈਲੇਰੋ ਪਿਕਅਪ ਗੱਡੀ ਨੂੰ ਚੈਕਿੰਗ ਲਈ ਰੋਕਿਆ, ਜਿਸਨੂੰ ਸਰਬਜੀਤ ਸਿੰਘ ਸਰਬਾ ਚਲਾ ਰਿਹਾ ਸੀ ਅਤੇ ਸੰਦੀਪ ਸਿੰਘ ਸੋਨੂੰ, ਬਲਵੀਰ ਸਿੰਘ ਮੋਨੂੰ ਉਸ ਦੇ ਨਾਲ ਬੈਠੇ ਹੋਏ ਸਨ। ਗੱਡੀ ਦੀ ਤਲਾਸ਼ੀ ਲੈਣ ’ਤੇ ਪੰਜ ਬੋਰੀਆਂ (ਪ੍ਰਤੀ ਬੋਰੀ 20 ਕਿੱਲੋ) ਡੋਡੇ ਪੋਸਤ ਦੀ ਬਰਾਮਦਗੀ ਹੋਈ। ਕੁੱਲ 1 ਕੁਇੰਟਲ ਚੂਰਾ ਪੋਸਤ ਬੈਲੇਰੋ ਪਿਕਅਪ ਗੱਡੀ ਵਿਚੋਂ ਬਰਾਮਦ ਕੀਤਾ ਗਿਆ।
ਭਾਰੀ ਮਾਤਰਾ ਵਿਚ ਹੋਈ ਬਰਾਮਦਗੀ ਦੇ ਬਾਅਦ ਪੁਲਸ ਨੇ ਕਥਿਤ ਦੋਸ਼ੀਆਂ ਦੇ ਘਰ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਅਮਰੋ ਬਾਈ, ਜੀਤ ਕੌਰ ਜੀਤੋ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਘਰ ਵਿਚ ਖੜੀਆਂ ਹੋਈਆਂ ਗੱਡੀਆਂ, ਜਿਸ ਵਿਚ ਇਨੋਵਾ ਗੱਡੀ ਵਿਚੋਂ 5 ਬੋਰੀਆਂ ਡੋਡੇ ਪੋਸਤ, ਆਈ-20 ਗੱਡੀ ਵਿਚੋਂ 2 ਬੋਰੀਆਂ ਚੂਰਾ ਪੋਸਤ, ਟਾਟਾ ਇੰਡੀਗੋ ਗੱਡੀ ਵਿਚੋਂ 3 ਬੋਰੀਆਂ ਚੂਰਾ ਪੋਸਤ ਅਤੇ ਘਰ ਵਿਚ ਬਣੇ ਅੰਡਰਗਰਾਉਂਡ ਬੰਕਰ ਵਿਚੋਂ 10 ਬੋਰੀਆਂ ਡੋਡੇ ਪੋਸਤ ਬਰਾਮਦ ਕੀਤੇ ਗਏ। ਇਸ ਤਰ੍ਹਾਂ ਕਥਿਤ ਸਮੱਗਲਰਾਂ ਤੋਂ ਪੁਲਸ ਨੇ 5 ਕੁਇੰਟਲ ਡੋਡੇ ਪੋਸਤ ਬਰਾਮਦ ਕਰ ਕੇ ਨਸ਼ੇ ਦੀ ਸਪਲਾਈ ਕਰਨ ਲਈ ਵਰਤੀਆਂ ਜਾਣ ਵਾਲੀਆਂ ਚਾਰੋ ਗੱਡੀਆਂ ਨੂੰ ਕਬਜ਼ੇ ਵਿਚ ਲੈ ਲਿਆ। ਕਥਿਤ ਸਮੱਗਲਰਾਂ ਖਿਲਾਫ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਲਾ ਪੁਲਸ ਮੁਖੀ ਜੇ.ਇਲਨਚੇਲੀਅਨ ਨੇ ਦੱਸਿਆ ਕਿ ਸਰਬਜੀਤ ਸਿੰਘ ਸਰਬਾ ਖਿਲਾਫ਼ ਪਹਿਲਾਂ ਵੀ 2017 ਵਿਚ ਥਾਣਾ ਸਦਰ ਜਗਰਾਉਂ ਅਤੇ ਥਾਣਾ ਸਿੱਧਵਾ ਬੇਟ ਵਿਚ ਮਾਮਲੇ ਦਰਜ ਹਨ।
UCC ਤੋਂ ਚਿੰਤਤ ਸਿੱਖ ਭਾਈਚਾਰੇ ਦੇ ਕਾਰਕੁਨਾਂ ਨੇ 'ਸਿੱਖ ਪਰਸਨਲ ਲਾਅ ਬੋਰਡ' ਬਣਾਉਣ ਦਾ ਕੀਤਾ ਫ਼ੈਸਲਾ
NEXT STORY