ਜਲੰਧਰ, (ਸੁਧੀਰ)- ਕਮਿਸ਼ਨਰੇਟ ਪੁਲਸ ਦੇ ਥਾਣਾ ਨੰਬਰ 1 ਦੀ ਪੁਲਸ ਨੇ ਮਕਸੂਦਾਂ ਚੌਕ ਕੋਲ ਨਾਕਾਬੰਦੀ ਦੌਰਾਨ ਭੱਜ ਰਹੇ ਹੈਲਮੇਟਧਾਰੀ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਪਿੱਛਾ ਕਰ ਕੇ ਇਕ ਪਿਸਤੌਲ ਤੇ 7 ਜ਼ਿੰਦਾ ਕਾਰਤੂਸ ਤੇ ਸ਼ੱਕੀ ਨੌਜਵਾਨ ਦੀ ਇਕ ਲੋਈ ਬਰਾਮਦ ਕੀਤੀ ਹੈ, ਜਦੋਂਕਿ ਮੋਟਰਸਾਈਕਲ ਸਵਾਰ ਸ਼ੱਕੀ ਨੌਜਵਾਨ ਥਾਣਾ ਨੰਬਰ 1 ਦੇ ਇੰਚਾਰਜ ਰਸ਼ਮਿੰਦਰ ਸਿੰਘ ਤੇ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਪੁਲਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਥਾਣਾ ਨੰਬਰ 1 ਦੇ ਇੰਚਾਰਜ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਹ ਮਕਸੂਦਾਂ ਚੌਕ ਤੋਂ ਬਿਧੀਪੁਰ ਫਾਟਕ ਵਲ ਜਾ ਰਹੇ ਸਨ ਤਾਂ ਪੰਜਾਬ ਮੈਡੀਕਲ ਕਾਲਜ ਤੋਂ ਥੋੜ੍ਹਾ ਪਿੱਛੇ 2 ਮੋਟਰਸਾਈਕਲ ਸਵਾਰ ਹੈਲਮੇਟਧਾਰੀ ਨੌਜਵਾਨ ਜਿਨ੍ਹਾਂ ਨੇ ਮੋਟਰਸਾਈਕਲ ਨੰਬਰ ਪਲੇਟ 'ਤੇ ਮਿੱਟੀ ਲਾਈ ਹੋਈ ਸੀ, ਨੂੰ ਪੁਲਸ ਪਾਰਟੀ ਨੇ ਰੋਕਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੜੀ ਤੇਜ਼ੀ ਨਾਲ ਮੋਟਰਸਾਈਕਲ ਮਕਸੂਦਾਂ ਚੌਕ ਵਲ ਭਜਾ ਲਿਆ। ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਦੀ ਲੋਈ ਪੁਲਸ ਮੁਲਾਜ਼ਮ ਦੇ ਹੱਥ ਵਿਚ ਆ ਗਈ ਤੇ ਉਨ੍ਹਾਂ ਦਾ ਪਿਸਤੌਲ ਤੇ ਕਾਰਤੂਸ ਹੇਠਾਂ ਡਿੱਗ ਪਏ ਜੋ ਪੁਲਸ ਨੇ ਕਬਜ਼ੇ ਵਿਚ ਲੈ ਲਿਆ। ਥਾਣਾ ਇੰਚਾਰਜ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਸ ਵਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਲੋੜਵੰਦਾਂ ਦੀ ਮਦਦ ਲਈ ਖੂਨਦਾਨ ਕੈਂਪ ਲਾਇਆ ਜਾਵੇਗਾ : ਪ੍ਰਿੰਸ ਸ਼ਰੀਫਪੁਰਾ
NEXT STORY