ਨਾਭਾ(ਰਾਹੁਲ ਖੁਰਾਣਾ) - ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਆਮ ਪਾਰਟੀ ਵੱਲੋਂ, ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਪਿਛਲੇ ਅੱਠ ਦਿਨ ਤੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਸਨ। ਅੱਜ ਪੁਲਸ ਉਨ੍ਹਾਂ ਨੂੰ ਕੋਰੋਨਾ ਦੇ ਟੈਸਟ ਦੇ ਬਹਾਨੇ ਚੁੱਕ ਕੇ ਸਦਰ ਥਾਣਾ ਵਿਖੇ ਲੈ ਗਈ। ਦੂਜੇ ਪਾਸੇ ਅੱਜ ਦੇ ਧਰਨੇ ਵਿਚ ਐਮ.ਐਲ.ਏ. ਬਲਜਿੰਦਰ ਕੌਰ ਨੇ ਧਰਨੇ ਦੀ ਅਗਵਾਈ ਕਰਨੀ ਸੀ ਜਿਸ ਦੇ ਚੱਲਦੇ ਪੁਲਸ ਨੇ ਬਲਜਿੰਦਰ ਕੌਰ ਦੇ ਆਉਣ ਤੋਂ ਪਹਿਲਾਂ ਹੀ ਆਪ ਪਾਰਟੀ ਦੇ ਵਰਕਰਾਂ ਨੂੰ ਚੁੱਕ ਕੇ ਅਤੇ ਸਾਰਾ ਸਾਮਾਨ ਜ਼ਬਤ ਕਰ ਲਿਆ।
ਬੀਤੇ ਅੱਠ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠੇ ਆਪ ਵਰਕਰਾਂ ਨੂੰ ਪੁਲਸ ਜਬਰੀ ਚੁੱਕ ਕੇ ਉਨ੍ਹਾਂ ਨੂੰ ਥਾਣੇ ਲੈ ਗਈ ਜਦੋਂ ਕਿ ਸਿਹਤ ਵਿਭਾਗ ਦੀ ਟੀਮ ਕੋਰੋਨਾ ਟੈਸਟ ਕਰਨ ਲਈ ਖੁਦ ਧਰਨਾਕਾਰੀਆਂ ਕੋਲ ਪਹੁੰਚ ਗਈ ਸੀ। ਧਰਨਾਕਾਰੀਆਂ ਦੇ ਟੈਸਟ ਤੋਂ ਪਹਿਲਾਂ ਹੀ ਪੁਲਸ ਨੇ ਉਨ੍ਹਾਂ ਨੂੰ ਚੁੱਕ ਕੇ ਗੱਡੀਆਂ ਵਿਚ ਜ਼ਬਰਦਸਤੀ ਬਿਠਾ ਲਿਆ। ਜਿਸ ਵਿਚ ਪੁਲਸ ਨੇ ਚੇਤਨ ਸਿੰਘ ਜ਼ੋੜੇਮਾਜਰਾ, ਕਰਨਵੀਰ ਸਿੰਘ ਟਿਵਾਣਾ, ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਬਰਿੰਦਰ ਸਿੰਘ ਬਿੱਟੂ, ਗੁਰਦੇਵ ਸਿੰਘ ਦੇਵ ਮਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਇਸ ਮੌਕੇ 'ਤੇ ਆਪ ਆਗੂ ਵਰਿੰਦਰ ਬਿੱਟੂ ਅਤੇ ਕਰਨਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਅਸੀਂ ਧਰਮਸੌਤ ਦੇ ਖਿਲਾਫ ਇੱਥੇ ਸ਼ਾਂਤਮਈ ਧਰਨਾ ਦੇ ਰਹੇ ਸੀ। ਅੱਜ ਪੁਲਸ ਸਾਨੂੰ ਕੋਰੋਨਾ ਟੈਸਟ ਦੇ ਬਹਾਨੇ ਸਾਨੂੰ ਗ੍ਰਿਫਤਾਰ ਕਰ ਰਹੀ ਹੈ ਅਤੇ ਪੁਲਸ ਸਾਡੇ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ।
ਇਸ ਮੌਕੇ 'ਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਦਾ ਕਰੋਨਾ ਟੈਸਟ ਕਰਨ ਲਈ ਆਏ ਸੀ ਪਰ ਪੁਲਿਸ ਵੱਲੋਂ ਇਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ।
ਇਸ ਮੌਕੇ 'ਤੇ ਨਾਭਾ ਦੇ ਐਸ.ਐਚ.ਓ. ਸੁਖਦੇਵ ਸਿੰਘ ਨੇ ਕਿਹਾ ਕਿ ਆਪ ਪਾਰਟੀ ਦੇ ਵਰਕਰ ਸ਼ਰੇਆਮ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਸਨ। ਇਨ੍ਹਾਂ ਦਾ ਅੱਜ ਕਰੋਨਾ ਟੈਸਟ ਕਰਾਉਣਾ ਸੀ। ਇਨ੍ਹਾਂ ਵੱਲੋਂ ਇਨਕਾਰ ਕੀਤਾ ਗਿਆ ਤਾਂ ਇਸ ਲਈ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਆਪ ਆਗੂਆਂ 'ਤੇ ਦੋ ਵਾਰ ਮਾਮਲੇ ਵੀ ਦਰਜ ਕੀਤੇ ਗਏ ਹਨ ਅਤੇ ਹੁਣ ਅਸੀਂ ਅਗਲੇਰੀ ਕਾਰਵਾਈ ਕਰ ਰਹੇ ਹਾਂ ਅਤੇ ਜੋ ਸਾਮਾਨ ਸੀ ਇਨ੍ਹਾਂ ਦਾ ਸਾਰਾ ਅਸੀਂ ਜ਼ਬਤ ਕਰ ਲਿਆ ਹੈ।
ਪਿੰਡਾਂ 'ਚ ਹੋ ਰਹੇ ਕੋਰੋਨਾ ਟੈਸਟਾਂ ਦਾ ਵਿਰੋਧ ਕਰਨ ਦੀ ਬਜਾਏ ਪੰਚਾਇਤਾਂ ਕਰਨ ਸਹਿਯੋਗ : ਛੀਨਾ
NEXT STORY