ਲੁਧਿਆਣਾ (ਰਾਜ) : ਪੁਲਸ ਕਮਿਸ਼ਨਰੇਟ ਨੇ ਅੱਜ ਗੈਂਗਸਟਰਾਂ ਅਤੇ ਗੈਰ-ਸਮਾਜਿਕ ਤੱਤਾਂ ਖਿਲਾਫ ਜੰਗ ਛੇੜ ਦਿੱਤੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਚਲਾਈ ਗਈ ਵਿਸ਼ੇਸ਼ ਮੁਹਿੰਮ ‘ਗੈਂਗਸਟਰਾਂ ’ਤੇ ਵਾਰ’ ਤਹਿਤ ਸ਼ੁੱਕਰਵਾਰ ਨੂੰ ਲੁਧਿਆਣਾ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਪੁਲਸ ਫੋਰਸ ਨਾਲ ਛਾਪੇਮਾਰੀ ਕੀਤੀ ਗਈ। ਪੁਲਸ ਦੀ ਇਸ ਛਾਪੇਮਾਰੀ ਨਾਲ ਅਪਰਾਧੀਆਂ ਵਿਚ ਹਫੜਾ-ਦਫੜੀ ਮਚ ਗਈ ਹੈ। ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਅਪਰਾਧੀਆਂ ਦੇ ਸੁਰੱਖਿਅਤ ਟਿਕਾਣਿਆਂ ਅਤੇ ਉਨ੍ਹਾਂ ਦੇ ਲੁਕਣ ਦੀਆਂ ਥਾਵਾਂ ਨੂੰ ਤਬਾਹ ਕਰਨ ਲਈ ਸ਼ਹਿਰ ਭਰ ਵਿਚ 50 ਹਾਟਸਪਾਟ ਮਾਰਕ ਕੀਤੇ ਗਏ ਸਨ। ਇਨ੍ਹਾਂ ਟਿਕਾਣਿਆਂ ’ਤੇ ਇਕੱਠੇ ਧਾਵਾ ਬੋਲਣ ਲਈ 400 ਤੋਂ ਵੱਧ ਪੁਲਸ ਮੁਲਾਜ਼ਮਾਂ ਦੀਆਂ 50 ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ।
ਸੀਨੀਅਰ ਅਧਿਕਾਰੀਆਂ ਨੇ ਖੁਦ ਜ਼ਮੀਨ ’ਤੇ ਉਤਰ ਕੇ ਇਸ ਆਪ੍ਰੇਸ਼ਨ ਦੀ ਕਮਾਨ ਸੰਭਾਲੀ। ਮੁਹਿੰਮ ਦੌਰਾਨ ਕਰੀਬ 600 ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਵੈਰੀਫਿਕੇਸ਼ਨ ਕੀਤੀ ਗਈ।
ਇਹ ਵੀ ਪੜ੍ਹੋ : ਬਸੰਤ ਪੰਚਮੀ ਮੌਕੇ ਭੈਣੀ ਸਾਹਿਬ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸਿੰਘ ਸੈਣੀ
8 ਐੱਫ. ਆਈ. ਆਰਜ਼ ਦਰਜ, ਕਈ ਗ੍ਰਿਫਤਾਰ
ਇਸ ਸਰਚ ਆਪ੍ਰੇਸ਼ਨ ਦੌਰਾਨ ਪੁਲਸ ਨੇ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 8 ਨਵੀਆਂ ਐੱਫ.ਆਈ.ਆਰਜ਼ ਦਰਜ ਕੀਤੀਆਂ ਹਨ ਅਤੇ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰਵਾਈ ਕੇਵਲ ਅਪਰਾਧੀਆਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਨੇ ਜਨਤਾ ਨੂੰ ਵੀ ਕੜੀ ਚਿਤਾਵਨੀ ਦਿੱਤੀ ਹੈ ਕਿ ਜੋ ਕੋਈ ਵੀ ਅਪਰਾਧੀਆਂ ਨੂੰ ਪਨਾਹ ਦੇਵੇਗਾ ਜਾਂ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਨਾਲ ਮਦਦ ਕਰੇਗਾ, ਉਸ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ’ਤੇ ਜ਼ੋਰ
ਚੈਕਿੰਗ ਦੌਰਾਨ ਪੁਲਸ ਟੀਮਾਂ ਨੇ ਪੀ.ਜੀ. ਅਤੇ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਲੋਕਾਂ ਦੀ ਵੈਰੀਫਿਕੇਸ਼ਨ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਪੁਲਸ ਦਾ ਮੰਨਣਾ ਹੈ ਕਿ ਅਪਰਾਧੀ ਆਮ ਕਰ ਕੇ ਆਪਣੀ ਪਛਾਣ ਲੁਕੋ ਕੇ ਕਿਰਾਏ ਦੇ ਕਮਰਿਆਂ ਵਿਚ ਟਿਕਾਣਾ ਬਣਾਉਂਦੇ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਪੁਲਸ ਵੈਰੀਫਿਕੇਸ਼ਨ ਦੇ ਕਿਸੇ ਨੂੰ ਵੀ ਕਮਰਾ ਨਾ ਦੇਣ। ਪੁਲਸ ਦਾ ਇਹ ਆਪ੍ਰੇਸ਼ਨ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗਾ। ਪੁਲਸ ਦਾ ਸਪੱਸ਼ਟ ਸੁਨੇਹਾ ਹੈ ਕਿ ਲੁਧਿਆਣਾ ਦੀ ਧਰਤੀ ’ਤੇ ਅਪਰਾਧੀਆਂ ਲਈ ਕੋਈ ਸੁਰੱਖਿਅਤ ਟਿਕਾਣਾ ਨਹੀਂ ਬਚਿਆ ਹੈ।
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਸਪਲਾਈ ਰਹੇਗੀ ਬੰਦ! ਲੱਗੇਗਾ ਲੰਬਾ Power Cut
NEXT STORY