ਜਲੰਧਰ, (ਬੁਲੰਦ)- ਪੁਲਸ ਕਮਿਸ਼ਨਰ ਜਲੰਧਰ ਪ੍ਰਵੀਨ ਸਿਨ੍ਹਾ ਦੇ ਸਖਤ ਰਵੱਈਏ ਤੋਂ ਸਾਰਾ ਅਮਲਾ ਵਾਕਫ ਹੈ ਅਤੇ ਅੱਜ ਕਮਿਸ਼ਨਰ ਦਾ ਗੁੱਸਾ 3 ਪੁਲਸ ਕਰਮਚਾਰੀਆਂ ’ਤੇ ਫੁੱਟਿਆ, ਜਿਨ੍ਹਾਂ ਖਿਲਾਫ ਲੰਬੇ ਸਮੇਂ ਤੋਂ ਉਨ੍ਹਾਂ ਕੋਲ ਸ਼ਿਕਾਇਤਾਂ ਆ ਰਹੀਆਂ ਸਨ।
ਸੀ. ਪੀ. ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਅੱਜ 3 ਪੁਲਸ ਕਰਮਚਾਰੀਆਂ ਦੀਆਂ ਸੇਵਾਵਾਂ ਰੱਦ ਕਰ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਇਨ੍ਹਾਂ ’ਚੋਂ ਪਹਿਲਾ ਨੰਬਰ ਐਂਟੀ ਫਰਾਡ ਸਟਾਫ ਵਿਚ ਲੰਬੇ ਸਮੇਂ ਤੱਕ ਕੰਮ ਕਰ ਰਹੇ ਲੋਕਲ ਰੈਂਕ ਦੇ ਏ. ਐੱਸ. ਆਈ. ਸੋਢੀ ਲਾਲ ਦਾ ਹੈ। ਸੋਢੀ ਲਾਲ ਖਿਲਾਫ ਲਗਾਤਾਰ ਕਮਿਸ਼ਨਰੇਟ ਪੁਲਸ ਕੋਲ ਸ਼ਿਕਾਇਤਾਂ ਆ ਰਹੀਆਂ ਸਨ ਕਿ ਉਹ ਜਿਸ ਵੀ ਕੇਸ ਦਾ ਆਈ. ਓ. ਬਣਦਾ ਹੈ, ਉਸੇ ਵਿਚ ਸਮਝੌਤੇ ਦੇ ਨਾਂ ’ਤੇ ਦਲਾਲੀ ਕਰਨ ਲੱਗਦਾ ਹੈ। ਅਜਿਹੇ ਹੀ ਇਕ ਮਾਮਲੇ ਦੀ ਰਿਕਾਰਡਿੰਗ ਪੁਲਸ ਕਮਿਸ਼ਨਰ ਸਿਨ੍ਹਾ ਕੋਲ ਪਹੁੰਚੀ ਸੀ, ਜਿਸ ਦੇ ਆਧਾਰ ’ਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਅੱਜ ਸੋਢੀ ਲਾਲ ਨੂੰ ਮਿਸ-ਕੰਡਕਟ ਇਨ ਜਾਬ ਦੇ ਦੋਸ਼ ਵਿਚ ਕੰਪਲਸਰੀ ਰਿਟਾਇਰਡ ਕੀਤਾ ਗਿਆ।
ਦੂਜੇ ਨੰਬਰ ’ਤੇ ਕਾਂਸਟੇਬਲ ਕੁਲਦੀਪ ਸਿੰਘ (ਨੰਬਰ 3380) ਨੂੰ ਕੰਪਲਸਰੀ ਰਿਟਾਇਰਡ ਕੀਤਾ ਗਿਆ ਹੈ। ਉਸ ’ਤੇ ਦੋਸ਼ ਸੀ ਕਿ ਉਸ ਨੇ ਟ੍ਰੈਫਿਕ ਡਿਊਟੀ ਦੌਰਾਨ ਇਕ ਵਾਰੀ ਸਟੇਟ ਨੰਬਰ ਵਾਲੀ ਗੱਡੀ ਤੋਂ 500 ਰੁਪਏ ਰਿਸ਼ਵਤ ਲਈ ਸੀ, ਜਿਸ ਦੀ ਸ਼ਿਕਾਇਤ ਸਬੂਤਾਂ ਸਮੇਤ ਪੁਲਸ ਕਮਿਸ਼ਨਰ ਕੋਲ ਪਹੁੰਚੀ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਕੁਲਦੀਪ ਦੀ ਛੁੱਟੀ ਕਰ ਦਿੱਤੀ ਗਈ।
ਤੀਸਰਾ ਨੰਬਰ ਕਾਂਸਟੇਬਲ ਕੁਲਵਿੰਦਰ ਸਿੰਘ (ਨੰਬਰ 2153) ਦਾ ਲੱਗਾ। ਇਸ ਬਾਰੇ ਸੀ. ਪੀ. ਨੇ ਦੱਸਿਆ ਕਿ ਇਹ ਲੰਬੇ ਸਮੇਂ ਤੋਂ ਬਿਨਾਂ ਜਾਣਕਾਰੀ ਦਿੱਤੇ ਗੈਰਹਾਜ਼ਰ ਚੱਲ ਰਿਹਾ ਸੀ ਅਤੇ ਇਸ ਦਾ ਵਿਭਾਗ ਵਿਚ ਕਾਫੀ ਬੁਰਾ ਰਿਕਾਰਡ ਸੀ।
ਇਨ੍ਹਾਂ ਤਿੰਨਾਂ ਦੀ ਛੁੱਟੀ ਕੀਤੇ ਜਾਣ ਨਾਲ ਪੁਲਸ ਵਿਭਾਗ ਵਿਚ ਕਾਫੀ ਡਰ ਦਾ ਮਾਹੌਲ ਨਜ਼ਰ ਆਇਆ ਅਤੇ ਕਰਮਚਾਰੀ ਆਪਣੇ ਰਿਕਾਰਡ ਨੂੰ ਠੀਕ ਕਰਨ ’ਚ ਲੱਗੇ ਦਿਖਾਈ ਦਿੱਤੇ। ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦਿਅਾਂ ਕਮਿਸ਼ਨਰ ਸਿਨ੍ਹਾ ਨੇ ਕਿਹਾ ਕਿ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਰਾਤ ਦੇ ਸਮੇਂ ਪੀ. ਸੀ. ਆਰ. ਜਾਂ ਹੋਰ ਪੁਲਸ ਕਰਮਚਾਰੀ ਜੋ ਨਾਕਿਆਂ ’ਤੇ ਡਿਊਟੀ ’ਤੇ ਹੁੰਦੇ ਹਨ, ਸ਼ਰਾਬ ਜਾਂ ਹੋਰ ਨਸ਼ਿਆਂ ਦਾ ਸੇਵਨ ਕਰ ਲੈਂਦੇ ਹਨ ਅਤੇ ਜੇ ਕੋਈ ਵਾਰਦਾਤ ਹੋ ਜਾਵੇ ਤਾਂ ਲੋਕਾਂ ਨਾਲ ਉਨ੍ਹਾਂ ਦਾ ਵਿਵਹਾਰ ਸਹੀ ਨਹੀਂ ਹੁੰਦਾ। ਉਨ੍ਹਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਅਜਿਹੀ ਹੀ ਇਕ ਘਟਨਾ ਤਹਿਤ ਬੀਤੇ ਦਿਨੀਂ ਡੀ. ਏ. ਵੀ. ਕਾਲਜ ਰੋਡ ’ਤੇ ਇਕ ਚੋਰੀ ਦੀ ਵਾਰਦਾਤ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੀ. ਸੀ. ਆਰ. ਕਰਮਚਾਰੀ ਨਸ਼ੇ ਦੀ ਹਾਲਤ ਵਿਚ ਪਾਏ ਗਏ ਸਨ, ਜਿਸ ਦੀ ਜਾਣਕਾਰੀ ਅੱਜ ਸੀ. ਪੀ. ਤੱਕ ਪਹੁੰਚੀ ਤਾਂ ਉਨ੍ਹਾਂ ਕਿਹਾ ਕਿ ਹੁਣ ਉਹ ਖੁਦ ਦੇਰ ਰਾਤ ਤੱਕ ਕਿਸੇ ਵੀ ਸਮੇਂ ਸ਼ਹਿਰ ਦੇ ਥਾਣਿਆਂ ਅਤੇ ਨਾਕਿਆਂ ਦੀ ਚੈਕਿੰਗ ਕਰ ਸਕਦੇ ਹਨ ਅਤੇ ਜੇ ਕੋਈ ਕਰਮਚਾਰੀ ਨਸ਼ੇ ਦੀ ਹਾਲਤ ਵਿਚ ਪਾਇਆ ਗਿਆ ਤਾਂ ਉਸ ਨੂੰ ਤੁਰੰਤ ਡਿਸਮਿਸ ਕੀਤਾ ਜਾਵੇਗਾ ਅਤੇ ਉਸ ਦੇ ਖਿਲਾਫ ਕੇਸ ਵੀ ਦਰਜ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪ੍ਰੇਸ਼ਾਨੀ ਜਾਂ ਸ਼ਿਕਾਇਤ ਦੇਣ ਲਈ ਪੁਲਸ ਕੋਲ ਜਾਣ ਤੋਂ ਝਿਜਕਣ ਨਾ ਅਤੇ ਜੇ ਪੁਲਸ ਥਾਣੇ ਵਿਚ ਨਿਆਂ ਨਹੀਂ ਮਿਲਦਾ ਤਾਂ ਉਸ ਦੀ ਕਮਿਸ਼ਨਰ ਆਫਿਸ ਵਿਚ ਸ਼ਿਕਾਇਤ ਕਰਨ ਤਾਂ ਜੋ ਕਾਰਵਾਈ ਨਾ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਐਕਸ਼ਨ ਲਿਆ ਜਾ ਸਕੇ।
ਨਰੇਗਾ ਮੁਲਾਜ਼ਮਾਂ ਦੀ ਭੁੱਖ ਹਡ਼ਤਾਲ 6ਵੇਂ ਦਿਨ ’ਚ ਦਾਖਲ
NEXT STORY