ਜਲੰਧਰ, (ਮਹੇਸ਼ ਖੋਸਲਾ)— ਪਿਛਲੇ 10 ਦਿਨਾਂ ਵਿਚ ਥਾਣੇਦਾਰ ਪਲਵਿੰਦਰ ਸਿੰਘ ਦੀ ਸਵਿਫਟ ਕਾਰ ਲੁੱਟਣ ਸਮੇਤ ਇਕ ਦਰਜਨ ਤੋਂ ਜ਼ਿਆਦਾ ਸਨੈਚਿੰਗ ਦੀਆਂ ਵਾਰਦਾਤਾਂ ਕਮਿਸ਼ਨਰੇਟ ਪੁਲਸ ਅਧੀਨ ਆਉਂਦੇ ਇਲਾਕੇ ਵਿਚ ਕਈ ਥਾਵਾਂ 'ਤੇ ਹੋਈਆਂ ਹਨ ਅਤੇ ਸਨੈਚਰ ਪੁਲਸ ਦੇ ਹੱਥ ਨਹੀਂ ਲੱਗ ਰਹੇ ਹਨ ਪਰ ਇਸਦੇ ਬਾਵਜੂਦ ਵੀ ਸੋਮਵਾਰ ਰਾਤ ਨੂੰ 12 ਵਜੇ ਤੋਂ ਬਾਅਦ ਸ਼ਹਿਰ ਦੇ ਲਗਭਗ ਸਾਰੇ ਨਾਕਿਆਂ 'ਤੇ ਕਿਤੇ ਵੀ ਕੋਈ ਪੁਲਸ ਮੁਲਾਜ਼ਮ ਦਿਖਾਈ ਨਹੀਂ ਦਿੱਤਾ। ਅਜਿਹੇ ਵਿਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧਿਕ ਅਨਸਰਾਂ ਨੂੰ ਖੁੱਲ੍ਹੀ ਛੁੱਟੀ ਨਹੀਂ ਤਾਂ ਹੋਰ ਕੀ ਕਿਹਾ ਜਾ ਸਕਦਾ ਹੈ। ਪੁਲਸ ਤੋਂ ਬੇਖੌਫ ਹੋ ਕੇ ਸਨੈਚਰ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਦੇ ਨਾ ਫੜੇ ਜਾਣ 'ਤੇ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ, ਜਿਸ ਕਾਰਨ ਸਨੈਚਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਹ ਗੱਲ ਹਰ ਕਿਸੇ ਦੀ ਜ਼ੁਬਾਨ 'ਤੇ ਹੈ ਕਿ ਦਿਨ ਵੇਲੇ ਹਰ ਥਾਂ ਪੁਲਸ ਦਾ ਨਾਕਾ ਹੁੰਦਾ ਹੈ ਅਤੇ ਰਾਤ ਨੂੰ ਕਿਤੇ ਵੀ ਨਹੀਂ। ਚਲਾਨਾਂ ਦੇ ਨਾਂ 'ਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਪਰ ਸੁਰੱਖਿਆ ਨੂੰ ਲੈ ਕੇ ਪੁਲਸ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੀ, ਆਖਿਰ ਅਜਿਹਾ ਕਿਉਂ?
3 ਦਿਨ ਬੀਤਣ 'ਤੇ ਵੀ ਨਹੀਂ ਮਿਲੇ ਲੁਟੇਰੇ
ਸੀ. ਆਈ. ਏ. ਰੇਲਵੇ ਪੁਲਸ ਲੁਧਿਆਣਾ ਵਿਚ ਤਾਇਨਾਤ ਪਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਭਾਣਜੇ ਰੁਦਰਾਕਸ਼ ਸ਼ੈਲੀ ਉੱਪਰ ਪਿਸਤੌਲ ਤਾਣ ਕੇ ਉਨ੍ਹਾਂ ਦੀ ਸਵਿਫਟ ਡਿਜ਼ਾਇਰ ਕਾਰ ਲੁੱਟਣ ਵਾਲੇ ਲੁਟੇਰੇ ਵਾਰਦਾਤ ਦੇ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਪੁਲਸ ਦੇ ਹੱਥ ਨਹੀਂ ਲੱਗੇ ਹਨ। ਜਦਕਿ ਕਮਿਸ਼ਨਰੇਟ ਪੁਲਸ ਦੀਆਂ 6 ਟੀਮਾਂ ਲੁਟੇਰਿਆਂ ਦੀ ਭਾਲ ਵਿਚ ਲਗਾਤਾਰ ਸ਼ੱਕੀ ਥਾਵਾਂ 'ਤੇ ਰੇਡ ਕਰ ਰਹੀਆਂ ਹਨ। ਪੁਲਸ ਖੁਦ ਇਸ ਗੱਲ ਨੂੰ ਮੰਨ ਰਹੀ ਹੈ ਕਿ ਜੇਕਰ ਲੁਟੇਰੇ ਫੜੇ ਜਾਂਦੇ ਤਾਂ ਵਾਰਦਾਤ ਵਾਲੀ ਰਾਤ ਨੂੰ ਹੀ ਫੜੇ ਜਾਣੇ ਸਨ। ਹੁਣ ਅਜਿਹਾ ਲੱਗ ਰਿਹਾ ਹੈ ਕਿ ਉਹ ਕਾਫੀ ਦੂਰ ਨਿਕਲ ਚੁੱਕੇ ਹਨ। ਜਿਥੇ ਪੁਲਸ ਦੇ ਹੱਥ ਨਹੀਂ ਪਹੁੰਚ ਪਾ ਰਹੇ ਹਨ। ਹੁਣ ਉਹ ਜਦੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ਵਿਚ ਫੜੇ ਜਾਣਗੇ, ਉਸੇ ਦੌਰਾਨ ਹੀ ਥਾਣੇਦਾਰ ਪਲਵਿੰਦਰ ਸਿੰਘ ਨਾਲ ਹੋਈ ਲੁੱਟ ਟਰੇਸ ਹੋ ਸਕੇਗੀ।
ਜ਼ਿਆਦਾਤਰ ਔਰਤਾਂ ਹੁੰਦੀਆਂ ਹਨ ਸ਼ਿਕਾਰ
ਸ਼ਹਿਰ ਵਿਚ ਹੁੰਦੀਆਂ ਸਨੈਚਿੰਗ ਦੀਆਂ ਵਾਰਦਾਤਾਂ ਵਿਚ ਜ਼ਿਆਦਾਤਰ ਲੁਟੇਰੇ ਔਰਤਾਂ ਅਤੇ ਲੜਕੀਆਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੇ ਹਨ। 10 ਦਿਨਾਂ ਵਿਚ ਹੋਈਆਂ ਵਾਰਦਾਤਾਂ ਵਿਚ ਕਿਰਨ ਦੀਪ ਕੌਰ ਨੂੰ ਅਰਬਨ ਅਸਟੇਟ ਫੇਜ-1, ਊਧਮ ਸਿੰਘ ਨਗਰ ਵਿਚ ਕਮਲੇਸ਼ ਚੋਪੜਾ, ਮਾਡਲ ਟਾਊਨ ਵਿਚ ਉਰਮਿਲਾ ਆਨੰਦ, ਜਗਦੀਸ਼ ਕੌਰ ਗਿੱਲ, ਗੁਰੂ ਨਾਨਕ ਮਿਸ਼ਨ ਚੌਕ ਨੇੜੇ ਆਦਰਸ਼ ਨਗਰ ਦੀ ਵੀਨਾ ਅਤੇ ਅਭਿਲਾਸ਼ਾ, ਮਕਸੂਦਾਂ ਚੌਕ ਵਿਚ ਇਕ ਲੜਕੀ, ਪਠਾਨਕੋਟ ਚੌਕ, ਬੀ. ਐੱਮ. ਸੀ. ਚੌਕ, ਮਾਡਲ ਹਾਊਸ ਨੇੜੇ ਔਰਤਾਂ ਅਤੇ ਲੜਕੀਆਂ ਦੇ ਪਰਸ ਅਤੇ ਮੋਬਾਇਲ ਖੋਹੇ ਗਏ ਹਨ। ਇਸ ਤੋਂ ਇਲਾਵਾ ਕਈ ਲੜਕਿਆਂ ਅਤੇ ਬਜ਼ੁਰਗਾਂ ਨੂੰ ਵੀ ਵੱਖ-ਵੱਖ ਥਾਵਾਂ ਤੋਂ ਲੁੱਟਣ ਦੀਆਂ ਵਾਰਦਾਤਾਂ ਬਾਰੇ ਪਤਾ ਲੱਗਾ ਹੈ।
ਡੀ. ਸੀ. ਪੀ. ਨੇ ਅੱਜ ਫਿਰ ਕੀਤੀ ਬੈਠਕ
ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਸੋਮਵਾਰ ਨੂੰ ਫਿਰ ਥਾਣੇਦਾਰ ਪਲਵਿੰਦਰ ਸਿੰਘ ਦੀ ਕਾਰ ਲੁੱਟਣ ਵਾਲੇ ਲੁਟੇਰਿਆਂ ਨੂੰ ਜਲਦ ਹੀ ਫੜ ਲਏ ਜਾਣ ਦਾ ਦਾਅਵਾ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਗਠਿਤ ਟੀਮਾਂ ਵੱਖ-ਵੱਖ ਐਂਗਲਾਂ ਤੋਂ ਆਪਣੀ ਜਾਂਚ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਅੱਜ ਇਸ ਸਬੰਧ ਵਿਚ ਕੀਤੀ ਬੈਠਕ ਦੌਰਾਨ ਇਸ ਵਾਰਦਾਤ ਨੂੰ ਹੱਲ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ।
ਪੁਲਸ ਕਮਿਸ਼ਨਰ (ਸੀ. ਪੀ.) ਪੀ. ਕੇ. ਸਿਨ੍ਹਾ ਨੇ ਸ਼ਨੀਵਾਰ ਨੂੰ ਆਪਣੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਐਤਵਾਰ ਸ਼ਾਮ ਤੱਕ ਹਰ ਹਾਲ ਵਿਚ ਲੁੱਟ ਦੀ ਵਾਰਦਾਤ ਨੂੰ ਹੱਲ ਕੀਤਾ ਜਾਵੇ ਪਰ ਅਜੇ ਤੱਕ ਪੁਲਸ ਦੇ ਹੱਥ ਕੋਈ ਸਫਲਤਾ ਨਹੀਂ ਲੱਗੀ ਹੈ। ਸੀ. ਪੀ. ਨੇ ਥਾਣੇਦਾਰ ਪਲਵਿੰਦਰ ਸਿੰਘ ਨਾਲ ਹੋਈ ਲੁੱਟ ਦੀ ਵਾਰਦਾਤ ਨੂੰ ਗੰਭੀਰਤਾ ਨਾਲ ਲਿਆ ਹੋਇਆ ਹੈ, ਜਿਸ ਨੂੰ ਲੈ ਕੇ ਉਹ ਖੁਦ ਵੀ ਫੀਲਡ ਵਿਚ ਉਤਰੇ ਹੋਏ ਹਨ। ਉਨ੍ਹਾਂ ਇਸ ਦੌਰਾਨ ਕੇਸ ਨੂੰ ਲੈ ਕੇ ਕੰਮ ਕਰ ਰਹੇ ਮੁਲਾਜ਼ਮਾਂ 'ਤੇ ਵੀ ਪੂਰੀ ਨਜ਼ਰ ਰੱਖੀ ਹੋਈ ਹੈ। ਪਲ-ਪਲ ਦੀ ਜਾਣਕਾਰੀ ਵੀ ਉਹ ਲੈ ਰਹੇ ਹਨ।
ਅਣਪਛਾਤੇ ਨੇ ਟਰੇਨ ਅੱਗੇ ਮਾਰੀ ਛਾਲ, ਮੌਤ
NEXT STORY