ਫਗਵਾੜਾ(ਹਰਜੋਤ)— ਭਾਵੇਂ ਫਗਵਾੜਾ ਸ਼ਹਿਰ ਦਾ ਥਾਣਾ ਸਿਟੀ ਮੁੱਖ ਥਾਣਿਆਂ 'ਚੋਂ ਇਕ ਹੈ ਪਰ ਇਸ ਥਾਣੇ 'ਚ ਡਿਊਟੀ ਕਰਕੇ ਪੁਲਸ ਮੁਲਾਜ਼ਮਾਂ ਨੂੰ ਰੋਜ਼ਾਨਾ ਆਪਣਾ ਢਿੱਡ ਭਰਨ ਲਈ ਕੋਈ ਨਾ ਕੋਈ ਜੁਗਾੜ ਲਗਾ ਕੇ ਹੀ ਰੋਟੀ ਦਾ ਪ੍ਰਬੰਧ ਕਰਨਾ ਪੈਂਦਾ ਹੈ। ਇਥੋਂ ਦੇ ਬੰਗਾ ਰੋਡ 'ਤੇ ਸਥਿਤ ਥਾਣਾ ਸਿਟੀ 'ਚ ਪਿਛਲੇ 8 ਸਾਲਾਂ ਤੋਂ ਕੋਈ ਲਾਂਗਰੀ ਦਾ ਪ੍ਰਬੰਧ ਹੀ ਨਹੀਂ ਹੈ, ਜਿਸ ਨਾਲ ਥਾਣੇ ਦੀ ਮੈੱਸ ਬੰਦ ਪਈ ਹੈ ਅਤੇ ਦੂਰ-ਦੁਰੇਡੇ ਤੋਂ ਡਿਊਟੀ ਕਰਦੇ ਮੁਲਾਜ਼ਮਾਂ ਲਈ ਰੋਜ਼ਾਨਾ ਰੋਟੀ ਖਾਣਾ ਹੀ ਕਾਫੀ ਵੱਡੀ ਸਿਰਦਰਦੀ ਬਣਿਆ ਰਹਿੰਦਾ ਹੈ। ਕਈ ਪੁਲਸ ਮੁਲਾਜ਼ਮ ਰੋਜ਼ਾਨਾ ਰੋਟੀ ਖਾਣ ਲਈ 20 ਤੋਂ 30 ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਵਾਪਸ ਆਪਣੇ ਘਰਾਂ ਨੂੰ ਚੱਲੇ ਜਾਂਦੇ ਹਨ ਪਰ ਪੁਲਸ ਵੱਲੋਂ ਵੱਖ-ਵੱਖ ਦੋਸ਼ਾਂ 'ਚ ਕਾਬੂ ਕਰ ਕੇ ਲਿਆਂਦੇ ਮੁਲਜ਼ਮਾਂ ਨੂੰ ਰੋਟੀ ਖਿਲਾਉਣਾ ਵੀ ਇਕ ਕਾਫੀ ਵੱਡੀ ਚੁਣੌਤੀ ਰਹਿੰਦੀ ਹੈ, ਕਿਉਂਕਿ ਇਹ ਰੋਟੀ ਕਿਸੇ ਨਾ ਕਿਸੇ ਢਾਬੇ ਜਾਂ ਹੋਰ ਸਾਧਨ ਲਗਾ ਕੇ ਹੀ ਮੰਗਵਾਉਣੀ ਪੈਂਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਇਸ ਥਾਣੇ 'ਚ ਕੋਈ ਲਾਂਗਰੀ ਸਰਕਾਰ ਵੱਲੋਂ ਨਹੀਂ ਰੱਖਿਆ ਗਿਆ, ਜਿਸ ਨਾਲ ਇਹ ਮੈੱਸ ਬੰਦ ਹੋਈ ਨੂੰ ਕਰੀਬ 8 ਸਾਲ ਹੋ ਚੱਲੇ ਹਨ ਪਰ ਸਰਕਾਰ ਵੱਲੋਂ ਮੁੜ ਕੋਈ ਲਾਂਗਰੀ ਦੀ ਭਰਤੀ ਹੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਬੀਤੇ ਦਿਨੀਂ ਇਸ ਸਬੰਧੀ ਵਫਦ ਪੁਲਸ ਮੁਖੀ ਸ਼੍ਰੀ ਸੁਰੇਸ਼ ਅਰੋੜਾ ਵੀ ਨੂੰ ਮਿਲ ਚੁੱਕਾ ਹੈ ਪਰ ਉਨ੍ਹਾਂ ਨੇ ਸਰਕਾਰ ਕੋਲ ਫੰਡਾਂ ਦੀ ਘਾਟ ਹੋਣ ਬਾਰੇ ਕਹਿ ਕੇ ਸਾਰ ਦਿੱਤਾ, ਜਿਸ ਨਾਲ ਪੁਲਸ ਮੁਲਾਜ਼ਮਾਂ 'ਚ ਨਿਰਾਸ਼ਾ ਦਾ ਆਲਮ ਹੈ। ਉਧਰ ਪੁਲਸ ਅਧਿਕਾਰੀ ਕੋਈ ਨਾ ਕੋਈ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ ਪਰ ਇਸ ਵੱਡੀ ਸਮੱਸਿਆ ਦਾ ਹੱਲ ਕਰਨ ਲਈ ਕੋਈ ਵੀ ਅਧਿਕਾਰੀ ਤਿਆਰ ਨਹੀਂ। ਮੁਲਾਜ਼ਮਾਂ ਦੀ ਸਰਕਾਰ ਕੋਲੋਂ ਮੰਗ ਹੈ ਕਿ ਇਸ ਥਾਣੇ 'ਚ ਬੰਦ ਪਈ ਮੈੱਸ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਤਾਂ ਜੋ ਮੁਲਾਜ਼ਮਾਂ ਦੀ ਰੋਟੀ ਦਾ ਮਸਲਾ ਹੱਲ ਹੋ ਸਕੇ। ਇਥੋਂ ਦੇ ਸਿਟੀ ਥਾਣੇ 'ਚ ਕੁੱਲ 109 ਮੁਲਾਜ਼ਮਾਂ ਦੀ ਨਫ਼ਰੀ ਮਨਜ਼ੂਰ ਹੈ ਪਰ ਇਸ 'ਚ 90 ਕਾਂਸਟੇਬਲਾਂ ਦੀ ਜਗ੍ਹਾ ਸਿਰਫ 10 ਕਾਂਸਟੇਬਲ ਤਾਇਨਾਤ ਹਨ। ਸਬ ਇੰਸਪੈਕਟਰ ਦੀ ਜਗ੍ਹਾ ਵੀ ਕੋਈ ਅਧਿਕਾਰੀ ਤਾਇਨਾਤ ਨਹੀਂ ਕੀਤਾ ਗਿਆ। 12 ਹੈੱਡ ਕਾਂਸਟੇਬਲਾਂ ਦੀ ਥਾਂ 10 ਕਾਂਸਟੇਬਲ ਤਾਇਨਾਤ ਹਨ। ਥਾਣੇ ਦੇ ਬਾਹਰ ਮੁੱਖ ਗੇਟ 'ਤੇ ਲੱਗੇ ਬੋਰਡ ਦੀ ਹਾਲਤ ਵੀ ਬਹੁਤ ਮੰਦੀ ਹੈ, ਜਿਸ ਤੋਂ ਇਹ ਵੀ ਪਤਾ ਨਹੀਂ ਲੱਗਦਾ ਕਿ ਇਹ ਥਾਣਾ ਸਿਟੀ ਹੈ।
128 ਇਲਾਕਿਆਂ ਦੀ ਰਾਖੀ ਕਰਨੀ ਹੈ ਮੁਸ਼ਕਿਲ:
ਥਾਣਾ ਸਿਟੀ 'ਚ ਪੁਲਸ ਮੁਲਾਜ਼ਮਾਂ ਦੀ ਘਾਟ ਕਾਰਨ ਕੁੱਲ 128 ਇਲਾਕੇ ਅਤੇ ਮੁਹੱਲੇ ਇਸ ਦੇ ਅਧੀਨ ਹਨ ਪਰ ਸਿਰਫ 39 ਮੁਲਾਜ਼ਮਾਂ ਨਾਲ ਇੰਨੇ ਵੱਡੇ ਇਲਾਕੇ ਦੀ ਰਾਖੀ ਕਰਨਾ ਵੀ ਅਸੰਭਵ ਹੈ, ਜਿਸ ਕਾਰਨ ਰੋਜ਼ਾਨਾ ਕਾਫੀ ਘਟਨਾਵਾਂ ਵਾਪਰਦੀਆਂ ਹਨ।
ਆਲਟੋ ਕਾਰ ਦਰੱਖਤ ਨਾਲ ਟਕਰਾਈ, 5 ਜ਼ਖਮੀ
NEXT STORY