ਹੁਸ਼ਿਆਰਪੁਰ, (ਜ.ਬ.)- ਜਲੰਧਰ 'ਚ ਜਗਦੀਸ਼ ਗਗਨੇਜਾ ਅਤੇ ਲੁਧਿਆਣਾ 'ਚ ਰਵਿੰਦਰ ਗੋਸਾਈਂ ਦੇ ਕਤਲਾਂ ਤੋਂ ਬਾਅਦ ਵੀ ਪੰਜਾਬ ਪੁਲਸ ਨੇ ਕੋਈ ਸਬਕ ਨਹੀਂ ਸਿੱਖਿਆ। ਜੇਕਰ ਪੁਲਸ ਸਮਾਂ ਰਹਿੰਦੇ ਜਾਗ ਜਾਂਦੀ ਤਾਂ ਸੋਮਵਾਰ ਨੂੰ ਕਤਲ ਕੀਤੇ ਗਏ ਅੰਮ੍ਰਿਤਸਰ ਦੇ ਹਿੰਦੂ ਆਗੂ ਵਿਪਨ ਸ਼ਰਮਾ ਦੀ ਜਾਨ ਬਚਾਈ ਜਾ ਸਕਦੀ ਸੀ। ਇਕ ਦੇ ਬਾਅਦ ਇਕ ਹਿੰਦੂ ਆਗੂ ਦੇ ਕਤਲ ਤੋਂ ਅਜਿਹਾ ਜਾਪਣ ਲੱਗਾ ਹੈ ਕਿ ਕਾਤਲਾਂ ਦੀ ਹਿੱਟ ਲਿਸਟ 'ਚ ਅੱਗੇ ਕੋਈ ਹੋਰ ਵੀ ਸਾਫ਼ਟ ਟਾਰਗੇਟ ਹੋ ਸਕਦੇ ਹਨ। ਹਾਲਾਂਕਿ ਇਸ ਬਾਰੇ ਦੇਸ਼ ਦੀ ਸੁਰੱਖਿਆ 'ਚ ਜੁਟੀਆਂ ਖੁਫੀਆ ਏਜੰਸੀਆਂ ਨੂੰ ਕੋਈ ਭਿਣਕ ਨਹੀਂ ਲੱਗੀ, ਜਿਸ 'ਤੇ ਸਵਾਲੀਆ ਨਿਸ਼ਾਨ ਲੱਗਣਾ ਸੁਭਾਵਿਕ ਹੀ ਹੈ। ਪੰਜਾਬ ਦੇ ਹਿੰਦੂ ਆਗੂਆਂ 'ਤੇ ਲਗਾਤਾਰ ਹੋ ਰਹੇ ਜਾਨ-ਲੇਵਾ ਹਮਲਿਆਂ ਤੋਂ ਬਾਅਦ ਵੀ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਵਰਕਰਾਂ 'ਚ ਡਰ ਦਾ ਕੋਈ ਮਾਹੌਲ ਹੁਸ਼ਿਆਰਪੁਰ ਵਿਚ ਨਹੀਂ ਦਿਸ ਰਿਹਾ। ਪੁਲਸ ਇਸ ਸਮੇਂ ਜ਼ਿਲੇ ਵਿਚ ਹਿੰਦੂ ਆਗੂਆਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਯੋਜਨਾ ਤਿਆਰ ਕਰ ਰਹੀ ਹੈ।
ਨਿਯਮਿਤ ਤੌਰ 'ਤੇ ਲੱਗ ਰਹੀਆਂ ਹਨ ਸ਼ਾਖਾਵਾਂ : ਜ਼ਿਕਰਯੋਗ ਹੈ ਕਿ ਰਾਸ਼ਟਰੀ ਸਵੈਮ-ਸੇਵਕ ਸੰਘ ਵੱਲੋਂ ਇਸ ਸਮੇਂ ਹੁਸ਼ਿਆਰਪੁਰ 'ਚ 35 ਤੇ ਮੁਕੇਰੀਆਂ 'ਚ 46 ਸ਼ਾਖਾਵਾਂ ਨਿਸ਼ਚਿਤ ਰੂਪ 'ਚ ਲੱਗ ਰਹੀਆਂ ਹਨ। ਸਵੇਰੇ ਤੇ ਸ਼ਾਮ ਸਮੇਂ ਲੱਗਣ ਵਾਲੀਆਂ ਸੰਘ ਦੀਆਂ ਸ਼ਾਖਾਵਾਂ 'ਚ ਸ਼ਾਮਲ ਹੋ ਰਹੇ ਨੌਜਵਾਨਾਂ ਤੇ ਬਜ਼ੁਰਗਾਂ ਦੇ ਉਤਸ਼ਾਹ 'ਚ ਕੋਈ ਫਰਕ ਨਹੀਂ ਦਿਸ ਰਿਹਾ।
ਕੋਈ ਹਿੰਦੂਆਂ ਨੂੰ ਕਮਜ਼ੋਰ ਨਾ ਸਮਝੇ : ਆਨੰਦ
ਸੰਪਰਕ ਕਰਨ 'ਤੇ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਦੇ ਪ੍ਰਦੇਸ਼ ਪ੍ਰਧਾਨ ਕ੍ਰਿਪਾਲ ਗੋਪਾਲ ਆਨੰਦ ਨੇ ਕਿਹਾ ਕਿ ਹਿੰਦੂਆਂ 'ਤੇ ਹਮਲੇ ਕਰਨ ਵਾਲਿਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਪੰਜਾਬ ਦੇ ਹਾਲਾਤ ਨੂੰ ਫਿਰ ਤੋਂ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰ ਹਿੰਦੂਆਂ ਨੂੰ ਕਮਜ਼ੋਰ ਨਾ ਸਮਝਣ।
ਪੰਜਾਬ ਦੇ ਹਾਲਾਤ ਵਿਗਾੜਨ ਨਹੀਂ ਦੇਵਾਂਗੇ : ਖੋਸਲਾ
ਸੰਪਰਕ ਕਰਨ 'ਤੇ ਸ਼ਿਵਰਾਤਰੀ ਉਤਸਵ ਕਮੇਟੀ ਦੇ ਪ੍ਰਧਾਨ ਹਰੀਸ਼ ਖੋਸਲਾ ਨੇ ਕਿਹਾ ਕਿ ਹਿੰਦੂਆਂ 'ਤੇ ਹਮਲਿਆਂ ਨੂੰ ਰੋਕਣ 'ਚ ਸਰਕਾਰ ਤੇ ਪੁਲਸ ਨਾਕਾਮ ਰਹੇ ਹਨ ਪਰ ਅਸੀਂ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਪੰਜਾਬ ਦੇ ਹਾਲਾਤ ਵਿਗਾੜਨ ਨਹੀਂ ਦੇਵਾਂਗੇ।
ਸਰਕਾਰੀ ਤੰਤਰ ਪੂਰੀ ਤਰ੍ਹਾਂ ਫ਼ੇਲ : ਤੀਕਸ਼ਣ
ਸੰਪਰਕ ਕਰਨ 'ਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਪੰਜਾਬ 'ਚ ਜਿਸ ਤਰ੍ਹਾਂ ਹਿੰਦੂਆਂ 'ਤੇ ਲਗਾਤਾਰ ਜਾਨ-ਲੇਵਾ ਹਮਲੇ ਹੋ ਰਹੇ ਹਨ ਅਤੇ ਇਨ੍ਹਾਂ ਨਾਲ ਸਿੱਝਣ ਵਿਚ ਜਿਸ ਤਰ੍ਹਾਂ ਪੰਜਾਬ ਸਰਕਾਰ ਫੇਲ ਰਹੀ ਹੈ, ਇਸ ਤੋਂ ਸਾਫ ਲੱਗਦਾ ਹੈ ਕਿ ਰਾਜ 'ਚ ਇਸ ਸਮੇਂ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਪੰਜਾਬ ਦੇ ਹਾਲਾਤ ਵਿਗਾੜਨ ਲਈ ਇਸ ਸਮੇਂ ਜੋ ਕੁਝ ਹੋ ਰਿਹਾ ਹੈ, ਉਹ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਹੈ।
ਵਰਲਡ ਬੈਂਕ ਵੱਲੋਂ ਇਜ਼ ਆਫ ਡੂਇੰਗ ਬਿਜ਼ਨੈੱਸ 'ਚ ਲੁਧਿਆਣਾ ਨੂੰ ਦੇਸ਼ 'ਚ ਨੰ. 1 ਰੈਂਕਿੰਗ
NEXT STORY