ਲੁਧਿਆਣਾ, (ਪੰਕਜ)- ਪੜ੍ਹਾਈ ਦੇ ਨਾਲ ਟਿਊਸ਼ਨ ਪੜ੍ਹਾ ਕੇ ਆਪਣਾ ਅਤੇ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਪੇਟ ਭਰ ਰਹੇ ਫੁੱਲਾਂਵਾਲ ਨਿਵਾਸੀ ਨੂੰ ਨਸ਼ਾ ਸਮੱਗਲਰ ਦੱਸ ਕੇ ਹਜ਼ਾਰਾਂ ਦੀ ਨਕਦੀ ਵਾਲਾ ਪਰਸ ਅਤੇ ਮੋਬਾਇਲ ਖੋਹਣ ਵਾਲੇ ਪੁਲਸ ਮੁਲਾਜ਼ਮ ਖਿਲਾਫ ਕਾਰਵਾਈ ਕਰਨ ਦੀ ਬਜਾਏ ਇਲਾਕਾ ਪੁਲਸ ਮਾਮਲਾ ਲਟਕਾਉਣ 'ਚ ਦਿਲਚਸਪੀ ਦਿਖਾਉਂਦੀ ਨਜ਼ਰ ਆ ਰਹੀ ਹੈ। ਜਿੱਥੇ ਦੋਸ਼ੀ ਦੀ ਡਿਊਟੀ ਹੈ, ਉਥੋਂ ਦੇ ਇੰਚਾਰਜ ਦਾ ਕਹਿਣਾ ਹੈ ਕਿ ਡੇਢ ਮਹੀਨੇ ਤੋਂ ਗੈਰ-ਹਾਜ਼ਰ ਇਸ ਮੁਲਾਜ਼ਮ ਦੇ ਖਿਲਾਫ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਹਨ।
ਫੁੱਲਾਂਵਾਲ 'ਚ ਰਹਿਣ ਵਾਲੇ ਰਾਮ ਕੇਵਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਬਜ਼ੁਰਗ ਮਾਤਾ-ਪਿਤਾ ਬੀਮਾਰ ਰਹਿੰਦੇ ਹਨ। ਉਨ੍ਹਾਂ ਦੀ ਸੇਵਾ ਕਰਨ ਦੇ ਇਲਾਵਾ ਉਹ ਆਪਣੀ ਪੜ੍ਹਾਈ ਅਤੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦਾ ਹੈ। 14 ਨਵੰਬਰ ਨੂੰ ਦੁਪਹਿਰ ਡੇਢ ਵਜੇ ਉਹ ਘਰ ਵੱਲ ਜਾ ਰਿਹਾ ਸੀ ਤਾਂ ਖੁਦ ਨੂੰ ਪੁਲਸ ਕਰਮਚਾਰੀ ਦੱਸਣ ਵਾਲੇ ਇਕ ਵਿਅਕਤੀ ਨੇ ਉਸ ਨੂੰ ਰੋਕ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਤੂੰ ਚਿੱਟਾ ਵੇਚਦਾ ਹੈ ਪਰ ਉਸ ਦੇ ਇਨਕਾਰ ਕਰਨ 'ਤੇ ਦੋਸ਼ੀ ਨੇ ਉਸ ਤੋਂ ਪਰਸ ਅਤੇ ਮੋਬਾਇਲ ਖੋਹ ਲਿਆ। ਪਰਸ ਵਿਚ 12 ਹਜ਼ਾਰ ਦੀ ਨਕਦੀ, ਆਧਾਰ ਕਾਰਡ, ਡੀ. ਐੱਲ., ਵੋਟਰ ਕਾਰਡ ਅਤੇ ਹੋਰ ਦਸਤਾਵੇਜ਼ ਸਨ।
ਜਦ ਉਸ ਨੇ ਦੋਸ਼ੀ ਦਾ ਪਿੱਛਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਮਾਡਲ ਟਾਊਨ ਥਾਣੇ 'ਚ ਤਾਇਨਾਤ ਹੈ, ਜਿਸ 'ਤੇ ਉਸ ਨੇ ਦੁੱਗਰੀ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਪਰ ਘਟਨਾ ਦੇ 5 ਦਿਨ ਬਾਅਦ ਵੀ ਇਨਸਾਫ ਨਹੀਂ ਮਿਲਿਆ। ਉਧਰ ਮਾਡਲ ਟਾਊਨ ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਪੁਲਸ ਕਰਮਚਾਰੀ ਡੇਢ ਮਹੀਨੇ ਤੋਂ ਗੈਰ-ਹਾਜ਼ਰ ਹੈ ਅਤੇ ਉਸ ਦੇ ਖਿਲਾਫ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਹਨ।
ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਕੁੱਟ ਕਰਨ ਦੇ ਦੋਸ਼ 'ਚ 10 ਨਾਮਜ਼ਦ
NEXT STORY